ਕਿਹਾ : ਭਾਰਤੀ ਨਿਆਂ ਪ੍ਰਣਾਲੀ ਵੀ ਮੰਨਦੀ ਹੈ ਕਿ ਸਵੈ ਅਜ਼ਾਦੀ ਦੀ ਮੰਗ ਕਰਨਾ ਗੈਰ ਸੰਵਿਧਾਨਕ ਨਹੀਂ
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਨੇ ਜਿਸ ਪਾਰਟੀ ਨੂੰ ਧਰਮ ਨਿਰਪੱਖ ਰੱਖ ਕੇ ਆਪਣਾ ਮੁਹਾਂਦਰਾ ਬਦਲਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਉਹ ਬਾਦਲ ਅਕਾਲੀ ਦਲ ਮੁੜ ਪੰਥਕ ਰਾਹ ‘ਤੇ ਪਰਤਣਾ ਲੋਚਦਾ ਹੈ। ਜਿਸਦੀ ਪ੍ਰਤੱਖ ਉਦਾਹਰਣ ਉਸ ਵੇਲੇ ਮਿਲੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਖ਼ਾਲਿਸਤਾਨ ਦੀ ਮੰਗ ਨੂੰ ਜਾਇਜ਼ ਕਰਾਰ ਦਿੱਤਾ। ਅੰਮ੍ਰਿਤਸਰ ਵਿਖੇ ਮੀਡੀਆ ਦੇ ਰੂਬਰੂ ਹੁੰਦਿਆਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਦੇਸ਼ ਦਾ ਕਾਨੂੰਨ ਵੀ ਮੰਨਦਾ ਹੈ ਕਿ ਖ਼ਾਲਿਸਤਾਨ ਦੀ ਮੰਗ ਗ਼ੈਰ ਕਾਨੂੰਨੀ ਨਹੀਂ ਹੈ। ਉਨ੍ਹਾਂ ਨਾਲ ਹੀ ਹੋਰ ਮੁਲਕਾਂ ਦੀਆਂ ਉਦਾਹਾਰਣਾਂ ਦਿੰਦੇ ਹੋਏ ਕਿਹਾ ਕਿ ਕੋਰੀਆ, ਇੰਗਲੈਂਡ, ਫਰਾਂਸ ਤੇ ਸਪੇਨ ਵਿਚ ਵੀ ਲੋਕ ਅਜ਼ਾਦੀ ਦੀ ਮੰਗ ਕਰ ਰਹੇ ਹਨ। ਇੰਝ ਇਨ੍ਹਾਂ ਮੁਲਕਾਂ ਦਾ ਹਵਾਲਾ ਦੇ ਕੇ ਪ੍ਰੋ: ਬਡੂੰਗਰ ਨੇ ਖ਼ਾਲਿਸਤਾਨ ਦੀ ਮੰਗ ਨੂੰ ਕੌਮ ਦੀ ਅਜ਼ਾਦੀ ਨਾਲ ਜੋੜ ਕੇ ਜਾਇਜ਼ ਠਹਿਰਾ ਦਿੱਤਾ। ਪੰਥਕ ਅਤੇ ਰਾਜਨੀਤਿਕ ਮਾਮਲਿਆਂ ਦੇ ਮਾਹਿਰਾ ਦਾ ਮੰਨਣਾ ਹੈ ਕਿ ਇਹ ਮਾਤਰ ਪ੍ਰੋ: ਬਡੂੰਗਰ ਦੇ ਮੂੰਹ ‘ਚੋਂ ਨਿੱਕਲੇ ਸ਼ਬਦ ਨਹੀਂ ਇਹ ਤਾਂ ਵਾਇਆ ਸ਼੍ਰੋਮਣੀ ਕਮੇਟੀ ਅਕਾਲੀ ਦਲ ਬਾਦਲ ਦੀ ਰਣਨੀਤੀ ਹੈ। ਜੋ ਮੁੜ ਤੋਂ ਆਪਣੇ ਖੋਏ ਅਧਾਰ ਨੂੰ ਹਾਸਲ ਕਰਨ ਲਈ ਸਿੱਖ ਵੋਟਰਾਂ ਵੱਲ ਪਰਤਣਾ ਚਾਹੁੰਦੀ ਹੈ।
ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸੱਜਣ ਦੇ ਹੱਕ ‘ਚ ਵੀ ਮਾਰਿਆ ਹਾਅ ਦਾ ਨਾਅਰਾ
ਪ੍ਰੋ. ਬਡੂੰਗਰ ਨੇ ਵਿਦੇਸ਼ਾਂ ਵਿਚ ਸਿੱਖੀ ਦੀ ਪਹਿਚਾਣ ਦੇ ਮੁੱਦੇ ‘ਤੇ ਸਵਾਲ ਦਾ ਜਵਾਬ ਦਿੰਦਿਆਂ ਆਖਿਆ ਕਿ ਜਿਨ੍ਹਾਂ ਦੇਸ਼ਾਂ ਵਿਚ ਦਸਤਾਰਧਾਰੀ ਸਿੱਖ ਰੱਖਿਆ ਮੰਤਰੀ ਬਣੇ ਹੋਣ, ਫਿਰ ਉਥੇ ਸਿੱਖੀ ਦੀ ਪਹਿਚਾਣ ਦਾ ਮੁੱਦਾ ਕਿੱਥੋਂ ਆ ਗਿਆ। ਉਨ੍ਹਾਂ ਆਖਿਆ ਕਿ ਵਿਦੇਸ਼ਾਂ ਵਿਚ ਸਿੱਖ ਭਾਈਚਾਰੇ ਖਿਲਾਫ਼ ਸ਼ਰਾਰਤੀ ਲੋਕ ਤੇ ਏਜੰਸੀਆਂ ਭਰਮ ਪੈਦਾ ਕਰ ਰਹੀਆਂ ਹਨ। ਬਡੂੰਗਰ ਦੇ ਜਵਾਬ ਤੋਂ ਇਹ ਸਾਫ਼ ਨਹੀਂ ਹੋ ਸਕਿਆ ਕਿ ਏਜੰਸੀਆਂ ਦੇ ਰਾਹੀਂ ਉਨ੍ਹਾਂ ਨਿਸ਼ਾਨਾ ਆਰ ਐਸ ਐਸ ‘ਤੇ ਵਿੰਨਿਆ ਜਾਂ ਕਾਂਗਰਸ ‘ਤੇ।