ਸਰਕਾਰ ਨੇ ਘਟਨਾ ਮੰਨੀ, ਪਰ ਨਾਂ ਉਜਾਗਰ ਕਰਨ ਤੋਂ ਕੰਨੀ ਕਤਰਾਈ, ਭਾਰਤੀ ਅੰਗਰੇਜ਼ੀ ਮੀਡੀਆ ਦਾ ਦਾਅਵਾ ‘ਮੀ ਟੂ ‘ਚ ਫਸੇ ਪੰਜਾਬ ਦੇ ਕੈਬਨਿਟ ਮੰਤਰੀ ਦਾ ਨਾਂ ਚਰਨਜੀਤ ਚੰਨੀ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਇਕ ਕੈਬਨਿਟ ਮੰਤਰੀ ਵੀ ‘ਮੀ ਟੂ’ ਮੁਹਿੰਮ ਵਿਚ ਫਸ ਗਏ ਹਨ। ਉਹ ਸੀਨੀਅਰ ਆਈਏਐਸ ਮਹਿਲਾ ਅਧਿਕਾਰੀ ਨੂੰ ਗਲਤ ਮੈਸੇਜ ਭੇਜਣ ਦੇ ਮਾਮਲੇ ਵਿਚ ਘਿਰੇ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੈਪਟਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ ਤੇ ਸੂਬੇ ਦੀ ਅਫਸਰਸ਼ਾਹੀ ਤੇ ਸਿਆਸਤ ਵਿਚ ਤਰਥੱਲੀ ਮਚ ਗਈ ਹੈ। ਇਕ ਸੀਨੀਅਰ ਆਈਏਐਸ ਅਧਿਕਾਰੀ ਦੀ ਪਤਨੀ ਤੇ ਖੁਦ ਸੀਨੀਅਰ ਆਈਏਐਸ ਅਫਸਰ ਨੇ ਕਾਫੀ ਸਮਾਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਇਕ ਮੰਤਰੀ ਨੇ ਉਨ੍ਹਾਂ ਨੂੰ ਗਲਤ ਮੈਸੇਜ਼ ਭੇਜੇ ਹਨ। ਮੁੱਖ ਮੰਤਰੀ ਨੇ ਮੰਤਰੀ ਦੀ ਝਾੜਝੰਬ ਕਰਦੇ ਹੋਏ ਮਹਿਲਾ ਅਫਸਰ ਤੋਂ ਮਾਫੀ ਮੰਗਣ ਲਈ ਕਿਹਾ ਸੀ। ਕੁਝ ਸਮੇਂ ਤੱਕ ਮਾਮਲਾ ਠੰਡਾ ਹੋ ਗਿਆ ਸੀ ਪਰ ਮੰਤਰੀ ਨੇ ਫਿਰ ਮੈਸੇਜ ਭੇਜ ਦਿੱਤੇ।
ਸੂਤਰਾਂ ਮੁਤਾਬਕ ਮੰਤਰੀ ਨੇ ਮਹਿਲਾ ਅਧਿਕਾਰੀ ਨੂੰ ਕਾਫੀ ਸਮਾਂ ਪਹਿਲਾਂ ਵੀ ਮੈਸੇਜ ਭੇਜੇ ਸਨ, ਉਦੋਂ ਉਸ ਨੇ ਮੰਤਰੀ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ ਪਰ ਮੰਤਰੀ ਨੇ ਮੈਸੇਜ਼ ਭੇਜਣੇ ਬੰਦ ਨਾ ਕੀਤੇ। ਇਸ ਮਗਰੋਂ ਉਸ ਨੇ ਮੁੱਖ ਮੰਤਰੀ ਨੂੰ ਇਸਦੀ ਸ਼ਿਕਾਇਤ ਕੀਤੀ ਸੀ। ਮਹਿਲਾ ਆਈਏਐਸ ਅਫਸਰ ਇਸ ਸਬੰਧੀ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੀ ਸੀ ਪਰ ਕੁਝ ਅਫਸਰਾਂ ਦੀ ਦਖਲਅੰਦਾਜ਼ੀ ਤੋਂ ਬਾਅਦ ਰੁਕ ਗਈ ਸੀ। ਮਹਿਲਾ ਆਈਏਐਸ ਅਧਿਕਾਰੀ ਕੁਝ ਬੋਲਣ ਲਈ ਤਿਆਰ ਨਹੀਂ ਹੈ।
ਵਿਰੋਧੀ ਪਾਰਟੀਆਂ ਵਲੋਂ ਮੰਤਰੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਤੁਰੰਤ ਅਸਤੀਫੇ ਦੀ ਮੰਗ ਵੀ ਸ਼ੁਰੂ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਇਸ ਮਾਮਲੇ ਵਿਚ ਚਰਨਜੀਤ ਚੰਨੀ ਨੂੰ ਤੁਰੰਤ ਕੈਬਨਿਟ ਵਿਚੋਂ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਹੈ। ਪਰ ਕਾਂਗਰਸ ਵੱਲੋਂ ਇਸ ਗੱਲ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਕਿ ਉਹ ਮੰਤਰੀ ਕੌਣ ਹੈ ਅਤੇ ਇਸ ਸਾਰੀ ਘਟਨਾ ਪਿੱਛੇ ਸੱਚਾਈ ਕੀ ਹੈ।
ਮੰਤਰੀ ਆਪਣੇ ਮਹਿਕਮੇ ‘ਚ ਲਿਆਉਣਾ ਚਾਹੁੰਦਾ ਸੀ : ਇਹ ਮਹਿਲਾ ਅਫਸਰ ਇਸ ਮੰਤਰੀ ਦੇ ਮਹਿਕਮੇ ਵਿਚ ਨਹੀਂ ਬਲਕਿ ਕਿਸੇ ਹੋਰ ਮਹਿਕਮੇ ਵਿਚ ਤਾਇਨਾਤ ਹੈ। ਮੰਤਰੀ ਇਸ ਅਫਸਰ ਨੂੰ ਆਪਣੇ ਮਹਿਕਮੇ ਵਿਚ ਲਿਆਉਣਾ ਚਾਹੁੰਦੇ ਸੀ, ਪ੍ਰੰਤੂ ਉਸ ਨੇ ਮੰਤਰੀ ਨਾਲ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ।
ਮਾਮਲਾ ਰਾਹੁਲ ਤੱਕ ਪੁੱਜਾ, ਮੰਗੀ ਰਿਪੋਰਟ
ਸੂਤਰਾਂ ਮੁਤਾਬਕ ਇਹ ਮਾਮਲਾ ਕੈਪਟਨ ਤੋਂ ਬਾਅਦ ਹੁਣ ਰਾਹੁਲ ਗਾਂਧੀ ਕੋਲ ਵਿਚ ਪਹੁੰਚ ਗਿਆ ਹੈ। ਰਾਹੁਲ ਗਾਂਧੀ ਨੇ ਮੁੱਖ ਮੰਤਰੀ ਤੋਂ ਇਸ ਸਬੰਧੀ ਰਿਪੋਰਟ ਮੰਗੀ ਹੈ। ਕੈਪਟਨ ਫਿਲਹਾਲ ਇਜ਼ਰਾਈਲ ਦੀ ਯਾਤਰਾ ‘ਤੇ ਹਨ। ਉਨ੍ਹਾਂ ਪਹਿਲੀ ਨਵੰਬਰ ਨੂੰ ਵਾਪਸ ਆਉਣਾ ਹੈ। ਪਰ ਮੁੱਖ ਮੰਤਰੀ ਦਫਤਰ ਇਸ ਨਵੇਂ ਸੰਕਟ ਤੋਂ ਬਚਣ ਲਈ ਸਰਗਰਮ ਹੋ ਗਿਆ ਹੈ।
ਮਾਮਲਾ ਗੰਭੀਰਤਾ ਨਾਲ ਲਿਆ ਗਿਆ ਹੈ : ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੰਤਰੀ ਵਲੋਂ ਮਹਿਲਾ ਸਰਕਾਰੀ ਅਫਸਰ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਸਬੰਧੀ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਹੈ। ਇਹ ਮਾਮਲਾ ਕੁਝ ਹਫਤੇ ਪਹਿਲਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ। ਉਨ੍ਹਾਂ ਮੰਤਰੀ ਨੂੰ ਮਾਫੀ ਮੰਗਣ ਤੇ ਮਹਿਲਾ ਅਫਸਰ ਨਾਲ ਮਿਲ ਕੇ ਮਾਮਲਾ ਨਿਪਟਾਉਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਅਫਸਰ ਦੀ ਸੰਤੁਸ਼ਟੀ ਮੁਤਾਬਕ ਮੰਤਰੀ ਨੇ ਅਜਿਹਾ ਹੀ ਕੀਤਾ ਜਿਸ ਕਰਕੇ ਮਾਮਲਾ ਸੁਲਝ ਗਿਆ ਸੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …