ਪਹਿਲਵਾਨ ਭੋਲੇ ਦੇ ਨਾਲ ਦਵਾਈਆਂ ਦਾ ਕਾਰੋਬਾਰੀ ਚਾਹਲ, ਅਕਾਲੀ ਆਗੂ ਬਿੱਟੂ ਔਲਖ ਸਣੇ 5 ਬਰੀ
ਹੈਰੋਇਨ ਤਸਕਰੀ ਦੇ 2013 ਦੇ ਇਸ ਮਾਮਲੇ ਵਿਚ ਦੋ ਮੁਲਜ਼ਮ ਦੋਸ਼ੀ ਕਰਾਰ, 12-12 ਸਾਲ ਦੀ ਕੈਦ
ਨਸ਼ਿਆਂ ਦੇ ਧੰਦੇ ਵਿਚ ਬਿਕਰਮ ਮਜੀਠੀਆ ਦਾ ਨਾਂ ਲੈਣ ਨਾਲ ਪੰਜਾਬ ਦੀ ਸਿਆਸਤ ‘ਚ ਮਚੀ ਸੀ ਹਲਚਲ
ਜਲੰਧਰ/ਬਿਊਰੋ ਨਿਊਜ਼
ਨਸ਼ਿਆਂ ਦੇ ਧੰਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਨਾਂ ਲੈਣ ਵਾਲੇ ਜਗਦੀਸ਼ ਭੋਲਾ ਨੂੰ ਵੀਰਵਾਰ ਨੂੰ ਅਦਾਲਤ ਵੱਲੋਂ ਹੈਰੋਇਨ ਨਾਲ ਸਬੰਧਤ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਨਸ਼ੀਲੇ ਪਦਾਰਥਾਂ ਦੇ ਧੰਦੇ ਵਿੱਚ ਨਾਮਜ਼ਦ ਕੀਤੇ ਜਗਦੀਸ਼ ਭੋਲਾ ਸਮੇਤ 5 ਵਿਅਕਤੀਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ ਜਦਕਿ ਅਦਾਲਤ ਨੇ ਇਸ ਕੇਸ ਵਿੱਚ ਦੋ ਤਸਕਰਾਂ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਥਾਣਾ ਲਾਂਬੜਾ ਦੀ ਪੁਲਿਸ ਵਲੋਂ 23 ਦਸੰਬਰ 2013 ਨੂੰ ਤਰਸੇਮ ਸਿੰਘ ਤੇ ਦਲਬੀਰ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਿਨ੍ਹਾਂ ਤੋਂ ਇੱਕ ਕਿਲੋ ਹੈਰੋਇਨ ਬਰਾਮਦ ਹੋਈ ਸੀ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਬਿਆਨਾਂ ‘ਤੇ ਡੀ.ਐੱਸ.ਪੀ ਜਗਦੀਸ਼ ਭੋਲਾ ਅਤੇ 4 ਹੋਰਨਾਂ ਖਿਲਾਫ ਕੇਸ ਦਰਜ ਕੀਤਾ ਸੀ।
ਅਦਾਲਤ ਨੇ ਜਗਦੀਸ਼ ਭੋਲਾ ਦੇ ਨਾਲ ਅਕਾਲੀ ਆਗੂ ਮਨਜਿੰਦਰ ਸਿੰਘ ਬਿੱਟੂ ਔਲਖ ਵਾਸੀ ਅੰਮ੍ਰਿਤਸਰ, ਮੈਡੀਸਨ ਕਾਰੋਬਾਰੀ ਜਗਜੀਤ ਸਿੰਘ ਚਾਹਲ ਵਾਸੀ ਬਾਬਾ ਬਕਾਲਾ, ਹੌਲਦਾਰ ਧਰਮਵੀਰ ਅਤੇ ਸੰਦੀਪ ਨੂੰ ਬਰੀ ਕੀਤਾ ਹੈ। ਧਰਮਵੀਰ ਪੁਲਿਸ ਸਟੇਸ਼ਨ ਰਾਮਬਾਗ ਵਿੱਚ ਤਾਇਨਾਤ ਸੀ ਜਦਕਿ ਸੰਦੀਪ ਯੂਨੀਵਰਸਿਟੀ ਵਿੱਚ ਜੂਡੋ ਕੋਚ ਸੀ। ਨਸ਼ੇ ਦੇ ਤਸਕਰ ਤਰਸੇਮ ਸਿੰਘ ਵਾਸੀ ਅੰਮ੍ਰਿਤਸਰ ਅਤੇ ਦਲਬੀਰ ਸਿੰਘ ਵਾਸੀ ਕਪੂਰਥਲਾ ਇਸ ਕੇਸ ਵਿੱਚ ਦੋਸ਼ੀ ਪਾਏ ਗਏ ਹਨ, ਜਿਨ੍ਹਾਂ ਨੂੰ ਅਦਾਲਤ ਨੇ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਪੁਲਿਸ ਨੇ ਸਭ ਤੋਂ ਪਹਿਲਾਂ ਧਰਮਵੀਰ ਅਤੇ ਸੰਦੀਪ ਨੂੰ ਇਸ ਕੇਸ ਫੜਿਆ ਸੀ ਜੋ ਕਿ ਹੈਰੋਇਨ ਲੈਣ ਲਈ ਤਰਸੇਮ ਸਿੰਘ ਅਤੇ ਦਲਬੀਰ ਸਿੰਘ ਦੀ ਉਡੀਕ ਕਰ ਰਹੇ ਹਨ ਤੇ ਇਨ੍ਹਾਂ ਪਾਸੋਂ 70,000 ਰੁਪਏ ਵੀ ਬਰਾਮਦ ਹੋਏ ਸਨ। ਪੁਲਿਸ ਨੇ ਅਦਾਲਤ ਵਿੱਚ ਦੱਸਿਆ ਸੀ ਕਿ ਤਰਸੇਮ ਸਿੰਘ ਤੇ ਦਲਬੀਰ ਨੇ ਦੱਸਿਆ ਕਿ ਉਹ ਜਗਦੀਸ਼ ਭੋਲਾ ਤੋਂ ਨਸ਼ੇ ਦੀ ਖਰੀਦ ਕਰਦੇ ਸਨ ਤੇ ਇਸ ਸਬੰਧ ਵਿੱਚ ਭੋਲੇ ਨੇ ਪੁਲਿਸ ਦੇ ਸਾਹਮਣੇ ਮੰਨਿਆ ਸੀ ਕਿ ਉਸ ਨੇ ਨਸ਼ਾ ਵੇਚ ਕੇ ਗੋਆ, ਗੰਗਾਨਗਰ, ਦਿੱਲੀ ਅਤੇ ਹੋਰ ਥਾਵਾਂ ‘ਤੇ ਜਾਇਦਾਦ ਬਣਾਈ ਹੈ। ਭੋਲੇ ਵੱਲੋਂ ਪੁਲਿਸ ਅੱਗੇ ਕੀਤੇ ਖੁਲਾਸੇ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਥਾਵਾਂ ‘ਤੇ ਛਾਪੇ ਵੀ ਮਾਰੇ ਸਨ ਪਰ ਪੁਲਿਸ ਦੇ ਹੱਥ ਕੁੱਝ ਵੀ ਨਹੀਂ ਲੱਗਾ, ਜਿਸ ਕਾਰਨ ਅਦਾਲਤ ਨੇ ਭੋਲਾ ਅਤੇ 4 ਹੋਰ ਵਿਅਕਤੀਆਂ ਨੂੰ ਇਸ ਕੇਸ ਵਿੱਚ ਬਰੀ ਕਰ ਦਿੱਤਾ ਹੈ। ਇਸ ਸਬੰਧ ਵਿੱਚ ਪਹਿਲਵਾਨ ਜਗਦੀਸ਼ ਭੋਲਾ ਨੇ ਕਿਹਾ ਕਿ ਰਾਜ ਸਰਕਾਰ ਨੇ ਕਿਸੇ ਸਾਜ਼ਿਸ਼ ਕਾਰਨ ਉਸ ਉੱਤੇ ਨਸ਼ਿਆਂ ਦਾ ਝੂਠਾ ਕੇਸ ਦਰਜ ਕੀਤਾ ਸੀ ਜਦਕਿ ਉਸ ਤੋਂ ਕੋਈ ਵੀ ਚੀਜ਼ ਬਰਾਮਦ ਨਹੀਂ ਹੋਈ ਸੀ। ਜ਼ਿਕਰਯੋਗ ਹੈ ਕਿ ਭੋਲਾ ਵਲੋਂ ਇਸ ਕੇਸ ਵਿੱਚ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਿਆ ਗਿਆ ਸੀ।
Check Also
ਕੈਨੇਡਾ ‘ਚ ਸੰਸਦੀ ਚੋਣਾਂ 28 ਅਪ੍ਰੈਲ ਨੂੰ
45ਵੀਂ ਲੋਕ ਸਭਾ ਲਈ 343 ਮੈਂਬਰਾਂ ਦੀ ਹੋਵੇਗੀ ਚੋਣ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ …