ਫਾਈਨਲ ਮੈਚ ਵਿਚ ਚੀਨ ਨੂੰ 1-0 ਨਾਲ ਹਰਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀ ਹਾਕੀ ਟੀਮ ਨੇ ਲਗਾਤਾਰ ਦੂਜੀ ਅਤੇ ਓਵਰ ਆਲ ਪੰਜਵੀਂ ਵਾਰ ਏਸ਼ੀਅਨ ਚੈਂਪੀਅਨ ਟਰਾਫੀ ਆਪਣੇ ਨਾਮ ਕਰ ਲਈ ਹੈ। ਅੱਜ ਮੰਗਲਵਾਰ ਨੂੰ ਹੋਏ ਫਾਈਨਲ ਮੁਕਾਬਲੇ ਵਿਚ ਭਾਰਤ ਨੇ ਚੀਨ ਦੀ ਟੀਮ ਨੂੰ 1-0 ਨਾਲ ਹਰਾ ਦਿੱਤਾ। ਇਹ ਫਾਈਨਲ ਮੁਕਾਬਲਾ ਚੀਨ ਦੇ ਇਕ ਸ਼ਹਿਰ ਵਿਚ ਖੇਡਿਆ ਗਿਆ ਹੈ।
ਇਹ ਵੀ ਦੱਸਣਯੋਗ ਹੈ ਕਿ ਭਾਰਤ ਦੀ ਹਾਕੀ ਟੀਮ ਨੇ ਇਸ ਚੈਂਪੀਅਨਸ਼ਿਪ ਵਿਚ ਸਾਰੇ ਮੈਚ ਜਿੱਤੇ ਹਨ। ਫਾਈਨਲ ਮੈਚ ਵਿਚ ਭਾਰਤ ਲਈ ਇਕ ਮਾਤਰ ਗੋਲ ਜੁਗਰਾਜ ਸਿੰਘ ਨੇ ਕੀਤਾ ਅਤੇ ਚੀਨ ਦੀ ਟੀਮ ਚਾਰ ਕੁਆਰਟਰ ਤੋਂ ਬਾਅਦ ਵੀ ਕੋਈ ਗੋਲ ਨਹੀਂ ਕਰ ਸਕੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤ ਦੀ ਹਾਕੀ ਟੀਮ ਨੂੰ ਜਿੱਤ ਲਈ ਵਧਾਈ ਦਿੱਤੀ ਹੈ।
ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਏਸ਼ਿਆਈ ਚੈਂਪੀਅਨਜ਼ ਟਰਾਫੀ ਜਿੱਤਣ ‘ਤੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਮਾਨ ਨੇ ਕਿਹਾ ਕਿ ਇਹ ਪੂਰੇ ਦੇਸ਼ ਲਈ ਮਾਣ ਵਾਲੇ ਪਲ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਟੀਮ ਵਿੱਚ ਪੰਜਾਬ ਦੇ ਸੱਤ ਖਿਡਾਰੀ ਸ਼ਾਮਲ ਹਨ। ਟੂਰਨਾਮੈਂਟ ਦਾ ਸਭ ਤੋਂ ਅਹਿਮ ਖਿਡਾਰੀ ਤੇ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਵੀ ਪੰਜਾਬ ਦਾ ਨੌਜਵਾਨ ਹੈ। ਹਰਮਨਪ੍ਰੀਤ ਸਿੰਘ ਟੂਰਨਾਮੈਂਟ ਦਾ ਸਰਬੋਤਮ ਖਿਡਾਰੀ ਵੀ ਐਲਾਨਿਆ ਗਿਆ ਹੈ।