ਪਠਾਨਕੋਟ ਏਅਰਬੇਸ ਦੇ ਆਲੇ-ਦੁਆਲੇ ਅਤੇ ਨਾਲ ਲੱਗਦੇ ਪਿੰਡਾਂ ਵਿਚ ਪੁਲਿਸ ਵਲੋਂ ਤਲਾਸ਼ੀ ਮੁਹਿੰਮ
ਪਠਾਨਕੋਟ/ਬਿਊਰੋ ਨਿਊਜ਼
ਗ੍ਰਹਿ ਮਾਮਲਿਆਂ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਪੀ. ਭੱਟਾਚਾਰੀਆ ਵੱਲੋਂ ਕੇਂਦਰ ਸਰਕਾਰ ਨੂੰ ਪਠਾਨਕੋਟ ਏਅਰਬੇਸ ‘ਤੇ ਮੁੜ ਅੱਤਵਾਦੀ ਹਮਲਾ ਹੋਣ ਦੇ ਖ਼ਦਸ਼ੇ ਸਬੰਧੀ ਦਿੱਤੀ ਗਈ ਸੂਚਨਾ ਨੇ ਜ਼ਿਲ੍ਹਾ ਪਠਾਨਕੋਟ ਦੇ ਪੁਲਿਸ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਹੈ। ਪੁਲਿਸ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਏਅਰਬੇਸ ਦੇ ਆਲੇ-ਦੁਆਲੇ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਤਲਾਸ਼ੀ ਅਭਿਆਨ ਚਲਾਇਆ, ਜਿਸ ਤਹਿਤ ਕਰੀਬ ਦੋ ਦਰਜਨ ਪਿੰਡਾਂ ਵਿੱਚ ਪੰਜ ਟੀਮਾਂ ਬਣਾ ਕੇ ਤਲਾਸ਼ੀ ਲਈ ਗਈ। ਇਸ ਅਭਿਆਨ ਦੀ ਅਗਵਾਈ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਰਾਕੇਸ਼ ਕੌਸ਼ਲ ਨੇ ਦੱਸਿਆ ਕਿ ਇਸ ਸਰਚ ਅਪਰੇਸ਼ਨ ਵਿੱਚ ਐਸ.ਪੀ. (ਐਚ) ਗੁਲਨੀਤ ਸਿੰਘ ਖੁਰਾਣਾ, ਪੁਲਿਸ ਕਪਤਾਨ (ਜਾਂਚ) ਮਨੋਹਰ ਲਾਲ, ਡੀ.ਐਸ.ਪੀ.ਸਿਟੀ ਮਨੋਜ ਕੁਮਾਰ, ਡੀ.ਐਸ.ਪੀ. (ਐਚ) ਹਰਦੀਪ ਕੁਮਾਰ, ਡੀ.ਐਸ.ਪੀ.ਧਾਰਕਲਾਂ ਰਣਜੀਤ ਸਿੰਘ, ਡੀ.ਐਸ.ਪੀ. (ਦਿਹਾਤੀ) ਕੁਲਦੀਪ ਕੁਮਾਰ ਸਮੇਤ ਪੁਲਿਸ ਪਾਰਟੀਆਂ ਸ਼ਾਮਲ ਸਨ। ਇਸ ਅਭਿਆਨ ਦੌਰਾਨ ਸਾਰੇ ਘਰਾਂ ਅਤੇ ਇਲਾਕੇ ਵਿੱਚ ਚੈਕਿੰਗ ਕੀਤੀ ਗਈ ਅਤੇ ਖੇਤਰ ਵਿੱਚ ਪੈਂਦੇ ਕਰੀਬ 69 ਗੁੱਜਰਾਂ ਦੇ ਡੇਰਿਆਂ ਨੂੰ ਵੀ ਬਾਰੀਕੀ ਨਾਲ ਚੈੱਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਿਹੜੇ ਪਿੰਡਾਂ ਵਿੱਚ ਤਲਾਸ਼ੀ ਲਈ ਗਈ, ਉਨ੍ਹਾਂ ਵਿੱਚ ਧੀਰਾ ਜੱਟਾਂ, ਲਾਡੋਚੱਕ, ਭੁੱਲੇ ਚਾਂਗਾਂ, ਉਤਮ ਗਾਰਡਨ ਕਲੋਨੀ, ਦਰਸ਼ੋਪੁਰ, ਅਮੀਨ ਚਾਂਗਾਂ, ਬਿਆਸ ਲਾਹੜੀ, ਪੰਜੂਪੁਰ, ਨੁਸ਼ਹਿਰਾ ਨਲਬੰਦਾ, ਫਤਿਹਪੁਰ, ਡੇਹਰੀਵਾਲ, ਕਿਲ੍ਹਾ ਜਮਾਲਪੁਰ, ਮੁਕੀਮਪੁਰ, ਕੋਠੀ ਪੰਡਤਾਂ, ਲਾਹੜੀ, ਅਜੀਜਪੁਰ, ਸਿੰਬਲੀ ਗੁਜਰਾਂ, ਨੋਰੰਗਪੁਰ, ਮਿਰਜਾਪੁਰ, ਸਿੰਬਲੀ ਅਰਾਈਆਂ ਆਦਿ ਸ਼ਾਮਲ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਤਲਾਸ਼ੀ ਅਭਿਆਨ ਇਸ ਲਈ ਚਲਾਇਆ ਗਿਆ ਹੈ ਤਾਂ ਜੋ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਇਸ ਤਰ੍ਹਾਂ ਦੇ ਅਭਿਆਨ ਆਉਣ ਵਾਲੇ ਦਿਨਾਂ ਵਿੱਚ ਵੀ ਜ਼ਿਲ੍ਹਾ ਪਠਾਨਕੋਟ ਵਿੱਚ ਜਾਰੀ ਰਹਿਣਗੇ।
ਦੱਸਣਯੋਗ ਹੈ ਕਿ ਖੁਫ਼ੀਆ ਏਜੰਸੀਆਂ ਦੀਆਂ ਰਿਪੋਰਟਾਂ ਹਨ ਕਿ ਸਰਹੱਦ ਦੇ ਨਾਲ ਲੱਗਦੀ ਪੱਟੀ ਵਿੱਚ ਜੋ ਗੁੱਜਰਾਂ ਦੇ ਡੇਰੇ ਹਨ, ਇਹ ਸਰਹੱਦ ਤੋਂ ਪਾਰ ਆਉਣ ਵਾਲੇ ਅੱਤਵਾਦੀਆਂ ਲਈ ਪਨਾਹ ਦੇ ਅੱਡੇ ਹਨ। ਰਾਵੀ ਦਰਿਆ ਅਤੇ ਉੱਝ ਦਰਿਆਵਾਂ ਦੇ ਕੰਢਿਆਂ ‘ਤੇ ਗੁੱਜਰਾਂ ਨੇ ਡੇਰੇ ਲਗਾਏ ਹੋਏ ਹਨ ਅਤੇ ਪਿਛਲੇ ਦਸ ਸਾਲਾਂ ਵਿੱਚ ਇਨ੍ਹਾਂ ਦੇ ਡੇਰਿਆਂ ਵਿੱਚ ਖੁੰਬਾਂ ਵਾਂਗ ਵਾਧਾ ਹੋਇਆ ਹੈ। ਸਰਹੱਦ ਦੇ ਨਾਲ ਵੱਸਦੇ ਪਿੰਡਾਂ ਢੀਂਡਾ, ਸਿੰਬਲ, ਸਕੋਲ, ਮਾਖਨਪੁਰ, ਚੌਂਤੜਾ, ਮਝੀਰੀ ਕੋਲੀਆਂ, ਸਰੋਟਾ, ਕੋਟ ਭੱਟੀਆਂ, ਧਲੋਤਰ, ਬਲੋਤਰ, ਕੋਟਲੀ ਜਵਾਹਰ, ਪਹਾੜੀਪੁਰ, ਖੋਜਕੀਚੱਕ ਆਦਿ ਕੋਲ ਗੁੱਜਰ ਪੱਕੇ ਕੁੱਲੇ ਬਣਾ ਕੇ ਰਹਿ ਰਹੇ ਹਨ। ਗੁੱਜਰਾਂ ਦੇ ਡੇਰਿਆਂ ਦਾ ਪਤਾ ਨਹੀਂ ਲੱਗਦਾ ਕਿ ਕਦੋਂ ਕੋਈ ਗੁੱਜਰ ਆਪਣਾ ਡੇਰਾ ਲਗਾਉਂਦਾ ਹੈ ਤੇ ਕਦੋਂ ਚੁੱਕ ਲੈਂਦਾ ਹੈ। ਗੁੱਜਰ ਸਾਰਾ ਦਿਨ ਦਰਿਆਈ ਖੇਤਰ ਅਤੇ ਖੇਤਾਂ ਵਿੱਚ ਡੰਗਰ ਚਾਰਦੇ ਰਹਿੰਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਉਥੋਂ ਦੇ ਸਾਰੇ ਰਸਤਿਆਂ ਦਾ ਪਤਾ ਹੁੰਦਾ ਹੈ।
ਖੁਫ਼ੀਆ ਏਜੰਸੀਆਂ ਦੀ ਸੂਚਨਾ ਅਨੁਸਾਰ ਜੋ ਅੱਤਵਾਦੀ ਇਸ ਖੇਤਰ ਵਿੱਚ ਦਾਖ਼ਲ ਹੁੰਦੇ ਹਨ, ਉਹ ਗੁੱਜਰਾਂ ਦੇ ਡੇਰਿਆਂ ਵਿੱਚ ਪਨਾਹ ਲੈਂਦੇ ਹਨ ਅਤੇ ਖੇਤਰ ਵਿੱਚ ਅਸਾਨੀ ਨਾਲ ਘੁੰਮਦੇ ਰਹਿੰਦੇ ਹਨ। ਗੁੱਜਰ ਹੀ ਉਨ੍ਹਾਂ ਨੂੰ ਕਥਿਤ ਤੌਰ ‘ਤੇ ਸੁਰੱਖਿਅਤ ਰਸਤਿਆਂ ਤੋਂ ਜਾਣੂ ਕਰਵਾਉਂਦੇ ਹਨ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ
ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …