ਕਿਹਾ, ਮੌਜੂਦਾ ਕਾਂਗਰਸ ਸਰਕਾਰ ਮਜੀਠੀਆ ਨੂੰ ਬਚਾ ਰਹੀ ਹੈ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਬਿਕਰਮ ਸਿੰਘ ਮਜੀਠੀਆ ਸਬੰਧੀ ਡਰੱਗ ਮਾਫ਼ੀਆ ਨਾਲ ਮਿਲੇ ਹੋਣ ਦੇ ਸਬੂਤ ਪੇਸ਼ ਕੀਤੇ ਹਨ। ਹੁਣ ਮਜੀਠੀਆ ਖ਼ਿਲਾਫ਼ ਮਾਮਲਾ ਹਾਈਕੋਰਟ ਵਿਚ ਜਾਣ ਕਾਰਨ ਇੱਕ ਵਾਰ ਫਿਰ ਮਜੀਠੀਆ ਚਰਚਾ ਵਿਚ ਆ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਮਜੀਠੀਆ ਦੀ ਡਰੱਗ ਮਾਫ਼ੀਆ ਨਾਲ ਸਾਂਝ ਇਸ ਗੱਲ ਤੋਂ ਸਾਬਤ ਹੋ ਜਾਂਦੀ ਹੈ ਕਿ ਨਸ਼ਾ ਤਸਕਰ ਜਗਜੀਤ ਚਹਿਲ ਨੇ ਜਾਂਚ ਦੌਰਾਨ ਜੋ ਬਿਆਨ ਦਰਜ ਕਰਵਾਏ ਸਨ ਉਸ ਵਿਚ ਉਸ ਨੇ ਮੰਨਿਆ ਸੀ ਮਜੀਠੀਆ ਦੇ ਡਰੱਗ ਮਾਫ਼ੀਆ ਨਾਲ ਲਿੰਕ ਸਨ। ਮਜੀਠੀਆ ਨੂੰ ਉਸਨੇ 35 ਲੱਖ ਰੁਪਏ ਵੀ ਦਿੱਤੇ ਸਨ। ਪਰ ਮੌਜੂਦਾ ਕਾਂਗਰਸ ਸਰਕਾਰ ਮਜੀਠੀਆ ਨੂੰ ਬਚਾ ਰਹੀ ਹੈ । ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਦੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਬਾਰੇ ਸੀਬੀਆਈ ਦੀ ਜਾਂਚ ਦਾ ਵਿਰੋਧ ਕੀਤਾ ਸੀ। ਖਹਿਰਾ ਦਾ ਕਹਿਣਾ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਦੀ ਆਪਸੀ ਮਿਲੀਭੁਗਤ ਹੈ ਜਿਸ ਕਾਰਨ ઠਦੋਵੇਂ ਧਿਰਾਂ ਇੱਕ ਦੂਜੇ ਨੂੰ ਬਚਾਉਂਦੀਆਂ ਆ ਰਹੀਆਂ ਹਨ।