Breaking News
Home / ਪੰਜਾਬ / 20 ਕਿਸਮ ਦੇ 100 ਕੁਇੰਟਲ ਫੁੱਲਾਂ ਨਾਲ 300 ਕਾਰੀਗਰਾਂ ਨੇ ਸਜਾਇਆ ਸ੍ਰੀ ਦਰਬਾਰ ਸਾਹਿਬ

20 ਕਿਸਮ ਦੇ 100 ਕੁਇੰਟਲ ਫੁੱਲਾਂ ਨਾਲ 300 ਕਾਰੀਗਰਾਂ ਨੇ ਸਜਾਇਆ ਸ੍ਰੀ ਦਰਬਾਰ ਸਾਹਿਬ

ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੇ ਲਈ ਸ੍ਰੀ ਦਰਬਾਰ ਸਾਹਿਬ ਦੀ ਫੁੱਲਾਂ ਨਾਲ ਸਜਾਵਟ ਕੀਤੀ ਗਈ। ਸ਼ਰਧਾ ਦਾ ਇਹ ਕੇਂਦਰ ਸਮਾਗਮ ਤੋਂ ਪਹਿਲਾਂ ਹੀ ਖੁਸ਼ਬੂ ਨਾਲ ਮਹਿਕਣ ਲੱਗਿਆ ਸੀ। ਦਿੱਲੀ ਦੀ ਸੰਗਤ ਵੱਲੋਂ ਨਿਭਾਈ ਜਾ ਰਹੀ ਇਸ ਸੇਵਾ ਦਾ ਹਿੱਸਾ ਬਣਦੇ ਹੋਏ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਸੈਂਕੜੇ ਕਾਰੀਗਰ ਫੁੱਲ-ਪੱਤੀਆਂ ਅਤੇ ਬੇਲ ਬੂਟਿਆਂ ਨੂੰ ਸਜਾਉਣ ‘ਚ ਲੱਗੇ ਹੋਏ ਸਨ। ਜੋ ਵੀ ਸੰਗਤ ਪਹੁੰਚੀ ਉਹ ਫੁੱਲਾਂ ਨੂੰ ਲੜੀਆਂ ‘ਚ ਪਰੋ ਕੇ ਖੁਦ ਨੂੰ ਧੰਨ ਹੋ ਗਈ ਮੰਨ ਰਹੀ ਸੀ। ਐਸਜੀਪੀਸੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਦਿੱਲੀ ਦੀ ਸੰਗਤ ਦੀ ਅਗਵਾਈ ਕਰਨ ਵਾਲੇ ਕੇ ਕੇ ਸ਼ਰਮਾ ਅਤੇ ਸੁਰਿੰਦਰਪਾਲ ਸਿੰਘ ਵੱਲੋਂ ਦਿੱਲੀ ਦੀ ਸੰਗਤ ਦੇ ਸਹਿਯੋਗ ਨਾਲ ਵਿਦੇਸ਼ ਤੋਂ ਮੰਗਵਾਏ 100 ਕੁਇੰਟਲ ਫੁੱਲਾਂ ਨਾਲ ਸ੍ਰੀ ਦਰਬਾਰ ਸਾਹਿਬ ਨੂੰ ਸਜਾਇਆ ਗਿਆ। ਜ਼ਿਕਰਯੋਗ ਹੈ ਕਿ ਫੁੱਲ ਮਲੇਸ਼ੀਆ, ਥਾਈਲੈਂਡ, ਕੀਨੀਆ, ਸਿੰਗਾਪੁਰ ਅਤੇ ਆਸਟਰੇਲੀਆ ਤੋਂ ਮੰਗਵਾਏ ਗਏ। ਸ੍ਰੀ ਦਰਬਾਰ ਸਾਹਿਬ ਦੇ ਮੁੱਖ ਭਵਨ ਦੇ ਨਾਲ-ਨਾਲ ਦਰਸ਼ਨੀ ਡਿਓਢੀ ਤੋਂ ਸੱਚਖੰਡ ਤੱਕ ਜਾਂਦੇ ਪੁਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ ਅਤੇ ਬਾਹਰ ਗੁਰਦੁਆਰਾ ਲਾਚੀ ਬੇਰੀ ਸਾਹਿਬ, ਦੁਖ ਭੰਜਨੀ ਬੇਰੀ ਅਤੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਵਿਹੜੇ ‘ਚ ਸਥਿਤ ਸਾਰੇ ਅਹਿਮ ਸਥਾਨਾਂ ਨੂੰ 20 ਕਿਸਮ ਦੇ ਫੁੱਲਾਂ ਨਾਲ ਸਜਾਇਆ ਗਿਆ ਸੀ। ਐਂਥੋਡਿਯਮ, ਆਰਕਿਡ, ਲਿਲੀ, ਕਾਰਨੀਸ਼ਨ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਗੁਲਾਬ, ਡੇਜੀ, ਮੋਗਰਾ ਆਦਿ ਵੀ ਲਿਆਂਦਾ ਗਿਆ। ਸੇਵਾ ਕਰਨ ਵਾਲੇ ਵਿਅਕਤੀਆਂ ਨੇ ਦੱਸਿਆ ਕਿ ਇਸ ਕੰਮ ਦੇ ਲਈ 300 ਕਾਰੀਗਰਾਂ ਨੂੰ ਲਗਾਇਆ ਗਿਆ ਸੀ।
ਸੰਗਤ ਵੀ ਫੁੱਲਾਂ ਦੀਆਂ ਮਾਲਵਾਂ ਪਰੋਣ ਲਈ ਪਹੁੰਚੀ
ਸ੍ਰੀ ਦਰਬਾਰ ਸਾਹਿਬ ਨੂੰ ਸਜਾਉਣ ਲਈ ਦੇਸ਼-ਵਿਦੇਸ਼ਾਂ ਤੋਂ ਆਈ ਸੰਗਤ ਵੀ ਸਹਿਯੋਗ ਕਰ ਰਹੀ ਸੀ। ਬਿਹਾਰ ਤੋਂ ਆਏ ਰਾਜੇਸ਼ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਸਰਿਤਾ ਅਤੇ ਮੁੰਬਈ ਦੇ ਹਰਿੰਦਰ ਸਿੰਘ ਅਤੇ ਗੁਰਮੀਤ ਕੌਰ ਨੇ ਦੱਸਿਆ ਕਿ ਇਹ ਪਹਿਲਾ ਮੌਕਾ ਹੈ ਜਦੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਥੇ ਪਹੁੰਚੇ ਹਨ ਅਤੇ ਇਥੇ ਦੀ ਸੇਵਾ ਦੇਖ ਕੇ ਖੁਦ ਨੂੰ ਰੋਕ ਨਹੀਂ ਸਕੀ। ਇਨ੍ਹਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਕੀਤੀ ਜਾ ਰਹੀ ਸੇਵਾ ਦਾ ਹਿੱਸਾ ਬਣੇ। ਇਨ੍ਹਾਂ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਿਆ ਹਰ ਵਿਅਕਤੀ ਸਜਾਵਟ ਦੀ ਕੀਤੀ ਜਾ ਰਹੀ ਸੇਵਾ ਵਿਚ ਹਿੱਸਾ ਪਾ ਕੇ ਆਪਣੇ ਆਪ ਨੂੰ ਵਡਭਾਗਾ ਅਤੇ ਖੁਸ਼ਕਿਸਮਤ ਸਮਝ ਰਿਹਾ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਥੇ ਬਿਰਾਜ਼ਮਾਨ ਕੀਤੇ ਗਏ
ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲੀ। ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੀ ਦਰਬਾਰ ਸਾਹਿਬ ਦੇ ਠੀਕ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਰਵਾਇਆ। ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਰਾਜ਼ਮਾਨ ਕੀਤਾ ਗਿਆ, ਇਨ੍ਹਾਂ ਤੋਂ ਬਾਅਦ ਸ੍ਰੀ ਗੁਰੂ ਹਰਰਾਏ ਜੀ ਅਤੇ ਸ੍ਰੀ ਗੁਰੂ ਹਰਕਿਸ਼ਨ ਜੀ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ। ਉਨ੍ਹਾਂ ਨੇ ਗੁਰਦੁਆਰਾ ਰਾਮਸਰ ‘ਚ ਬੈਠ ਕੇ ਭਾਈ ਗੁਰਦਾਸ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਵਾਉਣ ਦੀ ਸ਼ੁਰੂਆਤ 1603 ‘ਚ ਕੀਤੀ ਅਤੇ ਸੰਪੂਰਨ 1604 ‘ਚ ਹੋਇਆ। ਉਸੇ ਸਾਲ ਹੀ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ‘ਚ ਕਰਵਾਇਆ। ਸਭ ਤੋਂ ਪਹਿਲੇ ਗ੍ਰੰਥੀ ਦੀ ਸੇਵਾ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ। ਇਸ ‘ਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਦਰਜ ਨਹੀਂ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੋਂ 1706 ‘ਚ ਗੁਰੂ ਗ੍ਰੰਥ ਸਾਹਿਬ ਲਿਖਵਾਉਂਦੇ ਹੋਏ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਸ਼ਾਮਿਲ ਕਰਵਾਈ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …