ਇਥੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ ਦਾ ਉਪਦੇਸ਼ ਦਿੱਤਾ ਸੀ
ਕਰਤਾਰਪੁਰ ਸਾਹਿਬ ‘ਚ ਜੀਵਨ ਦੇ 17 ਸਾਲ ਬਿਤਾਏ ਗੁਰੂ ਨਾਨਕ ਦੇਵ ਜੀ ਨੇ, ਗੁਰੂ ਜੀ ਦੀ ਸਮਾਧੀ ਅਤੇ ਕਬਰ ਅੱਜ ਵੀ ਕਰਤਾਰਪੁਰ ਸਾਹਿਬ ‘ਚ ਮੌਜੂਦ
ਜਲੰਧਰ : ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਵੀ ਨਦੀ ਦੇ ਕਿਨਾਰੇ ਇਕ ਨਗਰ ਵਸਾਇਆ ਅਤੇ ਇਥੇ ਖੇਤੀ ਕਰਕੇ ਉਨ੍ਹਾਂ ਨੇ ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ’ (ਨਾਮ ਜਪੋ, ਮਿਹਨਤ ਕਰੋ ਅਤੇ ਵੰਡ ਕੇ ਖਾਓ) ਦਾ ਉਪਦੇਸ਼ ਦਿੱਤਾ ਸੀ। ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਕਰਤਾਰਪੁਰ (ਪਾਕਿਸਤਾਨ) ‘ਚ ਸੌਂਪੀ ਸੀ। ਜਿਨ੍ਹਾਂ ਨੂੰ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖਰੀ ਸਮਾਂ ਕਰਤਾਪੁਰ ਸਾਹਿਬ ‘ਚ ਹੀ ਗੁਜਾਰਿਆ ਅਤੇ ਗੁਰੂ ਜੀ ਇਥੇ ਹੀ ਜੋਤੀ ਜੋਤ ਸਮਾਏ। ਹੁਣ ਪਾਕਿਸਤਾਨ ਸਰਕਾਰ ਉਥੇ ਕੋਰੀਡੋਰ ਬਣਾਉਣ ਦਾ ਐਲਾਨ ਕਰ ਰਹੀ ਹੈ, ਜਿਸ ਨਾਲ ਨਿਸ਼ਚਿਤ ਤੌਰ ‘ਤੇ ਇਕ ਨਵਾਂ ਇਤਿਹਾਸ ਲਿਖਿਆ ਜਾਵੇਗਾ। ਲੱਖਾਂ ਸਿੱਖਾਂ ਦੀ 17 ਸਾਲ ਦੀ ਲੰਬੀ ਅਰਦਾਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਵਾਲੀ ਥਾਂ ‘ਤੇ ਲੱਖਾਂ ਸੰਗਤਾਂ ਦਾ ਪਹੁੰਚਣਾ ਤਹਿ ਹੈ।
ਸੁਖਦੇਵ ਸਿੰਘ ਅਤੇ ਅਵਤਾਰ ਸਿੰਘ ਬੇਦੀ ਜੋ ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜ੍ਹੀ ਦੇ ਤੌਰ ‘ਤੇ ਗੁਰਦੁਆਰਾ ਸਾਹਿਬ ਚੋਹਲਾ ਸਾਹਿਬ ਡੇਰਾ ਬਾਬਾ ਨਾਨਕ ‘ਚ ਸੇਵਾਵਾਂ ਨਿਭਾਅ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਕਰਤਾਰਪੁਰ ਸਾਹਿਬ ਇਕ ਅਜਿਹਾ ਸਥਾਨ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 17 ਸਾਲ, ਪੰਜ ਮਹੀਨੇ ਅਤੇ ਨੌਂ ਦਿਨ ਗੁਜਾਰੇ ਅਤੇ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਵੀ ਕਰਤਾਰਪੁਰ ਸਾਹਿਬ ‘ਚ ਆ ਕੇ ਵਸ ਗਿਆ ਸੀ। ਗੁਰੂ ਸਾਹਿਬ ਦੇ ਮਾਤਾ-ਪਿਤਾ ਦਾ ਦੇਹਾਂਤ ਵੀ ਇਥੇ ਹੀ ਹੋਇਆ ਸੀ। ਕਰਤਾਰਪੁਰ ਸਾਹਿਬ ‘ਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ 17 ਸਾਲ ਤੱਕ ਖੇਤੀ ਕਰਕੇ ਕੰਮ ਕਰਨ, ਲੰਗਰ ਸ਼ੁਰੂ ਕਰਵਾ ਕੇ ਮਿਲ ਕੇ ਖਾਣ ਅਤੇ ਸਿਮਰਨ ਤੇ ਨਾਮ ਜਪਣ ਅਤੇ ਸਿੱਖੀ ਅਸੂਲਾਂ ਦੀ ਉਦਾਹਰਣ ਪੇਸ਼ ਕੀਤੀ ਸੀ। ਹਿੰਦੂ ਅਤੇ ਮੁਸਲਮਾਨਾਂ ਦੇ ਸਾਂਝੇ ਰਹਿਬਰ ਦੇ ਰੂਪ ‘ਚ ਉਨ੍ਹਾਂ ਦੀ ਸਮਾਧੀ ਅਤੇ ਕਬਰ ਉਥੇ ਅੱਜ ਵੀ ਮੌਜੂਦ ਹੈ। ਜਿੱਥੇ ਹਰ ਕੌਮ ਦੇ ਲੋਕ ਚਾਹੇ ਉਹ ਹਿੰਦੂ ਹੋਵੇ, ਸਿੱਖ ਹੋਵੇ ਜਾਂ ਮੁਸਲਮਾਨ ਹੋਵੇ ਹੋਰ ਕੋਈ ਨਤਮਸਤਕ ਹੋਣਾ ਆਪਣੀ ਖੁਸ਼ਕਿਸਮਤੀ ਸਮਝਦਾ ਹੈ। ਕਰਤਾਰਪੁਰ ਸਾਹਿਬ ਦਾ ਇਹ ਗੁਰਦੁਆਰਾ ਸਾਹਿਬ ਭਾਰਤ-ਪਾਕਿਸਤਾਨ ਦੀ ਸਰਹੱਦ ‘ਤੇ ਪਾਕਿਸਤਾਨ ਵਾਲੇ ਪਾਸੇ ਹੈ। ਇਥੋਂ ਡੇਰਾ ਬਾਬਾ ਨਾਨਕ ਵੱਲੋਂ ਸਿੱਧੇ ਰਸਤੇ ਦੀ ਸਿੱਖ ਸੰਗਤ ਲੰਮੇ ਸਮੇਂ ਤੋਂ ਮੰਗ ਕਰਦੀ ਆ ਰਹੀ ਸੀ ਅਤੇ ਇਥੇ ਲਗਾਤਾਰ ਅਰਦਾਸ ਕੀਤੀ ਜਾ ਰਹੀ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਕਰਤਾਰਪੁਰ ਨਾਮਕ ਇਕ ਨਗਰ ਵਸਾਇਆ ਜੋ ਕਿ ਹੁਣ ਪਾਕਿਸਤਾਨ ‘ਚ ਹੈ ਅਤੇ ਇਕ ਵੱਡੀ ਧਰਮਸ਼ਾਲਾ ਉਸ ‘ਚ ਬਣਵਾਈ। ਇਸ ਸਥਾਨ ‘ਤੇ 22 ਸਤੰਬਰ 1539 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਚੋਲਾ ਛੱਡ ਦਿੱਤਾ। ਹੁਣ ਇਕ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ ਅਤੇ ਡੇਰਾ ਬਾਬਾ ਨਾਨਕ ਤੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਸਾਹਮਣੇ ਹੀ ਦਿਖਾਈ ਦਿੰਦਾ ਹੈ। ਸਿੱਖ ਸੰਗਤ ਬਾਰਡਰ ‘ਤੇ ਖੜ੍ਹ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਰਦਾਸ ਕਰਦੀ ਨਜ਼ਰ ਆਈ ਹੈ ਪ੍ਰੰਤੂ ਹੁਣ ਬਿਨਾ ਵੀਜ਼ੇ ਦੇ ਰਸਤਾ ਖੁੱਲ੍ਹਣ ਦੇ ਐਲਾਨ ਮਗਰੋਂ ਸਿੱਖ ਸੰਗਤ ਕਾਫ਼ੀ ਖੁਸ਼ ਹੈ।
ਕੋਰੀਡੋਰ ਖੋਲ੍ਹਣ ਦੇ ਲਈ ਜਥੇਦਾਰ ਵਡਾਲਾ ਨੇ 2001 ‘ਚ ਸ਼ੁਰੂ ਕੀਤੀ ਸੀ ਅਰਦਾਸ
ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਵੱਲੋਂ 2001 ਤੋਂ ਹੁਣ ਤੱਕ 212 ਅਰਦਾਸਾਂ ਡੇਰਾ ਬਾਬਾ ਨਾਨਕ ‘ਚ ਗੁਰੁਦਆਰਾ ਕਰਤਾਰਪੁਰ ਸਾਹਿਬ ਦੇ ਰਸਤੇ ਦੇ ਲਈ ਕੀਤੀਆਂ ਜਾ ਚੁੱਕੀਆਂ ਹਨ। 2001 ‘ਚ ਉਹ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਸ਼ੁਰੂ ਕੀਤੀ ਸੀ। ਚਾਰ ਮਹੀਨੇ ਪਹਿਲਾਂ ਉਹ ਸਵਰਗ ਸਿਧਾਰ ਗਏ ਤਾਂ ਇਸਦੀ ਜ਼ਿੰਮੇਵਾਰੀ ਉਨ੍ਹਾਂ ਦੇ ਪੁੱਤਰ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਲੈ ਲਈ। ਜਥੇਦਾਰ ਕੁਲਦੀਪ ਸਿੰਘ ਵਡਾਲਾ 208 ਅਰਦਾਸਾਂ ਕਰਕੇ ਦੁਨੀਆ ਨੂੰ ਅਲਵਿਦਾ ਕਹਿ ਗਏ ਪ੍ਰੰਤੂ ਉਨ੍ਹਾਂ ਦੇ ਬੇਟੇ ਗੁਰਪ੍ਰਤਾਪ ਸਿੰਘ ਵਡਾਲਾ ਨੇ 212ਵੀਂ ਅਰਦਾਸ ਨੂੰ ਪੂਰਾ ਕੀਤਾ। ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਇਸ ਮਿਸ਼ਨ ਨੂੰ ਸ਼ੁਰੂ ਕੀਤਾ ਸੀ ਅਤੇ ਇਸ ਨੂੰ 18 ਸਾਲ ਹੋ ਚੁੱਕੇ ਹਨ। 212ਵੀਂ ਅਰਦਾਸ ‘ਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਏ।
ਦੂਰਬੀਨ ਰਾਹੀਂ ਹੁੰਦੇ ਨੇ ਦਰਸ਼ਨ, ਬੀਐਸਐਫ ਨੇ ਪਾਕਿ ਦੀ ਸਹਿਮਤੀ ਨਾਲ ਕਰ ਰੱਖਿਆ ਹੈ ਇੰਤਜ਼ਾਮ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਨਵੰਬਰ 2019 ‘ਚ ਮਨਾਇਆ ਜਾਵੇਗਾ। ਸਿੱਖ ਭਾਈਚਾਰਾ ਲੰਬੇ ਸਮੇਂ ਤੋਂ ਇਸ ਮਾਰਗ ਨੂੰ ਖੋਲ੍ਹਣ ਦੀ ਮੰਗ ਕਰਦਾ ਆ ਰਿਹਾ ਹੈ। ਕਿਉਂਕਿ ਅਜੇ ਸੰਗਤ ਨੂੰ ਅਟਾਰੀ-ਵਾਘਾ ਮਾਰਗ ਰਾਹੀਂ ਜਾਣਾ ਪੈਂਦਾ ਹੈ ਜੋ ਕਿ ਕਾਫ਼ੀ ਲੰਮਾ ਰਸਤਾ ਹੈ। ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਅੰਤਰਰਾਸ਼ਟਰੀ ਸੀਮਾ ਤੋਂ ਭਾਰਤ ਦੀ ਦੂਰੀ ਸਿਰਫ਼ ਦੋ ਕਿਲੋਮੀਟਰ ਹੈ। ਗੁਰਦਾਸਪੁਰ ਜ਼ਿਲ੍ਹੇ ‘ਚ ਸਥਿਤ ਇਤਿਹਾਸਕ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਵੀ ਇਥੋਂ ਬਿਲਕੁਲ ਨੇੜੇ ਹੀ ਹੈ। ਸੰਗਤ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਤੋਂ ਪੈਦਲ ਹੀ ਅਰਦਾਸ ਕਰਦੇ ਹੋਏ ਲਗਭਗ ਡੇਢ ਕਿਲੋਮੀਟਰ ਦੂਰ ਧੁੱਸੀ ਬੰਨ੍ਹ ‘ਤੇ ਜਾਂਦੀ ਹੈ ਅਤੇ ਉਥੇ ਬੀਐਸਐਫ ਚੈਕਪੋਸਟ ‘ਤੇ ਖੜ੍ਹੇ ਹੋ ਕੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਹਨ। ਉਥੋਂ ਸਿਰਫ਼ ਦੋ ਕਿਲੋਮੀਟਰ ਦੂਰ ਕਰਤਾਰਪੁਰ ਗੁਰਦੁਆਰਾ ਸਾਹਿਬ ਹੈ। ਅਸਲ ‘ਚ ਕੁਝ ਸਾਲ ਪਹਿਲਾਂ ਸਿੱਖ ਸੰਗਤ ਦੀ ਮੰਗ ‘ਤੇ ਭਾਰਤ ਸਰਕਾਰ ਨੇ ਬੀਐਸਐਫ ਦੀ ਸਹਿਮਤੀ ਨਾਲ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਇੱਛੁਕ ਸੰਗਤ ਨੂੰ ਕੰਡੇਦਾਰ ਤਾਰ ਤੱਕ ਜਾਣ ਦੀ ਆਗਿਆ ਦੇ ਦਿੱਤੀ ਸੀ। ਜਿੱਥੇ ਬਕਾਇਦਾ ਇਕ ਉਚਾ ਦਰਸ਼ਨੀ ਸਥਾਨ ਬਣਾ ਕੇ ਦੂਰਬੀਨ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਹਨ। ਪਾਕਿਸਤਾਨੀ ਅਧਿਕਾਰੀ ਆਮ ਤੌਰ ‘ਤੇ ਘਾਹ-ਫੂਸ ਕੱਟਦੇ ਰਹਿੰਦੇ ਹਨ ਤਾਂ ਕਿ ਭਾਰਤੀ ਸਿੱਖ ਸੰਗਤ ਦਰਸ਼ਨ ਸਮੇਂ ਕੋਈ ਮੁਸ਼ਕਿਲ ਨਾ ਆਵੇ। ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ 1999 ‘ਚ ਮੁਰੰਮਤ ਤੋਂ ਬਾਅਦ ਤੀਰਥ ਯਾਤਰੀਆਂ ਦੇ ਲਈ ਖੋਲ੍ਹਿਆ ਗਿਆ ਸੀ। ਸਿੱਖ ਸੰਗਤ ਉਦੋਂ ਤੋਂ ਨਿਯਮਿਤ ਰੂਪ ਨਾਲ ਉਥੇ ਜਾ ਰਹੀ ਹੈ। ਤੀਰਥ ਯਾਤਰਾ ਦੇ ਵੀਜ਼ੇ ‘ਤੇ ਪਾਕਿਸਤਾਨ ‘ਚ ਦਾਖਲ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਜਾਣ ‘ਤੇ ਕੋਈ ਰੋਕ ਨਹੀਂ ਹੈ।
ਗੁਰਦੁਆਰਾ ਕਰਤਾਪੁਰ ਸਾਹਿਬ ਬਾਰਡਰ ਪਹਿਲਾਂ ਹੀ ਖੁੱਲ੍ਹ ਜਾਣਾ ਚਾਹੀਦਾ ਸੀ
ਲਾਹੌਰ ਨਿਵਾਸੀ ਬੋਲੇ ਭਾਰਤ ਨਾਲ ਗੱਲਬਾਤ ਦਾ ਇਸ ਤੋਂ ਵਧੀਆ ਮੌਕਾ ਹੋਰ ਨਹੀਂ ਹੋ ਸਕਦਾ, ਇਸ ਨਾਲ ਕੜਵਾਹਟ ਹੋਵੇਗੀ ਦੂਰ
ਅੰਮ੍ਰਿਤਸਰ : ਭਾਰਤ ਨਾਲ ਅਮਨ ਦੀ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਦਾ ਪਾਕਿਸਤਾਨ ਕੋਲ ਇਸ ਤੋਂ ਵਧੀਆ ਮੌਕਾ ਹੋਰ ਨਹੀਂ ਹੋ ਸਕਦਾ। ਸਰਕਾਰ ਨੂੰ ਇਹ ਕੰਮ ਬਿਨਾ ਕਿਸੇ ਦੇਰੀ ਦੇ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਹ ਗੱਲ ਲਾਹੌਰ ਨਿਵਾਸੀ ਯੋਗੀ ਸਮਸ਼ਾਦ ਹੈਦਰ ਨੇ ਕਹੀ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੇ ਲਈ ਰਸਤਾ ਖੋਲ੍ਹਣ ਦਾ ਐਲਾਨ ਕੀਤਾ ਹੈ। ਯੋਗੀ ਹੈਦਰ ਮੰਨਦੇ ਹਨ ਕਿ ਇਹ ਕੰਮ ਤਾਂ ਕਈ ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ।
ਇਥੇ ਹੀ ਵਸ ਗਿਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਰਿਵਾਰ
ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜ੍ਹੀ ਦੀ ਅਗਵਾਈ ਕਰਨ ਵਾਲੇ ਭਾਈ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 17 ਸਾਲ 5 ਮਹੀਨੇ 9 ਦਿਨ ਕਰਤਾਰਪੁਰ ਸਾਹਿਬ ‘ਚ ਹੀ ਗੁਜ਼ਾਰੇ ਸਨ। ਉਨ੍ਹਾਂ ਦੇ ਮਾਤਾ-ਪਿਤਾ ਦਾ ਦੇਹਾਂਤ ਵੀ ਇਸੇ ਧਰਤ ‘ਤੇ ਹੀ ਹੋਇਆ। ਕਰਤਾਰਪੁਰ ਸਾਹਿਬ ‘ਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ 17 ਸਾਲ ਤੱਕ ਖੇਤੀ ਕਰਕੇ ਕੰਮ ਕਰਨ, ਲੰਗਰ ਸ਼ੁਰੂ ਕਰਵਾ ਕੇ ਮਿਲ ਕੇ ਖਾਣ ਅਤੇ ਸਿਮਰਨ ਤੇ ਨਾਮ ਜਪਣ ਅਤੇ ਸਿੱਖੀ ਅਸੂਲਾਂ ਦੀ ਉਦਾਹਰਣ ਪੇਸ਼ ਕੀਤੀ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿਖ ਹੀ ਜੋਤੀ ਜੋਤ ਸਮਾ ਗਏ।
ਨਵਜੋਤ ਸਿੰਘ ਸਿੱਧੂ ਦੇ ਖਾਤੇ ‘ਚ ਕੋਰੀਡੋਰ ਦੀ ਸ਼ੁਰੂਆਤ
ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਸਰਹੱਦ ਤੋਂ ਕੋਰੀਡੋਰ ਬਣਾਉਣ ਦੀ ਮੰਗ ਦੀ ਸ਼ੁਰੂਆਤ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਨੇ 13 ਅਪ੍ਰੈਲ 2001 ਨੂੰ ਚੁੱਕੀ ਸੀ, ਉਹ ਆਪਣਾ ਪਹਿਲਾ ਸਥਾ ਲੈ ਕੇ ਬਾਰਡਰ ‘ਤੇ ਪਹੁੰਚੇ ਸਨ। ਬਦਕਿਸਮਤੀ ਦੀ ਗੱਲ ਹੈ ਕਿ ਹੁਣ ਵਡਾਲਾ ਸਾਹਿਬ ਇਸ ਸੰਸਾਰ ‘ਚ ਨਹੀਂ ਹਨ ਪ੍ਰੰਤੁ ਉਨ੍ਹਾਂ ਨਾਲ ਜੁੜੇ ਵਿਅਕਤੀ ਹੁਣ ਵੀ ਹਰ ਸੰਗਰਾਂਦ ਮੌਕੇ ਬਾਰਡਰ ‘ਤੇ ਅਰਦਾਸ ਕਰਨ ਲਈ ਪਹੁੰਚਦੇ ਹਨ। ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਸਿੱਖ ਸੰਸਥਾਵਾਂ ਇਸ ਕਾਰਜ ‘ਚ ਜੁਟੀਆਂ ਹੋਈਆਂ ਹਨ। ਪ੍ਰੰਤੂ ਹੁਣ ਕੋਰੀਡੋਰ ਸ਼ੁਰੂ ਹੋਣ ਦਾ ਸਿਹਰਾ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖਾਤੇ ‘ਚ ਜਾ ਰਿਹਾ ਹੈ। ਅਸਲ ‘ਚ ਡੇਰਾ ਬਾਬਾ ਨਾਨਕ ‘ਤੇ ਬੀਐਸਐਫ ਦੇ ਵਾਚ ਟਾਵਰ ਦੇ ਹੇਠਾਂ ਸੰਸਥਾਵਾਂ ਨੇ ਜੀਵਨਕਾਲ ਨਾਲ ਜੁੜੇ ਗੁਰਦੁਆਰਾ ਸਾਹਿਬ ਦੇ ਧੁੰਦਲੇ ਦਰਸਸ਼ਨ ਕਰ ਸਕਦੇ ਹਨ। ਨੀਲੇ ਅਕਾਸ਼ ਅਤੇ ਹਰੇ ਭਰੇ ਖੇਤਾਂ ਦਰਮਿਆਨ ਸਫੇਦ ਰੰਗ ਦੀ ਇਮਾਰਤ ਦੂਰਬੀਨ ਦੀ ਮਦਦ ਨਾਲ ਸਾਫ਼ ਦਿਖਾਈ ਦੇ ਜਾਂਦੀ ਹੈ। ਸਰਹੱਦ ਤੋਂ ਗੁਰਦੁਆਰਾ ਸਾਹਿਬ ਦੀ ਦੂਰੀ ਲਗਭਗ 4 ਕਿਲੋਮੀਟਰ ਹੈ ਪ੍ਰੰਤੂ ਵਿਚਾਲੇ ਰਾਵੀ ਦਰਿਆ ਵੀ ਲੰਘਦਾ ਹੈ।
ਪਾਕਿਸਤਾਨ ਸਰਕਾਰ ਬਣਾ ਸਕਦੀ ਹੈ ਰਸਤਾ
ਲਾਹੌਰ ਨਿਵਾਸੀ ਇੰਜੀਨੀਅਰ ਰਾਏ ਸਾਹਿਬ ਦੱਸਦੇ ਹਨ ਕਿ ਪਾਕਿਸਤਾਨ ਸਰਕਾਰ ਦੋਵੇਂ ਪਾਸੇ ਕੰਡੇਦਾਰ ਤਾਰ ਲਗਾ ਕੇ ਰਸਤੇ ਦਾ ਨਿਰਮਾਣ ਕਰ ਸਕਦੀ ਹੈ। ਰਾਵੀ ‘ਤੇ ਦੋਂ ਤੱਕ ਪੱਕੇ ਪੁਲ ਬਣਾਇਆ ਜਾ ਸਕਦਾ ਹੈ। ਇਸ ਤਰ੍ਹਾਂ ਪਾਕਿਸਤਾਨ ਸਰਕਾਰ ਚਾਹੇ ਤਾਂ ਕੁਝ ਮਹੀਨਿਆਂ ‘ਚ ਹੀ ਪ੍ਰੋਜੈਕਟ ਨੂੰ ਪੂਰਾ ਕਰ ਸਕਦੀ ਹੈ। ਪਾਕਿਸਤਾਨ ਸਰਕਾਰ ਨੇ ਇਸ ਗੱਲ ਵੱਲ ਇਸ਼ਾਰਾ ਕਰ ਦਿੱਤਾ ਹੈ ਕਿ ਗੁਰਦੁਆਰਾ ਸਹਿਬ ਦੇ ਦਰਸ਼ਨਾਂ ਦੇ ਲਈ ਟਿਕਟ ਲਗਾਈ ਜਾ ਸਕਦੀ ਹੈ। ਅਸਲ ‘ਚ ਇਹ ਟਿਕਟ ਹੀ ਵੀਜ਼ਾ ਜਾਂ ਪਰਮਿਟ ਦਾ ਕੰਮ ਕਰੇਗੀ। ਹਰ ਸ਼ਰਧਾਲੂ ਨੂੰ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਪਰਤਣਾ ਹੋਵੇਗਾ।
ਡਾ. ਮਨਮੋਹਨ ਸਿੰਘ ਨੇ ਵੀ ਕੀਤੀ ਸੀ ਕੋਸ਼ਿਸ਼
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ 1 ਸਤੰਬਰ 2004 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਮੌਕੇ ਅੰਮ੍ਰਿਤਸਰ ‘ਚ ਐਲਾਨ ਕੀਤਾ ਸੀ ਕਿ ਉਹ ਪਾਕਿਸਤਾਨ ਕੋਲ ਰਸਤਾ ਖੋਲ੍ਹਣ ਦਾ ਮੁੱਦਾ ਉਠਾਉਣਗੇ। ਉਨ੍ਹਾਂ ਨੇ ਸਾਲ 2005-2006 ‘ਚ ਪੰਜਾਬ ਦੌਰੇ ‘ਤੇ ਇਹ ਗੱਲ ਦੁਹਰਾਈ ਸੀ ਪ੍ਰੰਤੂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਸ ਦਾ ਕੋਈ ਹੱਲ ਨਹੀਂ ਨਿਕਲਿਆ।
ਨਿਭਾਈ ਦੋਸਤੀ : ਇਮਰਾਨ ਨੇ ਬਚਾਇਆ ਨਵਜੋਤ ਸਿੰਘ ਸਿੱਧੂ ਦਾ ਸਨਮਾਨ
ਪਾਕਿ ਪ੍ਰਧਾਨ ਮੰਤਰੀ ਦੀ ਤਾਜਪੋਸ਼ੀ ਅਤੇ ਜਨਰਲ ਬਾਜਵਾ ਨੂੰ ਜੱਫੀ ਪਾਉਣ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ ‘ਤੇ ਸਨ ਸਿੱਧੂ
ਚੰਡੀਗੜ੍ਹ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਖਰ ਆਪਣੇ ਪੁਰਾਣੇ ਕ੍ਰਿਕਟਰ ਦੋਸਤ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਸਨਮਾਨ ਬਚਾ ਲਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਫਵਾਦ ਚੌਧਰੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਕਰਤਾਰਪੁਰ ਕੋਰੀਡੋਰ ਖੋਲ੍ਹਣ ਦਾ ਐਲਾਨ ਦੇ ਨਾਲ ਹੀ ਸਿੱਧੂ ਵਿਰੋਧੀਆਂ ਦਾ ਮੂੰਹ ਬੰਦ ਹੋ ਗਿਆ ਹੈ।
ਇਮਰਾਨ ਖਾਨ ਦੀ ਤਾਜਪੋਸ਼ੀ ‘ਚ ਜਾਣ ਅਤੇ ਉਥੇ ਪਾਕਿਸਤਾਨ ਫੌਜ ਮੁਖੀ ਜਨਰਲ ਕਮਰ ਬਾਜਵਾ ਨੂੰ ਗਲੇ ਮਿਲਣ ਤੋਂ ਬਾਅਦ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਸਨ। ਸਾਰੀਆਂ ਵਿਰੋਧੀ ਪਾਰਟੀਆਂ ਨੇ ਸਿੱਧੂ ਦੀ ਨਿੰਦਾ ਕੀਤੀ ਸੀ। ਭਾਰਤੀ ਮੀਡੀਆ ਦਾ ਰਵੱਈਆ ਵੀ ਸਿੱਧੂ ਦੇ ਪ੍ਰਤੀ ਆਲੋਚਨਾ ਵਾਲਾ ਸੀ। ਇੰਨਾ ਹੀ ਨਹੀਂ ਕਾਂਗਰਸ ਦੇ ਅੰਦਰ ਵੀ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਜਾਣ, ਉਥੇ ਬੈਠਣ ਨੂੰ ਸਹੀ ਦੱਸਦੇ ਹੋਏ ਕਿਹਾ ਸੀ ਕਿ ਸਿੱਧੂ ਨੂੰ ਜਨਰਲ ਬਾਜਵਾ ਨੂੰ ਜੱਫੀ ਨਹੀਂ ਪਾਉਣੀ ਚਾਹੀਦੀ ਸੀ। ਸਿੱਧੂ ਨੇ ਦਲੀਲ ਦਿੱਤੀ ਸੀ ਕਿ ਜਨਰਲ ਬਾਜਵਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਕਰਤਾਰਪੁਰ ਕੋਰੀਡੋਰ ਖੋਲ੍ਹ ਦਿੱਤਾ ਜਾਵੇਗਾ, ਇਹ ਖੁਸ਼ੀ ਵਾਲੀ ਖਬਰ ਸੁਣ ਕੇ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਅਤੇ ਜਨਰਲ ਬਾਜਵਾ ਨੂੰ ਜੱਫੀ ਪਾ ਲਈ ਪ੍ਰੰਤੂ ਸਿੱਧੂ ਦੀ ਇਸ ਗੱਲ ‘ਤੇ ਕਿਸੇ ਨੇ ਯਕੀਨ ਨਹੀਂ ਕੀਤਾ ਸੀ। ਹੁਣ ਜਦੋਂ ਇਕ ਵਾਰ ਫਿਰ ਜਨਰਲ ਬਾਜਵਾ ਦਾ ਬਿਆਨ ਆਇਆ ਕਿ ਭਾਰਤੀ ਪਿੱਠ ‘ਚ ਛੁਰਾ ਮਾਰਦੇ ਹਨ ਤਾਂ ਭਾਰਤੀ ਮੀਡੀਆ ਨੇ ਇਕ ਵਾਰ ਫਿਰ ਤੋਂ ਸਿੱਧੂ ਦੀਆਂ ਜੱਫੀ ਵਾਲੀਆਂ ਤਸਵੀਰਾਂ ਬਾਹਰ ਕੱਢ ਲਈਆਂ ਸਨ ਪ੍ਰੰਤੂ ਪਾਕਿਸਤਾਨ ਦੇ ਪ੍ਰਧਾਨ ਇਮਰਾਨ ਖਾਨ ਨੇ ਸਿੱਧੂ ਦੇ ਮਸੀਹਾ ਬਣ ਕੇ ਆਏ। ਪਾਕਿਸਤਾਨੀ ਵਿਦੇਸ਼ ਮੰਤਰੀ ਫਵਾਦ ਚੌਧਰੀ ਨੇ ਬਿਆਨ ਜਾਰੀ ਕੀਤਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਰਤਾਰਪੁਰ ਕੋਰੀਡੋਰ ਨੂੰ ਲੈ ਸਾਰੇ ਸਬੰਧਤ ਪੱਖਾਂ ਨਾਲ ਗੱਲਬਾਤ ਕੀਤੀ। ਪਾਕਿਸਤਾਨੀ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਮੌਕੇ ਕੋਰੀਡੋਰ ਖੋਲ੍ਹੇਗੀ। ਸੰਗਤਾਂ ਨੂੰ ਬਿਨਾ ਵੀਜ਼ਾ ਦੇ ਦਰਸ਼ਨ ਕਰਵਾਏ ਜਾਣਗੇ। ਇਸ ਨੇ ਸਾਰੀ ਸਿਆਸਤ ਬਦਲ ਦਿੱਤੀ ਹੈ। ਸਿੱਧੂ ਵਿਰੋਧੀਆਂ ਨੇ ਤਾਂ ਚੁੱਪੀ ਧਾਰ ਲਈ ਹੈ, ਉਥੇ ਜੇਕਰ ਵਾਕਈ ਪਾਕਿਸਤਾਨ ਆਪਣੀ ਗੱਲ ‘ਤੇ ਕਾਇਮ ਰਹਿੰਦਾ ਹੈ ਤਾਂ ਸਿਆਸਤ ‘ਚ ਹੋਰ ਬਦਲਾਅ ਆਏਗਾ। ਕੋਰੀਡੋਰ ਖੋਲ੍ਹਣ ਦਾ ਮੁੱਦਾ 1947 ਤੋਂ ਚੱਲ ਰਿਹਾ ਹੈ ਪ੍ਰੰਤੂ ਸਿੱਧੂ ਦੇ ਪਾਕਿਸਤਾਨ ਦੌਰੇ ਤੋਂ ਬਾਅਦ ਜੇਕਰ ਇਹ ਸੰਭਵ ਹੋਇਆ ਤਾਂ ਸਾਰਾ ਸਿਹਰਾ ਨਵਜੋਤ ਸਿੰਘ ਸਿੱਧੂ ਨੂੰ ਹੀ ਮਿਲੇਗਾ। ਅਜਿਹੇ ‘ਚ ਦੁਨੀਆ ਭਰ ਦੇ ਸਿੱਖਾਂ ‘ਚ ਸਿੱਧੂ ਦੀ ਛਵੀ ਬਣੇਗੀ। ਕਾਂਗਰਸ ਅਤੇ ਪੰਜਾਬ ਦੀ ਸਿਆਸਤ ‘ਚ ਵੀ ਉਨ੍ਹਾਂ ਦਾ ਕੱਦਾ ਵੱਡਾ ਹੋਵੇਗਾ।
ਅਕਾਲੀਆਂ ਨੇ ਧਾਰੀ ਚੁੱਪੀ
ਸ਼੍ਰੋਮਣੀ ਅਕਾਲੀ ਦਲ ਨੇ ਪਾਕਿਸਤਾਨ ਵਿਦੇਸ਼ ਮੰਤਰੀ ਦੇ ਬਿਆਨ ਤੋਂ ਬਾਅਦ ਪੂਰੀ ਤਰ੍ਹਾਂ ਚੁੱਪੀ ਧਾਰ ਲਈ ਹੈ। ਦੋ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਬਿਆਨ ਜਾਰੀ ਕਰਕੇ ਸਿੱਧੂ ਨੂੰ ਝੂਠਾ ਕਰਾਰ ਦਿੱਤਾ ਸੀ। ਮਨਜਿਦਰ ਸਿੰਘ ਸਿਰਸਾ ਦਾ ਕਹਿਣਾ ਸੀ ਕਿ ਪਾਕਿਸਤਾਨ ਸਰਕਾਰ ਦੇ ਬੁਲਾਰੇ ਕਹਿ ਰਹੇ ਹਨ ਕਿ ਬਾਕੀ ਮਸਲਿਆਂ ਨੂੰ ਛੱਡ ਕੇ ਸਿਰਫ਼ ਕਰਤਾਰਪੁਰ ਕੋਰੀਡੋਰ ‘ਤੇ ਗੱਲ ਨਹੀਂ ਹੋ ਸਕਦੀ। ਇਸ ਤੋਂ ਇਹ ਸਾਫ਼ ਹੁੰਦਾ ਹੈ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਿਲਕੁਲ ਝੂਠ ਬੋਲ ਰਹੇ ਹਨ। ਉਨ੍ਹਾਂ ਨੇ ਇਕ ਕਦਮ ਅੱਗੇ ਵਧ ਕੇ ਪਾਕਿਸਤਾਨ ਸਰਕਾਰ ਨੂੰ ਅਪੀਲ ਵੀ ਕਰ ਦਿੱਤੀ ਸੀ ਕਿ ਸਿੱਧੂ ਤੋਂ ਅਲੱਗ ਕੋਰੀਡੋਰ ਖੋਲ੍ਹਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲਡ ਦੀ ਅਪੀਲ ‘ਤੇ ਵਿਚਾਰ ਕੀਤਾ ਜਾਵੇ ਪ੍ਰੰਤੂ ਸ਼ੁੱਕਰਵਾਰ ਨੂੰ ਸਾਰੇ ਅਕਾਲੀ ਆਗੂਆਂ ਨੇ ਆਪਣਾ ਮੂੰਹ ਬੰਦ ਕਰ ਲਿਆ।
ਬਾਜਵਾ ਅਤੇ ਕੇਂਦਰ ‘ਤੇ ਸਿੱਧੂ ਦਾ ਨੋ ਕੁਮੈਂਟਸ
ਨਵਜੋਤ ਸਿੰਘ ਸਿੱਧੂ ਤੋਂ ਪੁੱਛਿਆ ਗਿਆ ਕਿ ਜਨਰਲ ਬਾਜਵਾ ਨੇ ਕਿਹਾ ਕਿ ਭਾਰਤੀ ਪਿੱਠ ‘ਚ ਛੁਰਾ ਮਾਰਦੇ ਹਨ। ਉਨ੍ਹਾਂ ਨਾਲ ਗਲੇ ਮਿਲਣ ਦੇ ਲਈ ਕੀ ਤੁਹਾਨੂੰ ਮੁਆਫ਼ੀ ਨਹੀਂ ਮੰਗਣੀ ਚਾਹੀਦੀ। ਸਿੱਧੂ ਦਾ ਬਾਜਵਾ ਨਾਲ ਸਬੰਧਤ ਹਰ ਸਵਾਲ ‘ਤੇ ਸਿਰਫ਼ ਇਕ ਹੀ ਜਵਾਬ ਸੀ, ਨੋ ਕੁਮੈਂਟਸ। ਜਦੋਂ ਸ਼ਾਂਤੀ ਹੋਵੇਗੀ, ਉਦੋਂ ਹੀ ਖੂਨ-ਖਰਾਬਾ ਰੁਕੇਗਾ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਵੱਲੋਂ ਕਰਤਾਰਪੁਰ ਕੋਰੀਡੋਰ ਖੋਲ੍ਹਣ ਨੂੰ ਲੈ ਕੇ ਕੋਈ ਅਧਿਕਾਰਕ ਸੂਚਨਾ ਨਹੀਂ ਆਈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਦਾ ਨਾਂ ਨਹੀਂ ਲਿਆ। ਇਸ ਲਈ ਉਹ ਇਸ ਗੱਲ ‘ਤੇ ਕੋਈ ਟਿੱਪਣ ਨਹੀਂ ਕਰਨਗੇ।
ਵਿਰੋਧੀਆਂ ਨੂੰ ਦਿੱਤਾ ਜਵਾਬ
ਨਵਜੋਤ ਸਿੰਘ ਸਿੱਧੂ ਨੇ ਇਸ਼ਾਰਿਆਂ-ਇਸ਼ਾਰਿਆਂ ‘ਚ ਪਾਕਿਸਤਾਨ ਦੌਰੇ ਦੇ ਲਈ ਉਨ੍ਹਾਂ ਦੀ ਆਲੋਚਨਾ ਕਰਨ ਵਾਲਿਆਂ ਨੂੰ ਵੀ ਜਵਾਬ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ‘ਚ ਸਿੱਧੂ ਬੋਲੇ ‘ਪ੍ਰਮਾਤਮਾ ਦੇਖਦਾ ਹੈ ਕਿ ਕੌਣ ਨੇਕ ਨੀਅਤ ਹੈ, ਜੋ ਸੱਚ ‘ਤੇ ਖੜ੍ਹਾ ਹੁੰਦਾ ਹੈ, ਪ੍ਰਮਾਤਮਾ ਉਸ ਦੇ ਨਾਲ ਹੁੰਦਾ ਹੈ। ਮੈਂ ਖਾਲੀ ਹੱਥ, ਇਕ ਝੋਲੀ ਅਤੇ ਪਿਆਰ ਦਾ ਪੈਗਾਮ ਲੈ ਕੇ ਉਥੇ ਗਿਆ ਸੀ।’ ਸਿੱਧੂ ਨੇ ਕਿਹਾ ਕਿ ਉਧਰ ਤੋਂ ਪ੍ਰਧਾਨ ਮੰਤਰੀ ਦਾ ਟਵੀਟ ਆਇਆ ਕਿ ਸਿੱਧੂ ਇਥੇ ਸ਼ਾਂਤੀ ਦੇ ਦੂਤ ਦੇ ਰੂਪ ‘ਚ ਆਇਆ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਅਜਿਹੇ ਲੋਕ ਹਨ ਜੋ ਝੂਠ ਦੇ ਪੁਲੰਦੇ ‘ਤੇ ਬੈਠੇ ਹਨ। ਮੈਂ ਸਭ ਨੂੰ ਬੇਨਤੀ ਕਰਦਾ ਹਾਂ ਕਿ ਵੋਟਾਂ ਦੀ ਰਾਜਨੀਤੀ ਨੂੰ ਧਰਮ ਤੋਂ ਦੂਰ ਰੱਖੋ। ਮੈਨੂੰ ਨਹੀਂ ਲਗਦਾ ਕਿ ਪੂਰੀ ਕਾਇਨਾਤ ‘ਚ ਕੋਈ ਇਸ ਨੋਬਲ ਗੁਡਵਿਲ ਜੇਸਚਰ ਦਾ ਵਿਰੋਧ ਕਰ ਸਕਦਾ ਹੈ। ਜੋ ਕਰਦੇ ਸਨ, ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਪਾਕਿ ਦਾ ਚਾਹੇ ਕਰਨਲ, ਜਨਰਲ, ਬਾਸ਼ਿੰਦਾ ਜਾਂ ਪ੍ਰਧਾਨ ਮੰਤਰੀ ਹੋਵੇ। ਮੈਂ ਇਸ ਸਫ਼ਰ ਨੂੰ ਸ਼ੁਰੂ ਕਰਨ ਤੋਂ ਲੈ ਕੇ ਅੱਜ ਤੱਕ ਕਿਸੇ ਦੀ ਨਿੰਦਾ ਨਹੀਂ ਕੀਤੀ।
ਪੁਲ ‘ਤੇ ਨਹੀਂ ਬਣੀ ਸੀ ਸਹਿਮਤੀ
ਸਰਹੱਦ ਤੋਂ ਗੁਰਦੁਆਰਾ ਸਾਹਿਬ ਤੱਕ ਕੋਰੀਡੋਰ ਬਣਾਉਣ ਦਾ ਮੁੱਦਾ ਕਾਫ਼ੀ ਸਾਲਾਂ ਤੋਂ ਉਠਿਆ ਹੋਇਆ ਹੈ। ਸਾਲ 2000 ‘ਚ ਪਾਕਿ ਨੇ ਸੰਗਤਾਂ ਨੂੰ ਬਿਨਾ ਵੀਜ਼ਾ ਦੇ ਦਰਸ਼ਨ ਕਰਵਾਉਣ ਦੇ ਲਈ ਸਰਹੱਦ ਤੋਂ ਗੁਰੁਦਆਰਾ ਸਾਹਿਬ ਤੱਕ ਪੁਲ ਬਣਾਉਣ ਦੀ ਗੱਲ ਮੰਨ ਸੀ, ਪਰ ਉਹ ਸਿਰੇ ਨਹੀਂ ਚੜ੍ਹੀ। ਮਈ 2017 ‘ਚ ਸੰਸਦ ਦੀ ਸਟੈਂਡਿੰਗ ਕਮੇਟੀ ਦੇ ਮੈਂਬਰਾਂ ਨੇ ਐਲਾਨ ਕੀਤਾ ਕਿ ਦੋਵੇਂ ਦੇਸ਼ਾਂ ਦੇ ਦਰਮਿਆਨ ਖਰਾਬ ਹਾਲਾਤਾਂ ਦੇ ਚਲਦੇ ਕੋਰੀਡੋਰ ਸੰਭਵ ਨਹੀਂ। ਕੇਂਦਰ ਸਰਕਾਰ ਡੇਰਾ ਬਾਬਾ ਨਾਨਕ ‘ਚ ਚਾਰ ਦੂਰਬੀਨ ਲਗਾ ਸਕਦੀ ਹੈ।
ਕਰਤਾਰਪੁਰ ਸਾਹਿਬ ਮਾਰਗ ਖੋਲ੍ਹਣ ਦੀ ਇਮਰਾਨ ਖਾਨ ਨੇ ਦਿੱਤੀ ਸਹਿਮਤੀ : ਸਿੱਧੂ
ਪਾਕਿਸਤਾਨ ਸਥਿਤ ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਦੇ ਲਈ ਹੁਣ ਸਿੱਖ ਸੰਗਤ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਪਾਬੰਦੀਆਂ ‘ਚੋਂ ਨਹੀਂ ਗੁਜਰਨਾ ਪਵੇਗਾ ਕਿਉਂਕਿ ਪੰਜਾਬ ਕੈਬਨਿਟ ‘ਚ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦੋਸਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਮੌਕੇ ਕਰਤਾਰਪੁਰ ਸਾਹਿਬ ਦੇ ਰਸਤੇ ਨੂੰ ਖੋਲ੍ਹਣ ਦੇ ਲਈ ਸਹਿਮਤੀ ਦੇ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਨਵਜੋਤ ਸਿੰਘ ਸਿੱਧੂ ਦੱਸ ਰਹੇ ਹਨ ਕਿ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਧਿਆਨ ‘ਚ ਰੱਖਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਿੱਖਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਇਹ ਪੰਜਾਬੀਆਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਕਰਤਾਪੁਰ ਦੇ ਰਸਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਲੇ ਬਿਨਾ ਵੀਜ਼ੇ ਤੋਂ ਵੀ ਪਾਕਿਸਤਾਨ (ਕਰਤਾਰਪੁਰ) ਦੇ ਰਸਤੇ ਜਾ ਸਕਦੇ ਹਨ।
ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਜਦੋਂ ਐਲਾਨ ਕਰਨਗੇ ਉਦੋਂ ਮੰਨਾਂਗੇ : ਬੀਬੀ ਜਗੀਰ ਕੌਰ
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸਾਬਕਾ ਐਮ ਐਲ ਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਹੀ ਨਹੀਂ ਬਲਕਿ ਤਮਾਮ ਸਾਰੇ ਗੁਰਧਾਮਾਂ ਦੇ ਲਈ ਦੋਵੇਂ ਦੇਸ਼ਾਂ ਦੇ ਵਿਚਾਲੇ ਸਰਹੱਦ ਦੀ ਦੀਵਾਰ ਹਟਣੀ ਚਾਹੀਦੀ ਹੈ। ਦੋਵੇਂ ਦੇਸ਼ਾਂ ਦੀ ਸੰਗਤ ਅਸਾਨੀ ਨਾਲ ਸਰਹੱਦ ਪਾਰ ਕਰਕੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰ ਸਕੇ। ਇਹ ਮੰਗ ਤਾਂ ਭਾਰਤ-ਪਾਕਿ ਬਟਵਾਰੇ ਤੋਂ ਬਾਅਦ ਸਿੱਖ ਜਥੇਦਾਰ ਕਰਦੇ ਆ ਰਹੇ ਹਨ। ਪ੍ਰੰਤੂ ਨਵਜੋਤ ਸਿੰਘ ਸਿੱਧੂ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਈ ਸਰਹੱਦ ਖੋਲ੍ਹਣ ਦੀ ਗੱਲ ਕਹੀ ਜਾ ਰਹੀ ਹੈ। ਸਿੱਧੂ ‘ਤੇ ਸਾਨੂੰ ਬਿਲਕੁਲ ਯਕੀਨ ਨਹੀਂ ਹੈ ਕਿਉਂਕਿ ਕਾਂਗਰਸ ਸਰਕਾਰ ਗੁੰਮਰਾਹ ਕਰਦੀ ਹੈ ਅਤੇ ਵੋਟਾਂ ਦੀ ਰਾਜਨੀਤੀ ਕਰਕੇ ਅਫ਼ਵਾਹ ਫੈਲਾ ਰਹੀ ਹੈ। ਸਿਆਸਤ ਦੇ ਲਈ ਧਾਰਮਿਕ ਆੜ ਲੈਣਾ ਕਾਂਗਰਸ ਦੇ ਲਈ ਚੰਗੀ ਗੱਲ ਨਹੀਂ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਫੈਸਲੇ ਭਾਰਤ-ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਵੱਲੋਂ ਇਕ ਟੇਬਲ ‘ਤੇ ਬੈਠ ਕੇ ਕੀਤੇ ਜਾਣੇ ਚਾਹੀਦੇ ਹਨ। ਬਕਾਇਦਾ ਇਕ ਸਿਸਟਮ ਫਾਲੋ ਕੀਤਾ ਜਾਂਦਾ ਹੈ ਅਤੇ ਸੰਧੀ ਹੁੰਦੀ ਹੈ। ਜਦੋਂ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਇਸ ਦਾ ਐਲਾਨ ਕਰਨਗੇ ਅਸੀਂ ਉਦੋਂ ਹੀ ਮੰਨਾਂਗੇ।
ਸ੍ਰੀ ਕਰਤਾਰਪੁਰ ਸਾਹਿਬ ਲਈ ਬਿਨਾ ਵੀਜ਼ਾ ਰਸਤਾ ਖੋਲ੍ਹਣ ਦਾ ਸਵਾਗਤ
ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਦੇ ਲਈ ਕੋਰੀਡੋਰ ਬਣਾਉਣ ਅਤੇ ਬਿਨਾ ਵੀਜ਼ਾ ਸ਼ਰਧਾਲੂਆਂ ਨੂੰ ਦਰਸ਼ਨਾਂ ਦੇ ਲਈ ਜਾਣ ਦੇਣ ਦੇ ਐਲਾਨ ਦਾ ਪੰਜਾਬ ‘ਚ ਜ਼ੋਰਦਾਰ ਸਵਾਗਤ ਹੋਇਆ ਹੈ। ਕਾਂਗਰਸ ਤੋਂ ਲੈ ਕੇ ਅਕਾਲੀ ਦਲ ਅਤੇ ਐਸਜੀਪੀਸੀ ਨੇ ਇਸ ਦਾ ਸਵਾਗਤ ਕੀਤਾ ਹੈ। ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜੇਕਰ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹ ਜਾਂਦਾ ਹੈ ਤਾਂ ਇਸ ਦੇ ਨਾਲ ਦੋਵੇਂ ਦੇਸ਼ਾਂ ਦੀ ਸਿੱਖ ਸੰਗਤ ਨੂੰ ਫਾਇਦਾ ਹੋਵੇਗਾ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਰਤ ਸਰਕਾਰ ਨੂੰ ਇਸ ਬਾਰੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵੀ ਧੰਨਵਾਦ ਕੀਤਾ। ਪੰਜਾਬ ਦੇ ਸਾਬਕਾ ਮੰਤਰੀ ਅਵਤਾਰ ਹੈਨਰੀ ਨੇ ਵੀ ਇਸ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਸ਼ਰਧਾਲੂਆਂ ਦੀ ਸ਼ਰਧਾ ਤੇ ਸੰਗਤ ਨੂੰ ਹੁਣ ਬਿਨਾ ਵੀਜ਼ਾ ਦੇ ਦਰਸ਼ਨਾਂ ਦੇ ਲਈ ਆ ਜਾ ਸਕਦੀ ਹੈ। ਹੈਨਰੀ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਵੀ ਕੀਤਾ। ਕਾਂਗਰਸ ਦੇ ਵਿਧਾਇਕ ਪਦਮਸ੍ਰੀ ਪਰਗਟ ਸਿੰਘ ਦਾ ਕਹਿਣਾ ਹੈ ਕਿ ਇਹ ਇਕ ਇਤਿਹਾਸਕ ਕਦਮ ਹੈ।
ਭਾਰਤ-ਪਾਕਿਸਤਾਨ ਰਿਸ਼ਤਿਆਂ ‘ਚ ਖਤਮ ਹੋਵੇਗੀ ਕੜਵਾਹਟ : ਸੇਵਾ ਸਿੰਘ ਸੇਖਵਾਂ
ਪਾਕਿਸਤਾਨ ਸਰਕਾਰ ਵੱਲੋਂ ਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਦਾ ਹੈ ਤਾਂ ਅਕਾਲੀ ਦਲ ਅਤੇ ਐਸਜੀਪੀਸੀ ਉਨ੍ਹਾਂ ਦਾ ਦਿਲ ਦੀਆਂ ਗਹਿਰਾਈਆਂ ਨਾਲ ਧੰਨਵਾਦ ਕਰੇਗਾ। ਰਸਤਾ ਖੁੱਲ੍ਹਣ ਨਾਲ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ‘ਚੋਂ ਕੜਵਾਹਟ ਖਤਮ ਹੋ ਜਾਵੇਗੀ। ਇਹ ਗੱਲ ਗੁਰਦਾਸਪੁਰ ਤੋਂ ਐਸਜੀਪੀਸੀ ਮੈਂਬਰ ਅਤੇ ਅਕਾਲੀ ਦਲ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਹੀ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਨਵਜੋਤ ਸਿੰਘ ਸਿੱਧੂ ਦੇ ਅਨੁਸਾਰ ਪਾਕਿਸਤਾਨ ਕੋਰੀਡੋਰ ਖੋਲ੍ਹਣ ਨੂੰ ਤਿਅਰ ਹੈ, ਜਿਸ ਦਾ ਉਹ ਸਵਾਗਤ ਕਰਦੇ ਹਨ। ਪ੍ਰੰਤੂ ਇਸ ਦਾ ਫੈਸਲਾ ਭਾਰਤ ਅਤੇ ਪਾਕਿਸਤਾਨ ਦੀਆਂ ਕੇਂਦਰ ਸਰਕਾਰਾਂ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜੋਤੀ ਜੋਤੀ ਸਮਾਉਣ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਾਦਰ ਦੇ ਦੋ ਟੁਕੜੇ ਕਰਕੇ ਇਕ ਸਿੱਖਾਂ ਨੂੰ ਦੇ ਦਿਤਾ ਗਿਆ ਅਤੇ ਇਕ ਮੁਸਲਮਾਨਾਂ ਨੂੰ। ਜਿਸ ਦਾ ਸਿੱਖਾਂ ਨੇ ਦਾਹ ਸਸਕਾਰ ਕੀਤਾ ਅਤੇ ਮੁਸਲਮਾਨਾਂ ਨੇ ਦਫਨਾਇਆ। ਸੇਖਵਾਂ ਨੇ ਕਿਹਾ ਕਿ ਇਸ ਸਬੰਧ ‘ਚ ਜ਼ਰੂਰਤ ਪੈਣ ‘ਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਂਦਰ ਸਰਕਾਰ ਨਾਲ ਵੀ ਗੱਲਬਾਤ ਕਰੇਗੀ।
Check Also
ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ
ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …