ਲੁਧਿਆਣਾ/ਬਿਊਰੋ ਨਿਊਜ਼
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਬਹਾਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਫੈਸਲਾ ਸੈਸ਼ਨ ਕੋਰਟ ਪਟਨਾ ਸਾਹਿਬ ਦੇ ਮਾਨਯੋਗ ਜੱਜ ਵਲੋਂ ਦਿੱਤਾ ਗਿਆ ਹੈ। ਫੈਸਲੇ ਤੋਂ ਬਾਅਦ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਦਫਤਰ ਦੇ ਕਾਗਜ਼ ਪੱਤਰ ਤੇ ਚਾਬੀਆਂ ਕਮੇਟੀ ਦੇ ਜਨਰਲ ਸਕੱਤਰ ਨੂੰ ਸੌਂਪ ਦਿੱਤੀਆਂ ਹਨ।
ਅਵਤਾਰ ਸਿੰਘ ਮੱਕੜ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਅਦਾਲਤ ਦੇ ਫੈਸਲੇ ਨਾਲ ਵਿਰੋਧੀਆਂ ਦੀ ਕਮੇਟੀ ‘ਤੇ ਕਬਜ਼ੇ ਦੀ ਚਾਲ ਅਸਫਲ ਹੋ ਗਈ ਹੈ। ਉਨ੍ਹਾਂ ਕਾਨੂੰਨੀ ਲੜਾਈ ਲੜਨ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਧੰਨਵਾਦ ਕੀਤਾ। ਇਸ ਫੈਸਲੇ ਨਾਲ ਪ੍ਰਧਾਨਗੀ ਤੋਂ ਲਾਂਭੇ ਹੋਏ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੇ ਹਨ, ਪਰ ਉਨ੍ਹਾਂ ਨੂੰ ਇਸ ਫੈਸਲੇ ਦੇ ਨਾਲ ਨਿਰਾਸ਼ਾ ਹੋਈ ਹੈ।