ਕਿਹਾ : ਜੇ ਸਿੱਧੂ ਨੂੰ ਪੰਜਾਬ ਪੁਲਿਸ ਨਾਲ ਨਫ਼ਰਤ ਹੈ ਤਾਂ ਉਹ ਆਪਣੀ ਸਕਿਓਰਿਟੀ ਛੱਡਣ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪੰਜਾਬ ਪੁਲਿਸ ਬਾਰੇ ਦਿੱਤੇ ਬਿਆਨ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅੰਦਰ ਇੰਨੇ ਇਮਾਨਦਾਰ ਅਫ਼ਸਰ ਅਤੇ ਹੋਰ ਕਰਮਚਾਰੀ ਹਨ ਜੋ ਬਹੁਤ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਂਦੇ ਹਨ ਪ੍ਰੰਤੂ ਸਿੱਧੂ ਵੱਲੋਂ ਪੰਜਾਬ ਪੁਲਿਸ ਦੇ ਜਵਾਨਾਂ ਦੀ ਬੇਇਜ਼ਤੀ ਕੀਤੀ ਗਈ ਹੈ। ਰਾਘਵ ਚੱਢਾ ਨੇ ਕਿਹਾ ਕਿ ਜੇਕਰ ਨਵਜੋਤ ਸਿੱਧੂ ਨੂੰ ਪੰਜਾਬ ਪੁਲਿਸ ਨਾਲ ਇੰਨੀ ਹੀ ਨਫ਼ਰਤ ਹੈ ਤਾਂ ਫਿਰ ਉਹ ਪੰਜਾਬ ਪੁਲਿਸ ਵੱਲੋਂ ਮਿਲੀ ਆਪਣੀ ਸਕਿਓਰਿਟੀ ਨੂੰ ਛੱਡ ਦੇਣ ਅਤੇ ਬਿਨਾ ਸਕਿਓਰਿਟੀ ਦੇ ਪੰਜਾਬ ’ਚ ਘੁੰਮ ਕੇ ਦੇਖਣ, ਫਿਰ ਪਤਾ ਲੱਗੇਗਾ ਕਿ ਲੋਕਾਂ ਦੇ ਦਿਲਾਂ ਵਿਚ ਉਨ੍ਹਾਂ ਲਈ ਕਿੰਨਾ ਕੁ ਪਿਆਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਪੁਲਿਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਜੋ ਮੁਆਫ਼ੀ ਦੇ ਕਾਬਲ ਨਹੀਂ। ਇਸ ਮੌਕੇ ਚੱਢਾ ਨੇ ਕਿਹਾ ਕਿ ਜੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੁਲਿਸ ਮੁਲਾਜ਼ਮਾਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ ਕਿਉਂਕਿ ਇਨ੍ਹਾਂ ਜਵਾਨਾਂ ਵੱਲੋਂ ਦਿੱਤੀ ਜਾਂਦੀ ਡਿਊਟੀ ਸਦਕਾ ਹੀ ਅਸੀਂ ਆਪਣੇ ਘਰਾਂ ’ਚ ਅਰਾਮ ਦੀ ਨੀਂਦ ਸੌਂਦੇ ਹਾਂ।