ਕਿਹਾ : ਅਕਾਲੀ ਦਲ ਦਾ ਚੋਣ ਨਿਸ਼ਾਨ ਬਾਬੇ ਨਾਨਕ ਦੀ ਤੱਕੜੀ ਨਾਲੋਂ ਘੱਟ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਬਠਿੰਡਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਇਕ ਨਵਾਂ ਵਿਵਾਦ ਖੜ੍ਹਾ ਕਰ ਲਿਆ ਹੈ। ਉਨ੍ਹਾਂ ਸ਼ੋ੍ਰਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੱਕੜੀ ਨਾਲ ਕਰ ਦਿੱਤੀ ਹੈ। ਜਿਸ ਨਾਲ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ਅਤੇ ਇਸ ਵਿਵਾਦਤ ਟਿੱਪਣੀ ਨੂੰ ਲੈ ਕੇ ਉਨ੍ਹਾਂ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਅਬੋਹਰ ਵਿਖੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਉਨ੍ਹਾਂ ਦੇ ਲਈ ਬਾਬੇ ਨਾਨਕ ਦੀ ਤੱਕੜੀ ਨਾਲੋਂ ਘੱਟ ਨਹੀਂ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਡਾ ਪਰਿਵਾਰ ਅਹਿਸਾਨਫਰਾਮੋਸ਼ ਨਹੀਂ ਹੈ ਅਤੇ ਅਸੀਂ ਲੋਕਾਂ ਦੇ ਅਹਿਸਾਨ ਦਾ ਮੁੱਲ ਮੋੜਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਸਾਡੇ ਲਈ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਬਾਬੇ ਨਾਨਕ ਦੀ ਤੱਕੜੀ ਤੋਂ ਘੱਟ ਅਹਿਮੀਅਤ ਨਹੀਂ ਰੱਖਦਾ। ਇਹ ਤੱਕੜੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਜੇਕਰ ਤੁਸੀਂ ਸਾਡੇ ’ਤੇ ਵਿਸ਼ਵਾਸ ਕਰੋਗੇ ਤਾਂ ਅਸੀਂ ਇਸ ਦਾ ਮੁੱਲ ਸੌ ਗੁਣਾ ਵਾਪਸ ਮੋੜਾਂਗੇ।