ਪੰਜਾਬ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਕੀਤਾ ਸਵਾਗਤ
ਨਵੀਂ ਦਿੱਲੀ/ਬਿਊਰੋ ਨਿਊਜ਼
ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਲਾਸਫੈਲੋ ਰਹੇ ਜਗਦੀਪ ਸਿੰਘ ਨਕਈ ਅੱਜ ਸ਼ੋ੍ਰਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਭਾਜਪਾ ਵਿਚ ਸ਼ਾਮਲ ਹੋ ਗਏ। ਉਨ੍ਹਾਂ ਸੰਸਦੀ ਸਕੱਤਰ ਦੇ ਅਹੁਦੇ ’ਤੇ ਵੀ ਕੰਮ ਕੀਤਾ ਅਤੇ ਮਾਨਸਾ ਜ਼ਿਲ੍ਹੇ ਦੇ ਜੋਗਾ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਸ਼ੋ੍ਰਮਣੀ ਅਕਾਲੀ ਦੀ ਟਿਕਟ ’ਤੇ ਚੋਣ ਜਿੱਤ ਕੇ ਵਿਧਾਇਕ ਵੀ ਬਣੇ। ਅਕਾਲੀ ਆਗੂ ਨਕਈ ਸਮੇਤ ਯੂਥ ਆਗੂ ਰਵੀਪ੍ਰੀਤ ਸਿੰਘ ਸਿੱਧੂ, ਸ਼ਮਸ਼ੇਰ ਸਿੰਘ ਰਾਏ, ਓਬੀਸੀ ਸਮਾਜ ਦੇ ਸੀਨੀਅਰ ਆਗੂ ਹਰਪਾਲ ਸਿੰਘ ਦੇਸੂਮਾਜਰਾ ਵੀ ਭਾਜਪਾ ਵਿਚ ਸ਼ਾਮਲ ਹੋ ਗਏ। ਪੰਜਾਬ ਵਿਚ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਕੀਤਾ ਅਤੇ ਉਨ੍ਹਾਂ ਕਿਹਾ ਕਿ ਸਰਦਾਰ ਨਕਈ ਨੂੰ ਪਾਰਟੀ ਵਿਚ ਬਣਦਾ ਸਨਮਾਨ ਦਿੱਤਾ ਜਾਵੇਗਾ। ਧਿਆਨ ਰਹੇ ਕਿ ਲੰਘੇ ਕੱਲ੍ਹ ਕਾਂਗਰਸ ਪਾਰਟੀ ਦੇ ਦੋ ਮੌਜੂਦਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਅਤੇ ਬਲਵਿੰਦਰ ਸਿੰਘ ਲਾਡੀ ਵੀ ਭਾਜਪਾ ਵਿਚ ਸ਼ਾਮਲ ਹੋ ਗਏ।