25.2 C
Toronto
Wednesday, August 19, 2026
spot_img
HomeਕੈਨੇਡਾFrontਹਰਿਆਣਵੀ ਜਾਟ ਸਤੀਸ਼ ਪੂਨਿਆ ਹੋਣਗੇ ਪੰਜਾਬ ਭਾਜਪਾ ਦੇ ਇੰਚਾਰਜ

ਹਰਿਆਣਵੀ ਜਾਟ ਸਤੀਸ਼ ਪੂਨਿਆ ਹੋਣਗੇ ਪੰਜਾਬ ਭਾਜਪਾ ਦੇ ਇੰਚਾਰਜ

ਹਰਿਆਣਵੀ ਜਾਟ ਸਤੀਸ਼ ਪੂਨਿਆ ਹੋਣਗੇ ਪੰਜਾਬ ਭਾਜਪਾ ਦੇ ਇੰਚਾਰਜ
ਚੋਣਾਂ ਜਿੱਤਣ ਲਈ ਪੰਜਾਬ ਵਿੱਚ ਖ਼ਾਸ ਤੌਰ ਤੇ ਵੇਖੇ ਜਾ ਰਹੇ ਨੇ ਜਾਤੀ ਸਮੀਕਰਨ
ਜ਼ਿਆਦਾਤਰ ਜੱਟਾਂ ਤੇ ਮੇਹਰਬਾਨ ਹੋ ਰਹੀ ਹੈ ਭਾਰਤੀ ਜਨਤਾ ਪਾਰਟੀ

ਅਮਰਜੀਤ ਸਿੰਘ
ਚੰਡੀਗੜ੍ਹ/ਦਿੱਲੀ 18 ਅਗਸਤ 2026।

ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਹਰਿਆਣਵੀ ਜਾਟ ਸਤੀਸ਼ ਪੂਨੀਆ ਨੂੰ ਪੰਜਾਬ ਭਾਜਪਾ ਦਾ ਇੰਚਾਰਜ ਨਿਯੁਕਤ ਕੀਤਾ ਹੈ। ਪੂਨੀਆ ਨੇ ਹਰਿਆਣਾ ਦੀਆਂ ਪਿਛਲੀਆਂ ਚੋਣਾਂ ਜਿਤਾਉਣ  ਵਿੱਚ ਖਾਸ ਕਿਰਦਾਰ ਨਿਭਾਇਆ ਸੀ। ਉਹਨਾਂ ਨੇ ਉਸ ਟੀਮ ਦੀ ਅਗਵਾਈ ਕੀਤੀ ਸੀ ਜਿਸਨੇ 2024 ਵਿੱਚ ਭਾਰਤੀ ਜਨਤਾ  ਪਾਰਟੀ ਦੀ ਹਰਿਆਣਾ ਵਿੱਚ ਲਗਾਤਾਰ ਤੀਜੀ ਜਿੱਤ ਹਾਸਿਲ ਕਰਕੇ ਹੈਟ੍ਰਿਕ ਬਣਾਈ ਸੀ। ਉਹ ਹਰਿਆਣਾ ਲਈ ਭਾਜਪਾ ਦੇ ਇੰਚਾਰਜ ਵੀ ਰਹੇ ਹਨ। ਪੂਨੀਆ ਨੂੰ ਤਿੰਨ ਮਹੀਨੇ ਪਹਿਲਾਂ ਪੰਜਾਬ ਭਾਜਪਾ ਸੰਗਠਨ ਨੂੰ ਮਜ਼ਬੂਤ ਕਰਨ ਦਾ ਕੰਮ ਸੌਂਪਿਆ ਗਿਆ ਸੀ। ਪੂਨੀਆ ਹਾਲ ਹੀ ਵਿੱਚ ਰਾਜਸਥਾਨ ਤੋਂ ਰਾਜ ਸਭਾ ਲਈ ਚੁਣੇ ਗਏ ਸਨ।

ਜਿਥੋਂ ਤਕ ਮਨਪ੍ਰੀਤ ਸਿੰਘ ਬਾਦਲ ਦੀ ਚੋਣ ਦਾ ਸਵਾਲ ਹੈ ਉਹ ਇਸ ਲਈ ਅਹਿਮ ਲਗਦੀ ਹੈ ਕਿਉਂਕਿ ਸਾਬਕਾ ਮੁੱਖਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਨਾਲ ਸੰਬੰਧਤ ਅਤੇ ਦੋ ਵਾਰ ਪੰਜਾਬ ਦੇ ਵਿੱਤਮੰਤਰੀ ਰਹੇ ਹੋਣ ਕਾਰਨ ਉਹਨਾਂ ਕੋਲ ਰਾਜਨੀਤੀ ਦਾ ਇੱਕ ਲੰਮਾ ਤਜ਼ੁਰਬਾ ਹੈ। ਨਾਲ ਹੀ ਉਹ ਜੱਟ ਸਿੱਖਾਂ ਦੀ ਨੁਮਾਇੰਦਗੀ ਵੀ ਕਰਦੇ ਹਨ।  ਬਹੁਤ ਹੀ ਹਲੀਮੀ ਨਾਲ ਗੱਲ ਕਰਨ ਵਾਲੇ ਮਨਪ੍ਰੀਤ ਉਰਦੂ ਜ਼ੁਬਾਨ ਨੂੰ ਬਹੁਤ ਮੁਹੱਬਤ ਕਰਦੇ ਹਨ। ਸਿਰਫ ਉਰਦੂ ਅਦਬ ਨਾਲ ਹੀ ਨਹੀਂ ਬਲਕਿ ਮੁਸਲਿਮ ਧਰਮ ਨਾਲ ਵੀ ਉਹਨਾਂ ਦੀ ਖਾਸ ਨੇੜਤਾ ਹੈ ਜਿਸਦੇ ਚਲਦਿਆਂ ਉਹ ੭੮੬ ਨੰਬਰ ਵਾਲੀਆਂ ਗੱਡੀਆਂ ਰੱਖਣ ਦੇ ਸ਼ੌਕੀਨ ਹਨ। ਅੱਲਾਮਾ ਇਕਬਾਲ ਦੀ ਸ਼ਾਇਰੀ ਦੇ ਸ਼ੈਦਾਈ ਮਨਪ੍ਰੀਤ ਜਦੋਂ ਵਿਧਾਨਸਭਾ ਵਿੱਚ ਬੋਲਦੇ ਸਨ ਤਾਂ ਹਰ ਕੋਈ ਉਹਨਾਂ ਦੀ ਗੱਲ ਬਹੁਤ ਧਿਆਨ ਨਾਲ ਸੁਣਦਾ ਸੀ।  ਕਿਹਾ ਜਾ ਸਕਦੈ ਕਿ ਹਾਲ ਵਿੱਚ ਪਿੰਨ ਡਰਾਪ ਸਾਈਲੈਂਸ ਹੋ ਜਾਂਦੀ ਸੀ ।

ਤਰੁਣ ਚੁੱਘ ਦਾ ਨਾਂਅ ਪਹਿਲਾਂ ਕੇਂਦਰੀ ਮੰਤਰੀਮੰਡਲ ਵਿੱਚ ਵਿਚਾਰਿਆ ਜਾ ਰਿਹਾ ਸੀ ਜਦੋਂ ਰਵਨੀਤ ਬਿੱਟੂ ਦੀ ਰਾਜਸਭਾ ਦੀ ਮਿਆਦ ਖਤਮ ਹੋਣ ਤੇ ਉਸਨੂੰ ਅੱਗੇ ਮੌਕਾ ਨਹੀਂ ਸੀ ਦਿੱਤਾ ਜਾ ਰਿਹਾ। ਚੁੱਘ ਦਾ ਕੇਂਦਰੀ ਦਫਤਰ ਦੀ ਭੂਮਿਕਾ ਵਿੱਚ ਬਰਕਰਾਰ ਰਹਿਣਾ ਵੀ ਕਾਫੀ ਮਹੱਤਵਪੂਰਨ ਗੱਲ ਹੈ। ਉਹ ਭਾਜਪਾ ਦੇ ਸਾਬਕਾ ਪ੍ਰਧਾਨ ਜੇਪੀ ਨੱਡਾ ਦੀ ਅਗਵਾਈ ਹੇਠ ਰਾਸ਼ਟਰੀ ਜਨਰਲ ਸਕੱਤਰ ਵਜੋਂ ਸੇਵਾ ਨਿਭਾਉਂਦੇ ਰਹੇ ਹਨ। ਸ਼੍ਰੀ  ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਚੁੱਘ ਨੂੰ ਮਿਠਬੋਲੜੇ ਇਨਸਾਨ ਵਜੋਂ ਜਾਣਿਆ ਜਾਂਦਾ ਹੈ। ਬਾਦਲ ਅਤ ਚੁੱਘ ਤੋਂ ਇਲਾਵਾ, ਸੰਦੀਪ ਪਾਠਕ ਦੀ ਨਿਯੁਕਤੀ ਆਮ ਆਦਮੀ ਪਾਰਟੀ ਨਾਲ ਉਨ੍ਹਾਂ ਦੇ ਪਿਛਲੇ ਤਜਰਬੇ ਨੂੰ ਦੇਖਦੇ ਹੋਏ ਮਹੱਤਵਪੂਰਨ ਜਾਪਦੀ ਹੈ।  ਉਹਨਾਂ ਨੇ ਪੰਜਾਬ ਵਿੱਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਅੱਗੇ ਵਧਾਉਣ ਵਿੱਚ ਖਾਸ ਭੂਮਿਕਾ ਨਿਭਾਈ ਸੀ।

੨੦੨੭ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਜਿਸ ਕਾਰਨ ਭਾਰਤੀ ਜਨਤਾ ਪਾਰਟੀ ਨੇ ਆਪਣੀ ਰਾਸ਼ਟਰੀ ਟੀਮ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਹਨ। ਸਭਤੋਂ ਖਾਸ ਗੱਲ ਇਹ ਕਿ ਪੰਜਾਬ ਟੀਮ ਵਿੱਚ ਮਜ਼ਬੂਤ ਆਧਾਰ ਅਤੇ ਤਕੜੇ ਸਬੰਧਾਂ ਵਾਲੇ ਤਿੰਨ ਨੇਤਾ ਸ਼ਾਮਲ ਕੀਤੇ ਗਏ ਹਨ। ਇਹਨਾਂ ਵਿੱਚ ਪੰਜਾਬ ਦੇ ਦੋ ਵਾਰ ਵਿੱਤ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਨੂੰ ਰਾਸ਼ਟਰੀ ਉਪ-ਪ੍ਰਧਾਨ, ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ (ਰਾਸ਼ਟਰੀ ਸਕੱਤਰ) ਅਤੇ ਜਨਰਲ ਸਕੱਤਰ ਤਰੁਣ ਚੁੱਘ ਸ਼ਾਮਲ ਹਨ। ਇਹ ਰਣਨੀਤਕ ਕਦਮ ਭਾਜਪਾ ਦੇ ਪੰਜਾਬ ਵਿੱਚ ਆਪਣੀ ਮੌਜੂਦਗੀ ਨੂੰ ਵਧਾਉਣ ਅਤੇ ਸਾਰੇ 117 ਹਲਕਿਆਂ ਵਿੱਚ ਆਪਣੇ ਆਪ ਨੂੰ ਜਿੱਤ ਦੇ ਇੱਕ ਮਜ਼ਬੂਤ ਦਾਅਵੇਦਾਰ ਵਜੋਂ ਪੇਸ਼ ਕਰਦੇ ਹਨ ।

ਭਾਰਤੀ ਜਨਤਾ ਪਾਰਟੀ ਨੇ ਜੋ ਤਰਕੀਬ ਹਰਿਆਣਾ ਵਿੱਚ ਲੜਾਈ ਸੀ ਲਗਦੈ ਓਹੀ ਤਰਕੀਬ ਉਹ ਹੁਣ ਪੰਜਾਬ ਵਿੱਚ ਵੀ ਲੜਾਉਣ ਜਾ ਰਹੀ ਹੈ। ਉਦੋਂ ਭਾਜਪਾ ਜਾਟ, ਸਿੱਖ, ਓਬੀਸੀ ਅਤੇ ਦਲਿਤਾਂ ਦੇ ਮੋਢੇ ਤੇ ਰੱਖ ਕੇ ਖੇਡ ਰਹੀ ਸੀ। ਹੁਣ ਪੰਜਾਬ ਦੇ ਜੱਟਾਂ ਦੇ ਮੋਢਿਆਂ ਤੇ ਰੱਖ ਕੇ ਚਲਾਉਣ ਦੇ ਰੌਂ ਵਿੱਚ ਹੈ ਭਾਜਪਾ। ਪਹਿਲਾਂ ਪੰਜਾਬ ਭਾਜਪਾ ਦਾ ਪ੍ਰਧਾਨ ਇੱਕ ਜੱਟ ਸਿੱਖ ਯਾਨੀ ਕੇਵਲ ਸਿੰਘ ਢਿੱਲੋਂ ਨੂੰ ਬਣਾਇਆ ਗਿਆ। ਹੁਣ ਨਿਤਿਨ ਨਬੀਨ ਦੀ ਟੀਮ ਵਿੱਚ ਮਨਪ੍ਰੀਤ ਸਿੰਘ ਬਾਦਲ ਵਰਗੇ ਜੱਟ ਨੂੰ ਸ਼ਾਮਿਲ ਕਰ ਲਿਆ ਗਿਆ ਹੈ।

ਪਾਰਟੀ ਖੁਦ ਵੀ ਇਹ ਮੰਨਦੀ ਹੈ ਕਿ ਮਨਪ੍ਰੀਤ ਬਾਦਲ ਦਾ ਪੰਜਾਬ ਦੇ ਜੱਟਾਂ ਵਿੱਚ ਚੰਗਾ ਆਧਾਰ ਹੈ ਤੇ ਉਹ ਵੋਟਾਂ ਖਿੱਚਣ ਦੇ ਕਾਬਿਲ ਹਨ। ਹਾਲਾਂਕਿ ਜਦੋਂ ਰਵਨੀਤ ਬਿੱਟੂ ਨੂੰ ਕਾਂਗਰਸ ਤੋਂ ਕੱਢ ਦੇ ਭਾਜਪਾ ਨ ਆਪਣੀ ਬੁੱਕਲ ਵਿੱਚ ਲਿਆ ਸੀ ਤਾਂ ਉਹ ਕੋਈ ਕ੍ਰਿਸ਼ਮਾ ਨਹੀਂ ਸਨ ਕਰ ਸਕੇ। ਐਥੋਂ ਤਕ ਕਿ ਉਹ ਆਪਣੀ ਸੀਟ ਵੀ ਹਾਰ ਗਏ ਸਨ। ਭਾਵੇਂ ਬਿੱਟੂ ਨੂੰ ਕੇਂਦਰੀ ਮੰਤਰੀਮੰਡਲ ਵਿੱਚ ਸ਼ਾਮਿਲ ਕਰਨ ਪਿੱਛੇ ਭਾਜਪਾ ਦੀ ਸੋਚ ਇਹੋ ਸੀ ਕਿ ਉਹਨਾਂ ਦਾ ਜੱਟ ਬਿਰਾਦਰੀ ਵਿੱਚ ਚੰਗਾ ਰੁਤਬਾ ਹੈ ਤੇ ਇਸਨੂੰ ਆਉਂਦੀਆਂ ਚੋਣਾਂ ਵਿੱਚ ਕੈਸ਼ ਕੀਤਾ ਜਾ ਸਕਦੈ।

ਹੁਣ ਵੀ ਜੋ ਕੁੱਝ ਚੱਲ ਰਿਹਾ ਹੈ ਉਸ ਵਿੱਚ ਵੀ ਜਾਤ ਬਿਰਾਦਰੀ ਦੇ ਸਮੀਕਰਨ ਮੁੱਖ ਭੂਮਿਕਾ ਨਿਭਾ ਰਹੇ ਹਨ। ਸਤੀਸ਼ ਪੂਨੀਆ ਹਰਿਆਣਾ ਦੇ ਜਾਟ (ਜੱਟ) ਹਨ ਤੇ ਉਹਨਾਂ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪੰਜਾਬ ਦੌਰਿਆਂ ਦੌਰਾਨ  ਉਹਨਾਂ ਦੇ ਨਾਲ ਵੇਖਿਆ ਜਾਂਦਾ ਹੈ। ਇਸਤੋਂ ਇੱਕ ਸੁਨੇਹਾ ਤਾਂ ਇਹ ਜਾਂਦਾ ਹੈ ਕਿ ਸੈਣੀ ਦੇ ਨਾਲ ਨਾਲ ਪੂਨੀਆ ਦੀ ਵੀ ਪੰਜਾਬ ਵਿੱਚ ਚੰਗੀ ਜਾਣ ਪਛਾਣ ਹੈ। ਤੇ ਇਹ ਗੱਲ ਭਾਜਪਾ ਦੇ  ਹਿੱਤ ਵਿੱਚ ਜਾਂਦੀ ਹੈ। ਉਂਝ ਪਹਿਲਾਂ ਹੀ ਪੰਜਾਬ ਭਾਜਪਾ ਦੇ ਨਾਲ ਜਿੰਨੇ ਵੀ ਨੇਤਾ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਛੱਡ ਕੇ ਜੁੜੇ ਨੇ ਇਹਨਾਂ ਵਿਚੋਂ ਵੀ ਜ਼ਿਆਦਾਤਰ ਜੱਟ ਹੀ ਹੀ ਹਨ , ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਸੁਨੀਲ ਜਾਖੜ।

RELATED ARTICLES
POPULAR POSTS