ਨਵੀਂ ਦਿੱਲੀ: ‘ਆਪ’ ਨੇ ਕਿਹਾ ਕਿ ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਦੀ ਜਾਂਚ ਕਰ ਰਹੇ ਤਫ਼ਤੀਸ਼ਕਾਰ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਝੂਠੀਆਂ ਕਹਾਣੀਆਂ ਘੜ ਕੇ ਪਾਰਟੀ ਦੀ ਦਿੱਖ ਨੂੰ ਢਾਹ ਲਾਉਣਾ ਚਾਹੁੰਦੇ ਹਨ। ‘ਆਪ’ ਨੇ ਮਾਲੀਵਾਲ ਦੇ ਆਰੋਪਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਭਾਜਪਾ ਦੇ ਆਖੇ ਲੱਗ ਕੇ ਕੇਜਰੀਵਾਲ ਨੂੰ ਫਸਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ‘ਆਪ’ ਆਗੂ ਸੌਰਭ ਭਾਰਦਵਾਜ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੇ ਰਿਕਾਰਡਰ ਪਹਿਲਾਂ ਹੀ ਕਬਜ਼ੇ ਵਿਚ ਲੈ ਲਏ ਹਨ। ਭਾਰਦਵਾਜ ਨੇ ਦਾਅਵਾ ਕੀਤਾ, ”ਲੰਘੇ ਦਿਨ ਉਨ੍ਹਾਂ ਦਾਖਲਾ ਗੇਟਾਂ ਤੇ ਚਾਰਦੀਵਾਰੀ ‘ਤੇ ਲੱਗੇ ਕੈਮਰਿਆਂ ਦੇ ਡੀਵੀਆਰ ਜ਼ਬਤ ਕੀਤੇ ਸਨ। ਅੱਜ ਉਨ੍ਹਾਂ ਘਰ ਦੇ ਦੂਜੇ ਹਿੱਸੇ ਵਿਚ ਲੱਗੇ ਕੈਮਰਿਆਂ ਦੇ ਡੀਵੀਆਰ ਵੀ ਕਬਜ਼ੇ ਵਿਚ ਲੈ ਲਏ। ਪੁਲਿਸ ਸੀਸੀਟੀਵੀ ਫੁਟੇਜ ਡਿਲੀਟ ਕਰਨ ਦੀਆਂ ਕਹਾਣੀਆਂ ਘੜ ਰਹੀ ਹੈ, ਪਰ ਉਹ ਤਾਂ ਪਹਿਲਾਂ ਹੀ ਇਨ੍ਹਾਂ ਨੂੰ ਕਬਜ਼ੇ ਵਿਚ ਲੈ ਚੁੱਕੇ ਹਨ।” ਭਾਰਦਵਾਜ ਨੇ ਕਿਹਾ ਕਿ ਕਬਜ਼ੇ ਵਿਚ ਲਏ ਸੀਸੀਟੀਵੀ ਕੈਮਰੇ ਤੇ ਫੁਟੇਜ ਦਾ ਪ੍ਰਬੰਧ ਪਬਲਿਕ ਵਰਕਸ ਵਿਭਾਗ ਕੋਲ ਹੈ।