ਕਾਂਗਰਸ ਨੇ ਮੋਦੀ ਨੂੰ ਠਹਿਰਾਇਆ ਜ਼ਿੰਮੇਵਾਰ
ਗੜ੍ਹਚਿਰੌਲੀ (ਮਹਾਰਾਸ਼ਟਰ)/ਬਿਊਰੋ ਨਿਊਜ਼ : ਮਾਓਵਾਦੀਆਂ ਵੱਲੋਂ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿਚ ਬੁੱਧਵਾਰ ਨੂੰ ਕੀਤੇ ਗਏ ਬਾਰੂਦੀ ਸੁਰੰਗ ਧਮਾਕੇ ਵਿਚ ਪੁਲਿਸ ਦੇ 15 ਕਮਾਂਡੋ ਸ਼ਹੀਦ ਹੋ ਗਏ ਅਤੇ ਇਕ ਆਮ ਨਾਗਰਿਕ ਦੀ ਜਾਨ ਵੀ ਚਲੀ ਗਈ। ਇਹ ਹਮਲਾ ਉਦੋਂ ਹੋਇਆ ਜਦੋਂ ਮਹਾਰਾਸ਼ਟਰ ਆਪਣੇ ਸਥਾਪਨਾ ਦਿਵਸ ਦੇ ਜਸ਼ਨ ਮਨਾ ਰਿਹਾ ਸੀ। ਮਹਾਰਾਸ਼ਟਰ ਪੁਲਿਸ ਦੇ ਸੀ-60 ਕਮਾਂਡੋਜ਼ ਨੂੰ ਲੈ ਕੇ ਜਾ ਰਿਹਾ ਵਾਹਨ ਕੁਰਖੇੜਾ ਇਲਾਕੇ ਵਿਚ ਕਰੀਬ ਸਾਢੇ 12 ਵਜੇ ਬਾਰੂਦੀ ਸੁਰੰਗ ਦੀ ਲਪੇਟ ਵਿਚ ਆ ਗਿਆ। ਇਹ ਹਮਲਾ ਉਸ ਸਮੇਂ ਹੋਇਆ ਜਦੋਂ 10 ਕੁ ਘੰਟੇ ਪਹਿਲਾਂ ਮਾਓਵਾਦੀਆਂ ਨੇ ਗੜ੍ਹਚਿਰੌਲੀ ਦੇ ਦਾਦਰਪੁਰ ਪਿੰਡ ਵਿਚ ਸੜਕ ਉਸਾਰੀ ਦੇ ਕੰਮਾਂ ਵਿਚ ਲੱਗੇ 36 ਵਾਹਨਾਂ ਅਤੇ ਠੇਕੇਦਾਰ ਦੇ ਦੋ ਦਫ਼ਤਰਾਂ ਨੂੰ ਅੱਗ ਹਵਾਲੇ ਕਰ ਦਿੱਤਾ ਸੀ।
ਸੂਤਰਾਂ ਮੁਤਾਬਕ ਜੰਗਲੀ ਇਲਾਕੇ ਵਿਚ ਪੈਂਦੀ ਸੁੰਨਸਾਨ ਸੜਕ ‘ਤੇ ਜਦੋਂ ਕਮਾਂਡੋਜ਼ ਦਾ ਵਾਹਨ ਜਾ ਰਿਹਾ ਸੀ ਤਾਂ ਅੱਗੇ ਦਰੱਖਤ ਡੇਗ ਕੇ ਰਾਹ ਬੰਦ ਕੀਤਾ ਹੋਇਆ ਸੀ। ਜਵਾਨਾਂ ਨੇ ਜਦੋਂ ਵਾਹਨ ਤੋਂ ਉਤਰ ਕੇ ਸੜਕ ਤੋਂ ਦਰੱਖਤਾਂ ਨੂੰ ਹਟਾਉਣਾ ਸ਼ੁਰੂ ਕੀਤਾ ਤਾਂ ਧਮਾਕਾ ਹੋ ਗਿਆ ਜਿਸ ਕਾਰਨ ਥਾਂ ‘ਤੇ ਹੀ ਜਵਾਨਾਂ ਦੀ ਮੌਤ ਹੋ ਗਈ। ਕਮਾਂਡੋਜ ਨੂੰ ਮਾਓਵਾਦੀਆਂ ਬਾਰੇ ਸੂਹ ਮਿਲੀ ਸੀ ਜਿਨ੍ਹਾਂ ਨਾਲ ਨਜਿੱਠਣ ਲਈ ਉਹ ਅੱਗੇ ਵੱਧ ਰਹੇ ਸਨ। ਮਹਾਰਾਸ਼ਟਰ ਦੇ ਡੀਜੀਪੀ ਸੁਬੋਧ ਜੈਸਵਾਲ ਨੇ ਕਿਹਾ ਕਿ ਸੁਰੱਖਿਆ ਬਲਾਂ ਦਾ ਵਾਹਨ ਬਾਰੂਦੀ ਸੁਰੰਗ ਦੀ ਲਪੇਟ ਵਿਚ ਆ ਗਿਆ ਜਿਸ ਵਿਚ 15 ਜਵਾਨ ਸਵਾਰ ਸਨ। ਇਸ ਤੋਂ ਇਲਾਵਾ ਇਕ ਸਿਵਲੀਅਨ ਵਾਹਨ ਵੀ ਧਮਾਕੇ ਵਿਚ ਨੁਕਸਾਨਿਆ ਗਿਆ। ਸਰਕਾਰ ਨੇ ਸਬਕ ਨਹੀਂ ਸਿੱਖਿਆ: ਕਾਂਗਰਸ : ਕਾਂਗਰਸ ਨੇ ਮਹਾਰਾਸ਼ਟਰ ਵਿਚ ਮਾਓਵਾਦੀ ਹਮਲੇ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ‘ਵੱਡੀਆਂ ਗੱਲਾਂ’ ਦੇ ਬਾਵਜੂਦ ਉਨ੍ਹਾਂ ਪੁਲਵਾਮਾ ਤੋਂ ਕੋਈ ਸਬਕ ਨਹੀਂ ਲਿਆ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ।
ਸਾਜ਼ਿਸ਼ਘਾੜੇ ਬਖ਼ਸ਼ੇ ਨਹੀਂ ਜਾਣਗੇ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਓਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਗੜ੍ਹਚਿਰੌਲੀ ਹਿੰਸਾ ਦੇ ਸਾਜ਼ਿਸ਼ਘਾੜਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਕਿ ਦੁੱਖ ਦੀ ਇਸ ਘੜੀ ਵਿਚ ਉਹ ਉਨ੍ਹਾਂ ਨਾਲ ਖੜ੍ਹੇ ਹਨ।
Check Also
ਅਦਾਕਾਰ ਅੱਲੂ ਅਰਜਨ 18 ਘੰਟੇ ਮਗਰੋਂ ਜੇਲ੍ਹ ਤੋਂ ਹੋਏ ਰਿਹਾਅ
ਕਿਹਾ : ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ ਹੈਦਰਾਬਾਦ/ਬਿਊਰੋ ਨਿਊਜ਼ : ਫਿਲਮ ਪੁਸ਼ਪਾ-2 …