ਤਲਵਿੰਦਰ ਸਿੰਘ ਬੁੱਟਰ
ਅੱਜ ਸਾਡਾ ਸਮੁੱਚਾ ਸਮਾਜ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਦੇ ਪਤਨ ਵੱਲ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਭਾਰਤ ਦੀਆਂ ਧਾਰਮਿਕ ਕਦਰਾਂ-ਕੀਮਤਾਂ, ਜੋ ਸਮਾਜ ਨੂੰ ਨੈਤਿਕਤਾ ਅਤੇ ਸਦਾਚਾਰਕ ਬੰਧਨਾਂ ‘ਚ ਜਕੜ ਕੇ ਰੱਖਦੀਆਂ ਰਹੀਆਂ ਹਨ, ਖ਼ੁਦ ਇਸ ਅਨੈਤਿਕਤਾ ਦਾ ਸ਼ਿਕਾਰ ਹੋ ਰਹੀਆਂ ਹਨ। ਸਿੱਖ ਧਰਮ ਵਿਚ ਨੈਤਿਕਤਾ ਅਤੇ ਆਚਰਣ ਦੀ ਸੁੱਚਮਤਾ ‘ਤੇ ਸਭ ਤੋਂ ਵੱਧ ਜ਼ੋਰ ਦਿੱਤਾ ਗਿਆ ਹੈ, ਪਰ ਅੱਜ ਸਿੱਖ ਸਮਾਜ ਵੀ ਅਨੈਤਿਕਤਾ ਦੀਆਂ ਨੀਵਾਣਾਂ ਵੱਲ ਵੱਧ ਰਿਹਾ ਹੈ।
ਪਿਛਲੇ ਕੁਝ ਸਮੇਂ ਤੋਂ ਗਾਹੇ-ਬਗਾਹੇ ਸਾਡੇ ਧਾਰਮਿਕ ਅਸਥਾਨਾਂ ਅੰਦਰ ਕੁਝ ਇਕ ਲੋਕਾਂ ਦੇ ਅਨੈਤਿਕ ਕੰਮਾਂ ਨਾਲ ਤਾਂ ਇਹ ਵਰਤਾਰਾ ਹੋਰ ਵੀ ਭਿਆਨਕ ਰੂਪ ‘ਚ ਸਾਹਮਣੇ ਆ ਰਿਹਾ ਹੈ। ਗੁਰੂ-ਘਰਾਂ ਅੰਦਰ ਕਦੇ-ਕਦਾਈਂ ਅਨੈਤਿਕ ਕੰਮਾਂ ਵਾਲੀਆਂ ਘਟਨਾਵਾਂ ਨਾਲ ਸਮੁੱਚੇ ਸਿੱਖ ਸਮਾਜ ਨੂੰ ਹੀ ਸ਼ਰਮਸਾਰ ਹੋਣਾ ਪੈਂਦਾ ਹੈ। ਪਿਛਲੇ ਦਿਨੀਂ ਗੁਰਦੁਆਰਾ ਗੰਗਸਰ ਸਾਹਿਬ, ਜੈਤੋ ਵਿਖੇ ਵੀ ਇਸ ਤਰ੍ਹਾਂ ਦੀ ਇਕ ਸ਼ਰਮਨਾਕ ਘਟਨਾ ਵਾਪਰੀ। ਇਸ ਵਰਤਾਰੇ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਕਾ ਨਿਯਮ ਬਣਾ ਦਿੱਤਾ ਹੈ ਕਿ ‘ਅਨੈਤਿਕ ਕੰਮ ਕਰਨ ਵਾਲੇ’ ਮੁਲਾਜ਼ਮ ਨੌਕਰੀ ਤੋਂ ਫ਼ੌਰੀ ਤੌਰ ‘ਤੇ ਬਰਖ਼ਾਸਤ ਹੋਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਕਹਿਣਾ ਸੀ ਕਿ ਗੁਰਦੁਆਰਾ ਪ੍ਰਬੰਧਾਂ ਦੇ ਮੁਲਾਜ਼ਮਾਂ ਦੇ ਜੀਵਨ ਦੂਜਿਆਂ ਲਈ ਸੇਧਮਈ ਹੋਣੇ ਚਾਹੀਦੇ ਹਨ, ਜਿਸ ਕਾਰਨ ਗੁਰਦੁਆਰਾ ਮੁਲਾਜ਼ਮਾਂ ਵਿਚ ਅਨੈਤਿਕਤਾ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇੱਥੇ ਸਵਾਲਾਂ ਦਾ ਸਵਾਲ ਇਹ ਹੈ ਕਿ ਸਿੱਖ ਧਰਮ ‘ਚ ਆਚਰਣ ਦੀ ਸਵੱਛਤਾ ਅਤੇ ਨੈਤਿਕਤਾ ‘ਤੇ ਜਿੰਨਾ ਸਪਸ਼ਟ ਤੌਰ ‘ਤੇ ਜ਼ੋਰ ਦਿੱਤਾ ਗਿਆ ਹੈ, ਉਸ ਦੇ ਬਾਵਜੂਦ ਅੱਜ ਸਿੱਖ ਸਮਾਜ ‘ਚ ਇੰਨੀ ਨੈਤਿਕ ਗਿਰਾਵਟ ਕਿਉਂ ਆ ਰਹੀ ਹੈ? ਪਰ ਇਸ ਤੋਂ ਵੀ ਪਹਿਲਾਂ ਇਸ ਸਵਾਲ ਦਾ ਜੁਆਬ ਲੱਭਣਾ ਪਵੇਗਾ ਕਿ ਧਾਰਮਿਕ ਅਦਾਰਿਆਂ ਦੇ ਅਹੁਦੇਦਾਰ ਅਤੇ ਸੇਵਾਦਾਰ ਸਿੱਖੀ ਆਚਰਣ ਦੀ ਮਿਸਾਲ ਬਣਨ ਦੀ ਥਾਂ ਖ਼ੁਦ ਅਨੈਤਿਕਤਾ ਦਾ ਸ਼ਿਕਾਰ ਕਿਉਂ ਹੋ ਰਹੇ ਹਨ?
ਪੰਦ੍ਹਰਵੀਂ ਸਦੀ ‘ਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖ ਕੇ ਧਾਰਮਿਕ ਇਨਕਲਾਬ ਦਾ ਉਥਾਨ ਕੀਤਾ ਸੀ, ਤਾਂ ਉਸ ਵੇਲੇ ਸਮਾਜ ‘ਚ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਅਰਾਜਕਤਾ ਸਿਰੇ ‘ਤੇ ਸੀ। ਸਮਕਾਲੀ ਹਿੰਦੂ ਅਤੇ ਇਸਲਾਮ ਧਰਮ ਦੇ ਰਾਹ-ਦਿਸੇਰੇ ਕਰਮ-ਕਾਂਡਾਂ ਅਤੇ ਪਾਖੰਡਵਾਦ ਰਾਹੀਂ ਲੋਕਾਂ ‘ਤੇ ਆਪਣੀ ‘ਸਰਵਉੱਚਤਾ’ ਥੋਪ ਰਹੇ ਸਨ। ਇਸੇ ਤਰ੍ਹਾਂ ਉਨ੍ਹਾਂ ‘ਚ ਅਨੈਤਿਕਤਾ ਦਾ ਵੀ ਬੋਲਬਾਲਾ ਸੀ ਅਤੇ ਲੋਕ ‘ਕਰੋਪੀਆਂ’ ਅਤੇ ‘ਸਰਾਪਾਂ’ ਦੇ ਡਰ ਕਾਰਨ ਉਨ੍ਹਾਂ ਦੀ ਅਨੈਤਿਕਤਾ ਨੂੰ ਬਰਦਾਸ਼ਤ ਕਰ ਰਹੇ ਸਨ। ਉਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਪਾਖੰਡਵਾਦ ਤੇ ਧਰਮ ਦੇ ਚੋਲੇ ‘ਚ ਲੁਕੀ ਅਨੈਤਿਕਤਾ ਦਾ ਭਾਂਡਾ ਭੰਨਿਆ ਅਤੇ ਕੂੜ ਪਸਾਰੇ ਨੂੰ ਗੁਰਬਾਣੀ ਦੇ ਚਾਨਣ ਨਾਲ ਦੂਰ ਕੀਤਾ। ਗੁਰੂ ਸਾਹਿਬ ਨੇ ਉਸ ਵੇਲੇ ਦੇ ਧਾਰਮਿਕ ਰਹਿਬਰਾਂ ‘ਚ ਅਨੈਤਿਕਤਾ ਦੇ ਬੋਲਬਾਲੇ ਲਈ ‘ਧਰਮ ਨੂੰ ਧੰਦਾ ਬਣਾ ਲੈਣ ਦੀ ਪ੍ਰਵਿਰਤੀ’ ਨੂੰ ਜ਼ਿੰਮੇਵਾਰ ਦੱਸਿਆ ਸੀ।
ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ॥ ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ॥ (ਸਲੋਕ ਮ. ੩, ਪੰਨਾ 1246)
ਗੁਰੂ ਸਾਹਿਬ ਦੱਸਦੇ ਹਨ ਕਿ ਉਸ ਵੇਲੇ ਦੇ ਧਾਰਮਿਕ ਪੋਥੀਆਂ ਪੜ੍ਹ-ਪੜ੍ਹ ਕੇ ਲੋਕਾਂ ਨੂੰ ਉਪਦੇਸ਼ ਦੇਣ ਵਾਲੇ ਪੁਜਾਰੀ ਖ਼ੁਦ ਧਰਮ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਸਨ ਅਤੇ ਮਾਇਆ ਅਤੇ ਪੰਜ ਵਿਕਾਰਾਂ ਤੋਂ ਛੁਟਕਾਰਾ ਨਹੀਂ ਪਾ ਸਕੇ, ਕਿਉਂਕਿ ਉਹ ਤਾਂ ਮਹਿਜ਼ ਪੇਟ ਦੀ ਅੱਗ ਬੁਝਾਉਣ ਖ਼ਾਤਰ ਹੀ ਪਾਠ ਪੁਸਤਕਾਂ ਪੜ੍ਹਦੇ ਸਨ।
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ॥੧॥ (ਸੋਰਠਿ ਮ. ੫, ਪੰਨਾ 641-42)
ਗੁਰੂ ਸਾਹਿਬਾਨ ਨੇ ਧਰਮ ਨੂੰ ਧੰਦਾ ਬਣਾਉਣ ਦੀ ਪ੍ਰਵਿਰਤੀ ਦਾ ਜ਼ੋਰਦਾਰ ਖੰਡਨ ਕੀਤਾ ਅਤੇ ਧਰਮ ਨੂੰ ਜੀਵਨ ਜਾਚ ਦਾ ਆਦਰਸ਼ਕ ਰਾਹ ਦੱਸਿਆ ਹੈ ਪਰ ਅੱਜ ਸਿੱਖ ਧਰਮ ਦੀ ਵਿਆਖਿਆ ਵੀ ਇਕ ਪੇਸ਼ੇ ਵਜੋਂ ਕੀਤੀ ਜਾ ਰਹੀ ਹੈ। ਧਾਰਮਿਕ ਸੰਸਥਾਵਾਂ, ਟਕਸਾਲਾਂ ਅਤੇ ਮਿਸ਼ਨਰੀ ਕਾਲਜਾਂ ਅੰਦਰ ਗੁਰਬਾਣੀ ਸੰਥਿਆ, ਕੀਰਤਨ ਅਤੇ ਹੋਰ ਧਾਰਮਿਕ ਇਲਮ ਹਾਸਲ ਕਰਨ ਵਾਲੇ ਸਿਖਾਂਦਰੂਆਂ ‘ਚੋਂ ਬਹੁਗਿਣਤੀ ਨਿਰੀ-ਪੂਰੀ ਪੇਸ਼ੇਵਰ ਬਿਰਤੀ ਵਾਲੇ ਆ ਰਹੇ ਹਨ। ਆਪਣੇ ਪ੍ਰਮਾਰਥਕ ਜਾਂ ਬੌਧਿਕ ਕਾਇਆਂ ਕਲਪ ਲਈ ਧਾਰਮਿਕ ਵਿਦਿਆ ਹਾਸਲ ਕਰਨ ਵਾਲਿਆਂ ਦੀ ਗਿਣਤੀ ਨਿਗੂਣੀ ਰਹਿ ਗਈ ਹੈ। ਤਰੁੱਟੀ ਇਕ ਇਹ ਵੀ ਹੈ ਕਿ ਇਨ੍ਹਾਂ ਨੂੰ ਧਾਰਮਿਕ ਵਿਦਿਆ ਦੇਣ ਵੇਲੇ ਨੈਤਿਕਤਾ ਅਤੇ ਸਿੱਖ ਧਰਮ ਵਿਚ ਆਚਰਣ ਦੀ ਸੁੱਚਮਤਾ ਦਾ ਸੰਕਲਪ ਦ੍ਰਿੜ੍ਹ ਨਹੀਂ ਕਰਵਾਇਆ ਜਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਆਚਰਣ ਦੀ ਸ਼ੁੱਧਤਾ ਅਤੇ ਉਚੇ-ਸੁੱਚੇ ਚਰਿੱਤਰ ਬਾਰੇ ਜਿੰਨਾ ਸਪਸ਼ਟ ਤੌਰ ‘ਤੇ ਜ਼ੋਰ ਦਿੱਤਾ ਗਿਆ ਹੈ, ਨਵੀਂ ਸਿੱਖ ਪੀੜ੍ਹੀ ਇਸ ਗਿਆਨ ਤੋਂ ਓਨੀ ਹੀ ਕੋਰੀ ਹੈ।
ਗੁਰਬਾਣੀ ਦਾ ਕੇਂਦਰ ਬਿੰਦੂ ਜਿੱਥੇ ਪ੍ਰਮਾਤਮਾ ਨਾਲ ਮਿਲਾਪ ਦਾ ਰਾਹ ਹੈ, ਉੱਥੇ ਪਰਮਾਰਥਿਕ ਰਸਤੇ ‘ਤੇ ਚੱਲਣ ਦੀ ਮੂਲ ਯੋਗਤਾ ਹੀ ਪੰਜ ਵਿਕਾਰ ਕਾਮੁ, ਕਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਵੱਸ ਕਰਨਾ ਦੱਸੀ ਹੈ। ਸਵੱਛ ਆਚਰਣ ਨੂੰ ਸਿੱਖ ਫ਼ਲਸਫ਼ੇ ਨੇ ਸਭ ਤੋਂ ਉਤਮ ਦੱਸਿਆ ਹੈ।
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਸਿਰੀ ਰਾਗੁ ਮ. ੧, ਪੰਨਾ 62)
ਸ੍ਰੀ ਗੁਰੂ ਗ੍ਰੰਥ ਸਾਹਿਬ, ਸਿੱਖ ਰਹਿਤਨਾਮਿਆਂ, ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ‘ਚ ਸਮੁੱਚੇ ਰੂਪ ‘ਚ ਪੰਜ ਵਿਕਾਰਾਂ ‘ਤੇ ਕਾਬੂ ਪਾਉਣ ਲਈ ਸਭ ਤੋਂ ਵੱਧ ਜ਼ੋਰ ਦਿੱਤਾ ਗਿਆ ਹੈ। ਅੰਮ੍ਰਿਤ ਛਕਣ ਵੇਲੇ ਸਿੱਖ ਨੂੰ ਜਿਹੜੀਆਂ ਚਾਰ ਬੱਜਰ ਕੁਰਹਿਤਾਂ ਤੋਂ ਕੋਹਾਂ ਦੂਰ ਰਹਿਣ ਦੀ ਹਦਾਇਤ ਕੀਤੀ ਜਾਂਦੀ ਹੈ, ਉਨ੍ਹਾਂ ‘ਚ ਚਰਿੱਤਰ ਦੀ ਅਨੈਤਿਕਤਾ ਪ੍ਰਮੁੱਖ ਹੈ।
ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ॥
ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ॥ (ਵਾਰਾਂ ਭਾਈ ਗੁਰਦਾਸ ਜੀ, 29-11)
ਗੁਰੂ ਸਾਹਿਬ ਨੇ ਪਰਾਈ ਇਸਤਰੀ ਦੇ ਸੰਗ ਨੂੰ ਸੱਪ ਦਾ ਸਾਥ ਕਰਨ ਬਰਾਬਰ ਕਰਾਰ ਦਿੱਤਾ ਹੈ।
ਜੈਸਾ ਸੰਗੁ ਬਿਸੀਅਰ ਸਿਉ ਹੈ ਰੇ, ਤੈਸੋ ਹੀ ਇਹੁ ਪਰ ਗ੍ਰਿਹੁ॥ (ਆਸਾ ਮ. ੫, ਪੰਨਾ: 403)
ਧਰਮ ਦੇ ਚੋਲੇ ‘ਚ ਬੈਠੇ ਉਨ੍ਹਾਂ ਕਾਮੀ ਮਨੁੱਖਾਂ ਨੂੰ ਵੀ ਗੁਰੂ ਸਾਹਿਬ ਵੱਡੀ ਫਿਟਕਾਰ ਪਾਉਂਦਿਆਂ ਉਨ੍ਹਾਂ ਨੂੰ ਇਨ੍ਹਾਂ ਕਾਲੀਆਂ ਕਰਤੂਤਾਂ ਦੇ ਭਿਆਨਕ ਅੰਜਾਮ ਤੋਂ ਸੁਚੇਤ ਕਰਦੇ ਹਨ, ਜਿਹੜੇ ਬਾਹਰੋਂ ਤਾਂ ਬਹੁਤ ਚਰਿੱਤਰਵਾਨ ਦਿਖਾਈ ਦਿੰਦੇ ਹਨ, ਪਰ ਉਹ ਆਪਣੇ ਵਲੋਂ ਦੁਨੀਆ ਤੋਂ ਲੁਕ-ਛਿਪ ਕੇ ਕੁਕਰਮ ਕਰਦੇ ਹਨ ਤਾਂ ਜੋ ਦੁਨੀਆ ਨੂੰ ਉਨ੍ਹਾਂ ਦੇ ਮੰਦੇ ਕਰਮਾਂ ਦਾ ਪਤਾ ਨਾ ਲੱਗ ਸਕੇ।
ਦੇਇ ਕਿਵਾੜ ਅਨਿਕ ਪੜਦੇ ਮਹਿ, ਪਰ ਦਾਰਾ ਸੰਗਿ ਫਾਕੈ॥
ਚਿਤ੍ਰ ਗੁਪਤੁ ਜਬ ਲੇਖਾ ਮਾਗਹਿ, ਤਬ ਕਉਣੁ ਪੜਦਾ ਤੇਰਾ ਢਾਕੈ॥ (ਸੋਰਠਿ ਮ. ੫, ਪੰਨਾ 616)
ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਰਿੱਤਰ ਉਸਾਰੀ ਦੀ ਉਤਮ ਮਿਸਾਲ ਅਤੇ ਨੈਤਿਕਤਾ ਦੀ ਸੁੱਚਮਤਾ ਦੀ ਮਹਾਨਤਾ ਦਾ ਬਾਖ਼ੂਬ ਵਰਣਨ ਕੀਤਾ ਹੈ।
ਸੁਧਿ ਜਬ ਤੇ ਹਮ ਧਰੀ, ਬਚਨ ਗੁਰ ਦਏ ਹਮਾਰੇ॥
ਪੂਤ ਇਹੈ ਪ੍ਰਨ ਤੋਹਿ, ਪ੍ਰਾਨ ਜਬ ਲਗ ਘਟ ਧਾਰੇ।
ਨਿਜ ਨਾਰੀ ਕੇ ਸੰਗ, ਨੇਹੁ ਤੁਮ ਨਿਤ ਬਢੈਯਹੁ॥
ਪਰ ਨਾਰੀ ਕੀ ਸੇਜ, ਭੂਲਿ ਸੁਪਨੇ ਹੂੰ ਨਾ ਜੈਯਹੂ॥ (ਪਾ. ੧੦, ਦਸਮ ਗ੍ਰੰਥ ਸਾਹਿਬ)
ਸਿੱਖ ਧਰਮ ‘ਚ ਨੈਤਿਕਤਾ ਅਤੇ ਚਰਿੱਤਰ ਦੀ ਸੁੱਚਮਤਾ ਬਾਰੇ ਇੰਨਾ ਸਪਸ਼ਟ ਤੌਰ ‘ਤੇ ਜ਼ੋਰ ਦਿੱਤਾ ਗਿਆ ਹੈ, ਪਰ ਅੱਜ ਸਾਡੀ ਨਵੀਂ ਪੀੜ੍ਹੀ ਅਨੈਤਿਕਤਾ ਦੀ ਡੂੰਘੀ ਦਲਦਲ ‘ਚ ਫਸਦੀ ਜਾ ਰਹੀ ਹੈ। ਲੋੜ ਹੈ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਦੇ ਚਾਨਣ ਵਾਲੀ ਨਿੱਘੀ ਗੋਦ ਵਿਚ ਬਿਠਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੱਸੀ ਨੈਤਿਕਤਾ ਅਤੇ ਆਦਰਸ਼ ਚਰਿੱਤਰ ‘ਚ ਦ੍ਰਿੜ੍ਹ ਬਣਾਉਣ ਦੀ ਅਤੇ ਇਤਿਹਾਸ ‘ਚ ਸਿੱਖਾਂ ਦੇ ਬੁਲੰਦ ਇਖ਼ਲਾਕੀ ਕਿਰਦਾਰ ਤੋਂ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣ ਦੀ।
ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਰਵਾਇਤੀ ਸੰਪਰਦਾਵਾਂ, ਟਕਸਾਲਾਂ ਤੇ ਸਿੱਖੀ ਸੰਸਥਾਵਾਂ/ ਜਥੇਬੰਦੀਆਂ ਨੂੰ ਧਰਮ ਪ੍ਰਤੀ ਨਿਰੋਲ ਪੇਸ਼ੇਵਰ ਵਿਆਖਿਆ ਤਿਆਗਣੀ ਪਵੇਗੀ। ਧਰਮ ਦੇ ਸਰਬਰਾਹ ਪਹਿਲਾਂ ਖ਼ੁਦ ਨੂੰ ਗੁਰਬਾਣੀ ਆਸ਼ੇ ਅਨੁਸਾਰ ਢਾਲਣ। ਸਿੱਖੀ ਸੰਸਥਾਵਾਂ ਗ੍ਰੰਥੀਆਂ, ਸੇਵਾਦਾਰਾਂ, ਰਾਗੀਆਂ ਅਤੇ ਪ੍ਰਚਾਰਕਾਂ ਦੀ ਸਿਖਲਾਈ ਲਈ ਖੋਲ੍ਹੇ ਵਿਦਿਆਲਿਆਂ ਵਿਚ ਸਿੱਖਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਇਤਿਹਾਸ ਦੇ ਸਰੋਤਾਂ ‘ਚ ਦੱਸੀ ਨੈਤਿਕਤਾ ਅਤੇ ਧਾਰਮਿਕ ਆਚਰਣ ਤੋਂ ਸੇਧ ਦੇ ਕੇ ਉਨ੍ਹਾਂ ਦੀ ਚਰਿੱਤਰ ਉਸਾਰੀ ਕਰਨ। ਨੌਜਵਾਨ ਪੀੜ੍ਹੀ ਨੂੰ ਦੁਰਕਾਰਨ ਦੀ ਥਾਂ ਕਲਾਵੇ ‘ਚ ਲੈ ਕੇ ਉਨ੍ਹਾਂ ਦੇ ਚਰਿੱਤਰ ਉਸਾਰੀ ਕੈਂਪ ਲਗਾਉਣ ਵਰਗੇ ਕਦਮ ਉਠਾਉਣੇ ਸਮੇਂ ਦੀ ਮੁੱਖ ਲੋੜ ਹੈ, ਤਾਂ ਜੋ ਨਵੀਂ ਪੀੜ੍ਹੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨਮੋਲ ਫ਼ਲਸਫ਼ੇ ‘ਚ ਦੱਸੀ ਜੀਵਨ ਮਰਿਆਦਾ ਅਨੁਸਾਰ ਉੱਚੇ-ਸੁੱਚੇ ਚਰਿੱਤਰਵਾਨ ਬਣਾਇਆ ਜਾ ਸਕੇ।
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …