ਕਿਹਾ : ਭਾਰਤ ਕੋਲ ਇਹ ਖੁਦ ਨੂੰ ਸਾਬਤ ਕਰਨ ਦਾ ਮੌਕਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਦੇਸ਼ ਦੀ ਸਭ ਤੋਂ ਵੱਡੀ ਤਾਕਤ ਦੱਸਦੇ ਹੋਏ ਅੱਜ 10 ਲੱਖ ਮੁਲਾਜ਼ਮਾਂ ਦੀ ਭਰਤੀ ਲਈ ਸ਼ੁਰੂ ਕੀਤੇ ਗਏ ‘ਰੁਜ਼ਗਾਰ ਮੇਲੇ’ ਤਹਿਤ 71 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਵੀਡੀਓ ਕਾਨਫਰੰਸ ਰਾਹੀਂ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰੁਜ਼ਗਾਰ ਦੇ ਮਾਧਿਅਮ ਨਾਲ ਨਿਯੁਕਤੀ ਪੱਤਰ ਦੇਣ ਦੀ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਅੱਜ ਦਾ ਇਹ ਪ੍ਰੋਗਰਾਮ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ 45 ਸ਼ਹਿਰਾਂ ’ਚ ਹੋਇਆ ਅਤੇ ਇਸ ਪ੍ਰੋਗਰਾਮ ’ਚ ਕੇਂਦਰੀ ਮੰਤਰੀ ਵੱਖ-ਵੱਖ ਰਾਜਾਂ ਤੋਂ ਜੁੜੇ ਰਹੇ। ਨੌਜਵਾਨਾਂ ਨੂੰ ਦੇਸ਼ ਦਾ ਭਵਿੱਖ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੀ ਪ੍ਰਤਿਭਾ ਅਤੇ ਉਨ੍ਹਾਂ ਦੀ ਊਰਜਾ ਨੂੰ ਰਾਸ਼ਟਰ ਨਿਰਮਾਣ ’ਚ ਜ਼ਿਆਦਾ ਤੋਂ ਜ਼ਿਆਦਾ ਵਰਤੋਂ ’ਚ ਲਿਆਂਦਾ ਜਾਵੇ, ਇਹੀ ਕੇਂਦਰ ਸਰਕਾਰ ਦੀ ਸਭ ਤੋਂ ਪਹਿਲੀ ਸੋਚ ਹੈ। ਮੋਦੀ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਅਤੇ ਰੂਸ-ਯੂਕਰੇਨ ਦਰਮਿਆਨ ਛਿੜੀ ਜੰਗ ਦੇ ਚਲਦਿਆਂ ਨੌਜਵਾਨਾਂ ਸਾਹਮਣੇ ਰੁਜ਼ਗਾਰ ਦਾ ਸੰਕਟ ਹੈ। ਅਜਿਹੇ ’ਚ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਕੋਲ ਇਹ ਖੁਦ ਨੂੰ ਸਾਬਤ ਕਰਨ ਅਤੇ ਨਵੇਂ ਮੌਕਿਆਂ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਹੈ। ਅੱਜ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਉਨ੍ਹਾਂ ’ਚ ਅਧਿਆਪਕ, ਲੈਕਚਰਾਰ, ਨਰਸਾਂ, ਡਾਕਟਰ, ਰੇਡੀਓਗ੍ਰਾਫ਼ਰ, ਤਕਨੀਕੀ ਅਤੇ ਪੈਰਾਮੈਡੀਕਲ ਵਰਗੇ ਹੋਰ ਅਹੁਦੇ ਵੀ ਸ਼ਾਮਲ ਹਨ।