Breaking News
Home / ਸੰਪਾਦਕੀ / ਵਿਗੜੇ ਰਹੇ ਭਾਰਤ ਦੇ ਹਾਲਾਤ

ਵਿਗੜੇ ਰਹੇ ਭਾਰਤ ਦੇ ਹਾਲਾਤ

ਲੰਘੇ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਲਖੀਮਪੁਰ ਦੌਰੇ ਦਾ ਕਾਲੇ ਝੰਡੇ ਦਿਖਾ ਕੇ ਪੁਰਅਮਨ ਢੰਗ ਨਾਲ ਵਿਰੋਧ ਕਰਕੇ ਵਾਪਸ ਪਰਤ ਰਹੇ ਕਿਸਾਨਾਂ ‘ਤੇ ਭਾਜਪਾ ਨਾਲ ਸੰਬੰਧਿਤ ਵਿਅਕਤੀਆਂ ਵਲੋਂ ਜੀਪ ਅਤੇ ਹੋਰ ਵਾਹਨ ਚੜ੍ਹਾ ਕੇ ਕਿਸਾਨਾਂ ਨੂੰ ਕੁਚਲਣ ਦੀ ਵਾਪਰੀ ਹਿਰਦੇਵੇਦਕ ਘਟਨਾ ਨੇ ਸਾਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਘਟਨਾ ਦੇ ਜੋ ਵੇਰਵੇ ਸਾਹਮਣੇ ਆਏ ਹਨ, ਉਨ੍ਹਾਂ ਤੋਂ ਇਹ ਪਤਾ ਲੱਗਾ ਹੈ ਕਿ 27 ਸਤੰਬਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ, ਜੋ ਇਸੇ ਇਲਾਕੇ ਦਾ ਰਹਿਣ ਵਾਲਾ ਹੈ, ਨੇ ਇਕ ਜਨਤਕ ਮੀਟਿੰਗ ਵਿਚ ਕਿਸਾਨਾਂ ਦੇ ਅੰਦੋਲਨ ਨੂੰ ਮੁੱਖ ਰੱਖਦਿਆਂ ਇਹ ਚਿਤਾਵਨੀ ਦਿੱਤੀ ਸੀ ਕਿ ਉਹ ਸਿੱਧੇ ਹੋ ਜਾਣ, ਨਹੀਂ ਤਾਂ ਉਹ ਉਨ੍ਹਾਂ ਨੂੰ ਦੋ ਮਿੰਟਾਂ ਵਿਚ ਸਿੱਧਾ ਕਰ ਦੇਵੇਗਾ। ਉਸ ਨੇ ਇਹ ਵੀ ਧਮਕੀ ਦਿੱਤੀ ਸੀ ਕਿ ਉਹ ਸਿਰਫ ਐਮ.ਐਲ.ਏ., ਸੰਸਦ ਮੈਂਬਰ ਜਾਂ ਕੇਂਦਰੀ ਮੰਤਰੀ ਹੀ ਨਹੀਂ ਹੈ, ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ। ਉਸ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਉਸ ਨੂੰ ਐਮ.ਐਲ.ਏ. ਬਣਨ ਤੋਂ ਪਹਿਲਾਂ ਦੇ ਜਾਣਦੇ ਸਨ, ਉਨ੍ਹਾਂ ਨੂੰ ਪਤਾ ਹੈ ਕਿ ਉਹ ਕਿਸੇ ਵੀ ਚੁਣੌਤੀ ਤੋਂ ਪਿੱਛੇ ਨਹੀਂ ਹਟਦਾ। ਕਿਹਾ ਜਾਂਦਾ ਹੈ ਕਿ ਕਿਸਾਨਾਂ ਨੂੰ ਦਿੱਤੀ ਗਈ ਇਸ ਨੰਗੀ-ਚਿੱਟੀ ਧਮਕੀ ਦਾ ਇਲਾਕੇ ਦੇ ਕਿਸਾਨਾਂ ਉੱਪਰ ਬਹੁਤ ਤਿੱਖਾ ਅਸਰ ਹੋਇਆ ਸੀ ਅਤੇ ਉਹ ਅਜੈ ਮਿਸ਼ਰਾ ਦੇ ਖ਼ਿਲਾਫ਼ ਕਾਫ਼ੀ ਰੋਸਜ਼ਦਾ ਸਨ।
ਇਸੇ ਦੌਰਾਨ ਅਜੈ ਮਿਸ਼ਰਾ ਨੇ ਆਪਣੇ ਜੱਦੀ ਪਿੰਡ ਵਾਨਬੀਰਪੁਰ, ਜੋ ਕਿ ਲਖੀਮਪੁਰ ਖੀਰੀ ਦੇ ਨੇੜੇ ਹੀ ਪੈਂਦਾ ਹੈ, ਵਿਚ ਦੰਗਲ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਰਾਜ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਸੱਦਾ ਦੇ ਦਿੱਤਾ। ਇਸ ਦੀ ਜਾਣਕਾਰੀ ਮਿਲਣ ‘ਤੇ ਕਿਸਾਨਾਂ ਨੇ ਕੇਸ਼ਵ ਪ੍ਰਸਾਦ ਮੌਰਿਆ ਦੇ ਦੌਰੇ ਦਾ ਵਿਰੋਧ ਕਰਨ ਲਈ ਲਖੀਮਪੁਰ ਵਿਖੇ ਹੈਲੀਪੈਡ ਵਾਲੀ ਥਾਂ ‘ਤੇ ਕਬਜ਼ਾ ਕਰ ਲਿਆ ਅਤੇ ਇਸ ਕਾਰਨ ਕੇਸ਼ਵ ਪ੍ਰਸਾਦ ਮੌਰਿਆ ਨੇ ਹੈਲੀਕਾਪਟਰ ਦੀ ਥਾਂ ਸੜਕ ਰਾਹੀਂ ਵਾਨਬੀਰਪੁਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਕਿਸਾਨਾਂ ਨੂੰ ਜਦੋਂ ਇਸ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਹੈਲੀਪੈਡ ਵਾਲੀ ਥਾਂ ਤੋਂ ਵਾਪਸ ਪਰਤਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਇਕ ਸੜਕ ‘ਤੇ ਵਾਪਸ ਜਾ ਰਹੇ ਸਨ ਤਾਂ ਪਿੱਛੋਂ ਆਈ ਇਕ ਜੀਪ ਅਤੇ ਦੋ-ਤਿੰਨ ਕਾਰਾਂ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਸਪੀਡ ਸੌ ਤੋਂ ਉੱਪਰ ਸੀ, ਕਿਸਾਨਾਂ ਦੇ ਉੱਪਰ ਚੜ੍ਹ ਗਈਆਂ ਤੇ ਇਸ ਦੇ ਸਿੱਟੇ ਵਜੋਂ ਦੁਖਾਂਤ ਵਾਪਰਿਆ। ਕਿਸਾਨਾਂ ਦਾ ਇਹ ਆਰੋਪ ਹੈ ਕਿ ਯੋਜਨਾਬੱਧ ਢੰਗ ਨਾਲ ਕਿਸਾਨਾਂ ਨੂੰ ਸਬਕ ਸਿਖਾਉਣ ਲਈ ਭਾਜਪਾ ਆਗੂਆਂ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਵਿਸ਼ੇਸ਼ ਤੌਰ ‘ਤੇ ਇਸ ਇਲਾਕੇ ਦੇ ਉੱਘੇ ਕਿਸਾਨ ਲੀਡਰ ਤਜਿੰਦਰ ਸਿੰਘ ਵਿਰਕ ਨੂੰ ਇਹ ਲੋਕ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਕਿਸਾਨ ਆਗੂਆਂ ਦਾ ਇਹ ਵੀ ਆਰੋਪ ਹੈ ਕਿ ਜਿਸ ਜੀਪ ਨੇ ਪਹਿਲਾਂ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ, ਉਸ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੀ ਸਵਾਰ ਸਨ। ਤਜਿੰਦਰ ਸਿੰਘ ਵਿਰਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ ਪਰ ਉਨ੍ਹਾਂ ਦੀ ਜਾਨ ਬਚ ਗਈ ਹੈ। ਉਹ ਇਸ ਸਮੇਂ ਦਿੱਲੀ ਵਿਚ ਇਲਾਜ ਅਧੀਨ ਹਨ ਜਦੋਂ ਕਿ 4 ਕਿਸਾਨ ਸ਼ਹੀਦ ਹੋ ਗਏ ਅਤੇ ਇਸ ਤੋਂ ਬਾਅਦ ਗੁੱਸੇ ਵਿਚ ਆਏ ਕਿਸਾਨਾਂ ਨੇ ਭਾਜਪਾ ਨਾਲ ਸੰਬੰਧਿਤ ਵਿਅਕਤੀਆਂ ਦੇ ਇਕ-ਦੋ ਵਾਹਨਾਂ ਨੂੰ ਵੀ ਅੱਗ ਲਗਾ ਦਿੱਤੀ। ਭਾਜਪਾ ਦਾ ਆਰੋਪ ਹੈ ਕਿ ਉਨ੍ਹਾਂ ਦੇ ਵੀ ਚਾਰ ਵਿਅਕਤੀ ਕਿਸਾਨਾਂ ਦੀ ਕੁੱਟਮਾਰ ਕਾਰਨ ਮਾਰੇ ਗਏ ਹਨ। ਇਸ ਤਰ੍ਹਾਂ ਵਾਪਰੇ ਇਸ ਦੁਖਾਂਤ ਵਿਚ ਕੁੱਲ ਅੱਠ ਵਿਅਕਤੀਆਂ ਦੀਆਂ ਜਾਨਾਂ ਚਲੇ ਗਈਆਂ ਹਨ ਅਤੇ ਇਕ ਪੱਤਰਕਾਰ ਦੀ ਮੌਤ ਵੀ ਹੋਈ ਹੈ।
ਵਾਪਰੀ ਇਸ ਘਟਨਾ ਦਾ ਦੇਸ਼-ਵਿਦੇਸ਼ ਵਿਚ ਤਿੱਖਾ ਪ੍ਰਤੀਕਰਮ ਹੋਇਆ ਹੈ। ਵੱਡੀ ਗਿਣਤੀ ਵਿਚ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਅਤੇ ਕਿਸਾਨ ਆਗੂਆਂ ਨੇ ਲਖੀਮਪੁਰ ਖੀਰੀ ਵੱਲ ਚਾਲੇ ਪਾ ਦਿੱਤੇ ਸਨ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਕਿਸੇ ਨਾ ਕਿਸੇ ਢੰਗ ਨਾਲ ਲਖੀਮਪੁਰ ਖੀਰੀ ਦੇ ਨੇੜੇ ਪਹੁੰਚ ਗਈ ਪਰ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਸੀਤਾਪੁਰ ਦੇ ਇਕ ਰੈਸਟ ਹਾਊਸ ਵਿਚ ਨਜ਼ਰਬੰਦ ਕਰ ਦਿੱਤਾ ਸੀ। ਫਿਰ ਵੀ ਉਸ ਨੇ ਪੀੜਤ ਕਿਸਾਨ ਪਰਿਵਾਰਾਂ ਨਾਲ ਗੱਲਬਾਤ ਕੀਤੀ। ਬਸਪਾ ਆਗੂ ਸਤੀਸ਼ ਮਿਸ਼ਰਾ ਨੂੰ ਲਖਨਊ ਤੋਂ ਲਖੀਮਪੁਰ ਨਹੀਂ ਜਾਣ ਦਿੱਤਾ ਗਿਆ। ਇਸੇ ਤਰ੍ਹਾਂ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੂੰ ਲਖੀਮਪੁਰ ਜਾਣ ਤੋਂ ਰੋਕਿਆ ਗਿਆ ਅਤੇ ਉਨ੍ਹਾਂ ਨੇ ਆਪਣੇ ਘਰ ਦੇ ਬਾਹਰ ਹੀ ਧਰਨਾ ਦੇ ਦਿੱਤਾ, ਜਿਨ੍ਹਾਂ ਨੂੰ ਬਾਅਦ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਆਮ ਆਦਮੀ ਪਾਰਟੀ ਦੇ ਸੰਸਦ ਸੰਜੇ ਸਿੰਘ ਨੂੰ ਵੀ ਲਖੀਮਪੁਰ ਜਾਣ ਤੋਂ ਰੋਕਿਆ ਗਿਆ। ਇਸੇ ਤਰ੍ਹਾਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਲਖਨਊ ਦੇ ਹਵਾਈ ਅੱਡੇ ‘ਤੇ ਹੀ ਰੋਕ ਲਿਆ ਗਿਆ। ਉਨ੍ਹਾਂ ਨੇ ਹਵਾਈ ਅੱਡੇ ‘ਤੇ ਹੀ ਧਰਨਾ ਦੇ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਹੈਲੀਕਾਪਟਰ ਰਾਹੀਂ ਲਖਨਊ ਜਾਣ ਦੀ ਇਜਾਜ਼ਤ ਮੰਗੀ ਪਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੜਕ ਰਸਤੇ ਉੱਤਰ ਪ੍ਰਦੇਸ਼ ਵਿਚ ਦਾਖ਼ਲ ਹੋਣ ਦਾ ਯਤਨ ਕੀਤਾ ਪਰ ਉਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਅਤੇ ਕਈ ਘੰਟੇ ਤੱਕ ਥਾਣੇ ਵਿਚ ਰੱਖਣ ਤੋਂ ਬਾਅਦ ਰਿਹਾਅ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਹੋਰ ਸਾਥੀਆਂ ਨੇ ਇਸ ਘਟਨਾ ਸੰਬੰਧੀ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਅਤੇ ਦੋਸ਼ੀ ਭਾਜਪਾ ਆਗੂਆਂ ਦੇ ਖਿਲਾਫ਼ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ। ਸੀ.ਪੀ.ਆਈ., ਸੀ.ਪੀ.ਐਮ., ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਸ਼ਿਵ ਸੈਨਾ ਆਦਿ ਪਾਰਟੀਆਂ ਨੇ ਲਖੀਮਪੁਰ ਦੀ ਘਟਨਾ ਦੀ ਸਖ਼ਤ ਆਲੋਚਨਾ ਕੀਤੀ ਹੈ। ਇਸ ਦੇ ਪ੍ਰਤੀਕਰਮ ਵਜੋਂ ਦੇਸ਼ ਭਰ ਵਿਚ ਕਿਸਾਨ ਜਥੇਬੰਦੀਆਂ ਨੇ ਰੋਸ ਵਿਖਾਵੇ ਵੀ ਕੀਤੇ ਹਨ। ਬਹੁਤ ਸਾਰੀਆਂ ਥਾਵਾਂ ‘ਤੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਵੀ ਰੋਸ ਰੈਲੀਆਂ ਕੀਤੀਆਂ ਗਈਆਂ ਹਨ ਅਤੇ ਕੁਝ ਇਕ ਥਾਵਾਂ ‘ਤੇ ਮੋਮਬੱਤੀ ਮਾਰਚ ਵੀ ਕੱਢੇ ਗਏ ਹਨ। ਪਰ ਹੈਰਾਨੀ ਵਾਲੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਘਟਨਾਕ੍ਰਮ ਬਾਰੇ ਪੂਰੀ ਤਰ੍ਹਾਂ ਖ਼ਾਮੋਸ਼ੀ ਧਾਰਨ ਕੀਤੀ ਹੋਈ ਹੈ। ਬਿਨਾਂ ਸ਼ੱਕ ਲਖੀਮਪੁਰ ਦੀ ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਰ ਇਸ ਤਰ੍ਹਾਂ ਦੀ ਕੋਈ ਅਣਹੋਣੀ ਹੋਣ ਦੀਆਂ ਸੰਭਾਵਨਾਵਾਂ ਪਿਛਲੇ ਲੰਮੇ ਸਮੇਂ ਤੋਂ ਬਣੀਆਂ ਹੋਈਆਂ ਸਨ। ਲਗਭਗ ਪਿਛਲੇ ਇਕ ਸਾਲ ਤੋਂ ਕਿਸਾਨ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰਦੇ ਆ ਰਹੇ ਹਨ। ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਨੁਮਾਇੰਦਿਆਂ ਦੌਰਾਨ ਗੱਲਬਾਤ ਦੇ 11 ਦੌਰ ਵੀ ਹੋਏ ਪਰ ਇਸ ਸੰਬੰਧੀ ਕੋਈ ਸਹਿਮਤੀ ਨਾ ਬਣ ਸਕੀ। ਸਰਕਾਰ ਇਨ੍ਹਾਂ ਨੂੰ ਕਿਸਾਨ ਪੱਖੀ ਤੇ ਕਿਸਾਨ ਜਥੇਬੰਦੀਆਂ ਇਨ੍ਹਾਂ ਨੂੰ ਕਿਸਾਨ ਵਿਰੋਧੀ ਕਹਿੰਦੀਆਂ ਰਹੀਆਂ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …