ਪਾਣੀ ਜੀਵਨ ਹੈ। ਸਵੱਛ ਪਾਣੀ ਜੀਵਨ ਦੀ ਧੜਕਣ ਹੈ। ਪਹਿਲੇ ਸਮਿਆਂ ਬਾਰੇ ਇਹ ਪ੍ਰਭਾਵ ਬਣਿਆ ਰਿਹਾ ਹੈ ਕਿ ਲੋਕ ਉਦੋਂ ਸਿਹਤਮੰਦ ਜੀਵਨ ਬਿਤਾਉਂਦੇ ਸਨ। ਇਸਦਾ ਇਕ ਕਾਰਨ ਉਨ੍ਹਾਂ ਦੀ ਸਰਲ ਜੀਵਨ ਸ਼ੈਲੀ ਹੋ ਸਕਦੀ ਹੈ ਅਤੇ ਇਕ ਹੋਰ ਵੱਡਾ ਕਾਰਨ ਉਨ੍ਹਾਂ ਸਮਿਆਂ ਦੇ ਪਾਣੀ ਦੀ ਗੁਣਵੱਤਾ ਨੂੰ ਮੰਨਿਆ ਜਾ ਸਕਦਾ ਹੈ। ਕਲ-ਕਲ ਵਹਿੰਦੀਆਂ ਨਦੀਆਂ ਅਤੇ ਦਰਿਆਵਾਂ ਦੇ ਕੰਢਿਆਂ ‘ਤੇ ਹੀ ਮਨੁੱਖੀ ਸੱਭਿਆਤਾਵਾਂ ਵਧੀਆਂ-ਫੁਲੀਆਂ ਤੇ ਪ੍ਰਫੁੱਲਿਤ ਹੁੰਦੀਆਂ ਰਹੀਆਂ ਹਨ। ਜਿਉਂ-ਜਿਉਂ ਜੀਵਨ ਸ਼ੈਲੀ ਬਦਲਦੀ ਗਈ, ਪਾਣੀਆਂ ਦੀ ਗੁਣਵੱਤਾ ਘਟਦੀ ਗਈ। ਤਿਉਂ-ਤਿਉਂ ਮਨੁੱਖ ਦੀ ਸਿਹਤ ਵਿਚ ਵੀ ਹਰ ਪੱਖੋਂ ਤਬਦੀਲੀ ਆਉਂਦੀ ਗਈ। ਪਾਣੀਆਂ ਦੀ ਲੋੜ ਵੀ ਵਧਦੀ ਗਈ ਅਤੇ ਅਨੇਕਾਂ ਕਾਰਨਾਂ ਕਰਕੇ ਪਾਣੀ ਪ੍ਰਦੂਸ਼ਿਤ ਵੀ ਹੋਣੇ ਸ਼ੁਰੂ ਹੋ ਗਏ। ਪਿਛਲੀਆਂ ਸਦੀਆਂ ਵਿਚ ਇਸ ਦਾ ਕਾਰਨ ਦੁਨੀਆ ਭਰ ਵਿਚ ਫੈਲਿਆ ਸਨਅਤੀ ਪਸਾਰਾ ਸੀ। ਸਨਅਤ ਫੈਲਦੀ ਗਈ, ਪ੍ਰਦੂਸ਼ਣ ਵਧਦਾ ਗਿਆ। ਅਜਿਹੇ ਪ੍ਰਦੂਸ਼ਣ ਨੂੰ ਰੋਕਣ ਲਈ ਯਤਨ ਵੀ ਕੀਤੇ ਜਾਣ ਲੱਗੇ ਪਰ ਸਨਅਤੀ ਫੈਲਾਅ ਅਤੇ ਜੀਵਨ ਤਰਜ਼ ਬਦਲਦੀ ਜਾਣ ਕਾਰਨ ਇਹ ਯਤਨ ਥੋੜ੍ਹੇ ਪੈਂਦੇ ਗਏ। ਅੱਜ ਵੀ ਇਹ ਯਤਨ ਜਾਰੀ ਹਨ, ਪਰ ਇਨ੍ਹਾਂ ਦੇ ਬਾਵਜੂਦ ਜੇ ਪਾਣੀ ਦੀ ਗੁਣਵੱਤਾ ਘਟਦੀ ਜਾ ਰਹੀ ਹੈ ਤੇ ਇਨ੍ਹਾਂ ਵਿਚਲਾ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ ਤਾਂ ਇਹ ਵੱਡੀ ਚਿੰਤਾ ਵਾਲੀ ਗੱਲ ਹੈ। ਅੱਜ ਅਨੇਕਾਂ ਹੀ ਬਿਮਾਰੀਆਂ ਪਾਣੀ ਦੇ ਪ੍ਰਦੂਸ਼ਣ ਕਰਕੇ ਵਧਦੀਆਂ ਜਾ ਰਹੀਆਂ ਹਨ।
ਭਾਰਤ ਵਿਚ ਕੇਂਦਰੀ ਪ੍ਰਦੂਸ਼ਣ ਜਲ ਬੋਰਡ ਲਗਾਤਾਰ ਇਸ ‘ਤੇ ਨਜ਼ਰ ਰੱਖ ਰਿਹਾ ਹੈ। ਸੂਬਿਆਂ ਵਿਚ ਵੀ ਪ੍ਰਦੂਸ਼ਣ ਬੋਰਡ ਬਣੇ ਹੋਏ ਹਨ ਜੋ ਸਮੇਂ-ਸਮੇਂ ਆਪਣੀਆਂ ਰਿਪੋਰਟਾਂ ਪ੍ਰਕਾਸਤਿ ਕਰਵਾਉਂਦੇ ਰਹਿੰਦੇ ਹਨ। ਇਨ੍ਹਾਂ ਰਿਪੋਰਟਾਂ ਨੂੰ ਪੜ੍ਹ ਕੇ ਵਧੇਰੇ ਚਿੰਤਾ ਹੋਣ ਲੱਗਦੀ ਹੈ। ਪਿਛਲੇ ਦਿਨੀਂ ਧਰਤੀ ਹੇਠਲੇ ਪਾਣੀ ਸੰਬੰਧੀ ਕੇਂਦਰੀ ਜਲ ਬੋਰਡ (ਸੀ.ਜੀ. ਡਬਲਿਊ.ਬੀ.) ਵਲੋਂ ਜੋ ਨਵੀਂ ਰਿਪੋਰਟ ਜਾਰੀ ਕੀਤੀ ਗਈ ਹੈ, ਉਸ ਨੂੰ ਸੰਬੰਧਿਤ ਸਰਕਾਰਾਂ ਵਲੋਂ ਬੇਹੱਦ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ, ਜਿਸ ਮੁਤਾਬਿਕ ਦੇਸ਼ ਦੇ ਬਹੁਤੇ ਸੂਬਿਆਂ ਵਿਚ ਪੀਣ ਵਾਲੇ ਪਾਣੀ ਵਿਚ ਨਾਈਟ੍ਰੇਟ ਦੀ ਮਾਤਰਾ ਵਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਫਲੋਰਾਈਡ ਅਤੇ ਆਰਸੈਨਿਕ ਤੱਤਾਂ ਦੇ ਵਧਣ ਨਾਲ ਵੀ ਮਨੁੱਖੀ ਸਰੀਰ ‘ਤੇ ਇਨ੍ਹਾਂ ਦਾ ਨਾਂਹ-ਪੱਖੀ ਅਸਰ ਪ੍ਰਤੱਖ ਦੇਖਿਆ ਜਾ ਸਕਦਾ ਹੈ। ਇਸ ਰਿਪੋਰਟ ਅਨੁਸਾਰ ਦੇਸ਼ ਭਰ ਵਿਚੋਂ 15000 ਤੋਂ ਵੀ ਵਧੇਰੇ ਥਾਵਾਂ ਤੋਂ ਪਾਣੀ ਦੇ ਨਮੂਨੇ ਲਏ ਗਏ, ਜਿਨ੍ਹਾਂ ਵਿਚ ਅਜਿਹੇ ਤੱਤਾਂ ਦੀ ਬਹੁਤਾਤ ਪਾਈ ਗਈ ਹੈ। ਖ਼ਾਸ ਤੌਰ ‘ਤੇ ਬੱਚਿਆਂ ਵਿਚ ਬਲੂ ਬੇਬੀ ਸਿੰਡਰੋਮ ਤੋਂ ਇਲਾਵਾ ਮਨੁੱਖ ਨੂੰ ਕੈਂਸਰ, ਚਮੜੀ ਰੋਗਾਂ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਵਧੇਰੇ ਅਸਰ ਕਰਨ ਲੱਗੀਆਂ ਹਨ। ਵਿਸ਼ਵ ਸਿਹਤ ਸੰਗਠਨ ਵਲੋਂ ਐਲਾਨੇ ਗਏ ਮਾਪਦੰਡਾਂ ਨਾਲੋਂ ਭਾਰਤ ਦੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਬਹੁਤੀਆਂ ਥਾਵਾਂ ‘ਤੇ ਕਿਤੇ ਵਧੇਰੀ ਪਾਈ ਗਈ ਹੈ।
ਪੰਜਾਬ ਦੇ ਪਾਣੀਆਂ ਬਾਰੇ ਅਸੀਂ ਅਕਸਰ ਲਿਖਦੇ ਰਹਿੰਦੇ ਹਾਂ। ਕਦੇ ਇਹ ਪਾਣੀ ਜ਼ਿੰਦਗੀ ਦੀ ਧੜਕਣ ਦਾ ਸੁਨੇਹਾ ਦਿੰਦੇ ਸਨ, ਹੁਣ ਇਹ ਪਾਣੀ ਬਿਮਾਰੀਆਂ ਦੀ ਆਮਦ ਦਾ ਸੁਨੇਹਾ ਦੇ ਰਹੇ ਹਨ। ਇੱਥੋਂ ਦੀ ਖੇਤੀ ਲਈ ਵੀ ਲਗਾਤਾਰ ਰਸਾਇਣਿਕ ਖਾਦਾਂ ਦੀ ਵਧੇਰੇ ਵਰਤੋਂ ਕੀਤੇ ਜਾਣ ਨਾਲ ਧਰਤੀ ਹੇਠਲੇ ਪਾਣੀ ਵੀ ਜ਼ਹਿਰੀਲੇ ਹੋਣੇ ਸ਼ੁਰੂ ਹੋ ਗਏ ਹਨ। ਫੈਲਦੀ ਸਨਅਤ ਅਤੇ ਵਧਦੇ ਸ਼ਹਿਰੀਕਰਨ ਨੇ ਇਨ੍ਹਾਂ ਪਾਣੀਆਂ ਨੂੰ ਪ੍ਰਦੂਸ਼ਿਤ ਕਰਨ ਵਿਚ ਵੱਡਾ ਹਿੱਸਾ ਪਾਇਆ ਹੈ। ਦਹਾਕਿਆਂ ਤੋਂ ਸਾਡੀਆਂ ਸਰਕਾਰਾਂ ਇਸ ਪਾਸੇ ਯਤਨ ਜ਼ਰੂਰ ਕਰਦੀਆਂ ਰਹੀਆਂ ਹਨ ਪਰ ਨਤੀਜਾ ਇਹ ਨਿਕਲਿਆ ਕਿ ਉਹ ਇਸ ਮੁਹਾਜ਼ ‘ਤੇ ਬੁਰੀ ਤਰ੍ਹਾਂ ਫੇਲ੍ਹ ਹੋ ਗਈਆਂ ਹਨ। ਇਥੋਂ ਤੱਕ ਕਿ ਲੁਧਿਆਣੇ ਦੇ ਬੁੱਢੇ ਦਰਿਆ ਦੇ ਜ਼ਹਿਰੀਲੇ ਪਾਣੀਆਂ ਦੀ ਗੱਲ ਵੀ ਦਹਾਕਿਆਂ ਤੋਂ ਚੱਲਦੀ ਆ ਰਹੀ ਹੈ ਪਰ ਸਾਡੀਆਂ ਤਤਕਾਲੀ ਸਰਕਾਰਾਂ ਇਸ ਪੱਖੋਂ ਵੀ ਬੁਰੀ ਤਰ੍ਹਾਂ ਪੱਛੜ ਗਈਆਂ ਹਨ। ਅੱਜ ਪਾਣੀਆਂ ਦੀ ਗੁਣਵੱਤਾ ਨੂੰ ਲੈ ਕੇ ਹਰ ਪੱਖੋਂ ਅਤੇ ਹਰ ਪੱਧਰ ‘ਤੇ ਜਿਹਾਦ ਛੇੜਨ ਦੀ ਜ਼ਰੂਰਤ ਹੈ। ਇਸ ਪੱਖ ਦੀ ਅਣਦੇਖੀ ਨਿਸਚੇ ਹੀ ਜੀਵਨ ਦੀ ਧੜਕਣ ਨੂੰ ਬੇਹੱਦ ਹੌਲੀ ਕਰ ਦੇਵੇਗੀ ਅਤੇ ਸਮਾਜ ਦੇ ਪੱਲੇ ਸਿਰਫ਼ ਪਛਤਾਵਾ ਹੀ ਰਹਿ ਜਾਏਗਾ।