20.8 C
Toronto
Thursday, September 18, 2025
spot_img
Homeਸੰਪਾਦਕੀਹਰਿਆਣਾ ਦੇ ਸਿਆਸੀ ਘਟਨਾਕ੍ਰਮ ਦੇ ਅਰਥ

ਹਰਿਆਣਾ ਦੇ ਸਿਆਸੀ ਘਟਨਾਕ੍ਰਮ ਦੇ ਅਰਥ

ਹਰਿਆਣਾ ਵਿਚ ਵਿਧਾਨ ਸਭਾ ਦੀਆਂ ਚੋਣਾਂ ਤੋਂ ਮਹਿਜ਼ 8 ਕੁ ਮਹੀਨੇ ਪਹਿਲਾਂ ਅਤੇ 2 ਕੁ ਮਹੀਨੇ ਤੱਕ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਇਸ ਪ੍ਰਾਂਤ ਦੇ ਸਿਆਸੀ ਮੰਚ ‘ਤੇ ਜੋ ਕੁਝ ਵਾਪਰਿਆ ਹੈ, ਉਹ ਅਜੀਬ ਵੀ ਹੈ ਅਤੇ ਹੈਰਾਨ ਕਰਨ ਵਾਲਾ ਵੀ। ਉਂਝ ਤਾਂ ਸਿਆਸਤ ਵਿਚ ਹੁਣ ਕੋਈ ਗੱਲ ਵੀ ਅਜੀਬ ਨਹੀਂ ਰਹੀ ਅਤੇ ਨਾ ਹੀ ਕਿਸੇ ਘਟਨਾਕ੍ਰਮ ਤੋਂ ਹੀ ਹੈਰਾਨੀ ਪੈਦਾ ਹੁੰਦੀ ਹੈ, ਪਰ ਜੇਕਰ ਸਾਢੇ 4 ਸਾਲ ਤੱਕ ਭਾਈਵਾਲ ਰਹੀਆਂ ਦੋ ਪਾਰਟੀਆਂ, ਜਿਨ੍ਹਾਂ ਨੇ ਬਿਹਤਰ ਢੰਗ ਨਾਲ ਪ੍ਰਸ਼ਾਸਨ ਚਲਾਇਆ ਹੋਵੇ, ਵਿਚ ਇਕ-ਦੋ ਸੀਟਾਂ ਨੂੰ ਲੈ ਕੇ ਇਕਦਮ ਤੜੱਕ ਕਰਕੇ ਟੁੱਟ ਜਾਵੇ ਤਾਂ ਕੁਝ ਨਾ ਕੁਝ ਹੈਰਾਨੀ ਹੋਣੀ ਜ਼ਰੂਰੀ ਹੈ। ਅੱਜ ਵੀ ਸਿਆਸਤ ਵਿਚ ‘ਸਭ ਕੁਝ ਚੱਲਦਾ ਹੈ’ ਦਾ ਰੁਝਾਨ ਹੀ ਬਰਕਰਾਰ ਹੈ। ਇਕ-ਦੂਸਰੇ ਨੂੰ ਹਨੇਰੇ ਵਿਚ ਰੱਖਣਾ, ਧੋਖਾ ਦੇਣਾ ਜਾਂ ਮੌਕਾਪ੍ਰਸਤੀ ਦੀ ਸਿਆਸਤ ਕਰਨਾ ਆਮ ਜਿਹੀ ਗੱਲ ਹੈ।
ਸਾਲ 2019 ਵਿਚ ਹਰਿਆਣਾ ਵਿਚ ਭਾਜਪਾ ਨੇ 10 ਦੀਆਂ 10 ਲੋਕ ਸਭਾ ਸੀਟਾਂ ਜਿੱਤ ਲਈਆਂ ਸਨ, ਪਰ ਆਪਣੀ ਇਸ ਦੂਸਰੀ ਪਾਰੀ ਵਿਚ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਬਹੁਮਤ ਦਾ ਅੰਕੜਾ ਹਾਸਲ ਕਰਨ ਵਿਚ ਪਿੱਛੇ ਰਹਿ ਗਈ ਸੀ। ਹਰਿਆਣਾ ਵਿਚ ਵਿਧਾਨ ਸਭਾ ਦੇ 90 ਮੈਂਬਰ ਹਨ, ਜਿਨ੍ਹਾਂ ਵਿਚੋਂ ਭਾਜਪਾ ਨੂੰ 40 ਸੀਟਾਂ ਮਿਲੀਆਂ ਸਨ ਅਤੇ ਇਕ ਵਿਧਾਇਕ ਬਾਅਦ ਵਿਚ ਪਾਰਟੀ ‘ਚ ਸ਼ਾਮਿਲ ਹੋਇਆ ਸੀ, ਇਸ ਲਈ ਉਸ ਨੂੰ ਕਿਸੇ ਦੂਸਰੀ ਪਾਰਟੀ ਨਾਲ ਗੱਠਜੋੜ ਕਰ ਕੇ ਹੀ ਸਰਕਾਰ ਚਲਾਉਣੀ ਪੈਣੀ ਸੀ। ਦੂਸਰੇ ਪਾਸੇ ਅਜੇ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ ਕੋਲ 10 ਵਿਧਾਇਕ ਸਨ, ਜਿਸ ਕਰਕੇ ਭਾਜਪਾ ਦੇ ਪਹਿਲਾਂ ਹੀ ਚੱਲੇ ਆ ਰਹੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ ਜਨਨਾਇਕ ਜਨਤਾ ਪਾਰਟੀ ਤੋਂ ਸਮਰਥਨ ਲੈ ਕੇ ਦੁਸ਼ਯੰਤ ਚੌਟਾਲਾ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਸੀ ਦੁਸ਼ਯੰਤ ਚੌਟਾਲਾ ਅਜੇ ਚੌਟਾਲਾ ਦੇ ਪੁੱਤਰ ਹਨ ਅਤੇ ਓਮ ਪ੍ਰਕਾਸ਼ ਚੌਟਾਲਾ ਦੇ ਪੋਤਰੇ ਹਨ। ਇਸ ਪਾਰਟੀ ਦਾ ਆਧਾਰ ਵਧੇਰੇ ਕਰਕੇ ਹਰਿਆਣਾ ਦੀ ਮਜ਼ਬੂਤ ਜਾਟ ਬਰਾਦਰੀ ਵਿਚ ਰਿਹਾ ਹੈ। 9 ਅਗਸਤ, 2020 ਤੋਂ 11 ਦਸੰਬਰ, 2021 ਤੱਕ ਚੱਲੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਨੇ ਦੁਸ਼ਯੰਤ ਚੌਟਾਲਾ ਨੂੰ ਖ਼ਾਸ ਤੌਰ ‘ਤੇ ਇਸੇ ਕਰਕੇ ਨਿਸ਼ਾਨਾ ਬਣਾਈ ਰੱਖਿਆ ਸੀ ਕਿ ਉਹ ਚਾਹੁੰਦੀਆਂ ਸਨ ਕਿ ਉਹ ਉਨ੍ਹਾਂ ਨਾਲ ਖੜ੍ਹੇ ਹੋਣ, ਪਰ ਦੁਸ਼ਯੰਤ ਚੌਟਾਲਾ ਨੇ ਆਪਣੀ ਪਾਰਟੀ ਨੂੰ ਮਜ਼ਬੂਤੀ ਨਾਲ ਉਸ ਸਮੇਂ ਵੀ ਭਾਜਪਾ ਨਾਲ ਜੋੜੀ ਰੱਖਿਆ ਸੀ। ਲੋਕ ਸਭਾ ਦੀਆਂ ਚੋਣਾਂ ਨੇੜੇ ਆਉਣ ਕਰਕੇ ਜਨਨਾਇਕ ਜਨਤਾ ਪਾਰਟੀ ਦੇ ਆਗੂ ਅਜੇ ਚੌਟਾਲਾ ਅਤੇ ਦੁਸ਼ਯੰਤ ਚੌਟਾਲਾ ਰਾਜ ਦੀਆਂ 10 ‘ਚੋਂ ਕੁਝ ਸੀਟਾਂ ਲੜਨ ਦੀ ਤਿਆਰੀ ਕਰ ਰਹੇ ਸਨ, ਇਨ੍ਹਾਂ ਸੀਟਾਂ ਵਿਚ ਵਿਸ਼ੇਸ਼ ਤੌਰ ‘ਤੇ ਭਿਵਾਨੀ, ਮਹੇਂਦਰਗੜ੍ਹ, ਸਿਰਸਾ, ਹਿਸਾਰ ਆਦਿ ਸ਼ਾਮਿਲ ਸਨ। ਇਨ੍ਹਾਂ ‘ਤੇ ਜਾਟ ਬਰਾਦਰੀ ਦਾ ਵੱਡਾ ਪ੍ਰਭਾਵ ਵੀ ਮੰਨਿਆ ਜਾਂਦਾ ਹੈ, ਪਰ ਭਾਜਪਾ ਸੂਬੇ ਵਿਚ ਸਰਕਾਰ ਚਲਾਉਣ ਲਈ ਤਾਂ ਇਸ ਪਾਰਟੀ ਨਾਲ ਗੱਠਜੋੜ ਬਣਾਈ ਰੱਖਣ ਨੂੰ ਤਰਜੀਹ ਦਿੰਦੀ ਰਹੀ ਸੀ, ਪਰ ਲੋਕ ਸਭਾ ਚੋਣਾਂ ਵਿਚ ਉਹ ਦੁਸ਼ਯੰਤ ਦੀ ਪਾਰਟੀ ਨੂੰ ਇਕ ਵੀ ਸੀਟ ਦੇਣ ਲਈ ਤਿਆਰ ਨਹੀਂ ਸੀ, ਜਦੋਂ ਕਿ ਅਜੇ ਚੌਟਾਲਾ ਆਪਣੀ ਪਾਰਟੀ ਵਲੋਂ 2 ਸੀਟਾਂ ਲੈ ਕੇ ਹੀ ਚੋਣ ਲੜਨ ਲਈ ਤਿਆਰ ਸੀ। ਪਰ ਇਹ ਗੱਲਬਾਤ ਸਿਰੇ ਨਾ ਚੜ੍ਹਨ ਕਰਕੇ ਜਿਸ ਤਰ੍ਹਾਂ ਦੀ ਸਿਆਸੀ ਡਰਾਮੇਬਾਜ਼ੀ ਭਾਜਪਾ ਨੇ ਕੀਤੀ ਹੈ, ਉਹ ਪ੍ਰਸੰਸਾਯੋਗ ਨਹੀਂ ਹੈ।
ਇਥੇ ਹੀ ਬੱਸ ਨਹੀਂ, ਮਨੋਹਰ ਲਾਲ ਖੱਟਰ ਸਰਕਾਰ ਤੋਂ ਅਸਤੀਫ਼ਾ ਦੁਆ ਕੇ ਭਾਜਪਾ ਵਲੋਂ ਨਵੀਂ ਸਰਕਾਰ ਦਾ ਗਠਨ ਕਰਨ ਲਈ ਨਾ ਸਿਰਫ਼ 6 ਆਜ਼ਾਦ ਵਿਧਾਇਕਾਂ ਨੂੰ ਹੀ ਨਾਲ ਜੋੜਿਆ ਗਿਆ ਹੈ, ਸਗੋਂ ਦੁਸ਼ਯੰਤ ਦੀ ਜਨਨਾਇਕ ਜਨਤਾ ਪਾਰਟੀ ਦੇ 5 ਵਿਧਾਇਕਾਂ ਨੂੰ ਵੀ ਆਪਣੇ ਨਾਲ ਗੰਢਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਸੂਬੇ ਦੇ ਭਾਜਪਾ ਪ੍ਰਧਾਨ ਅਤੇ ਕੁਰੂਕਸ਼ੇਤਰ ਦੇ ਲੋਕ ਸਭਾ ਮੈਂਬਰ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਦੀ ਕੁਰਸੀ ਸੌਂਪ ਕੇ ਭਾਜਪਾ ਨੇ ਹੋਰ ਪਿਛੜੇ ਵਰਗਾਂ (ਓ.ਬੀ.ਸੀ.) ਨਾਲ ਸੰਬੰਧ ਰੱਖਦੀਆਂ ਬਿਰਾਦਰੀਆਂ ਨੂੰ ਆਪਣੇ ਨਾਲ ਜੋੜਨ ਦਾ ਯਤਨ ਕੀਤਾ ਹੈ। ਜਨਨਾਇਕ ਜਨਤਾ ਪਾਰਟੀ ਕੌਮੀ ਜਮਹੂਰੀ ਗੱਠਜੋੜ ਦੀ ਭਾਈਵਾਲ ਰਹੀ ਹੈ। ਹਰਿਆਣਾ ਦੇ ਘਟਨਾਕ੍ਰਮ ਨੇ ਇਸ ਗੱਠਜੋੜ ਵਿਚ ਵੀ ਤਰੇੜ ਪਾਈ ਹੈ। ਚੱਲਦੇ ਅਜਿਹੇ ਘਟਨਾਕ੍ਰਮ ਵਿਚ ਭਾਜਪਾ ਨੂੰ ਇਹ ਅਹਿਸਾਸ ਹੁੰਦਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਿੱਧੀ ਦਾ ਘੋੜਾ ਸਰਪਟ ਦੌੜ ਰਿਹਾ ਹੈ, ਇਸ ਕਰਕੇ ਉਸ ਨੇ ਆਪਣੇ ਗੱਠਜੋੜ ਦੇ ਭਾਈਵਾਲਾਂ ਤੋਂ ਵੀ ਨਜ਼ਰਾਂ ਫੇਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

RELATED ARTICLES
POPULAR POSTS