Home / ਪੰਜਾਬ / ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫਤਾਰ ਸੰਜੇ ਪੋਪਲੀ ਤੇ ਸਾਥੀ ਦਾ 4 ਦਿਨਾ ਪੁਲਿਸ ਰਿਮਾਂਡ

ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫਤਾਰ ਸੰਜੇ ਪੋਪਲੀ ਤੇ ਸਾਥੀ ਦਾ 4 ਦਿਨਾ ਪੁਲਿਸ ਰਿਮਾਂਡ

7.30 ਕਰੋੜ ਦੇ ਟੈਂਡਰ ‘ਚੋਂ ਮੰਗਿਆ ਸੀ 1 ਫੀਸਦੀ ਕਮਿਸ਼ਨ
ਮੁਹਾਲੀ/ਬਿਊਰੋ ਨਿਊਜ਼ : ਪੰਜਾਬ ਵਿਜੀਲੈਂਸ ਬਿਊਰੋ ਨੇ ਨਵਾਂਸ਼ਹਿਰ ਵਿਖੇ ਸੀਵਰੇਜ ਪਾਈਪ ਲਾਈਨ ਪਾਉਣ ਦੇ ਟੈਂਡਰਾਂ ਨੂੰ ਮਨਜੂਰੀ ਦੇਣ ਲਈ ਰਿਸ਼ਵਤ ਵਜੋਂ 1 ਫੀਸਦੀ ਕਮਿਸ਼ਨ ਦੀ ਮੰਗ ਕਰਨ ਦੇ ਆਰੋਪ ‘ਚ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਨੂੰ ਗ੍ਰਿਫਤਾਰ ਕੀਤਾ ਹੈ। ਉਕਤ ਅਧਿਕਾਰੀ ਦੇ ਸਾਥੀ ਸੰਦੀਪ ਵਤਸ ਨੂੰ ਵੀ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਸੰਜੇ ਪੋਪਲੀ ਤੇ ਸੰਦੀਪ ਵਤਸ ਨੂੰ ਡਿਊਟੀ ਮੈਜਿਸਟ੍ਰੇਟ ਸੋਨਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 4 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸੰਜੇ ਕੁਮਾਰ ਨਾਮ ਦੇ ਵਿਅਕਤੀ ਨੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਰਾਹੀਂ ਦਰਜ ਕਰਵਾਈ ਸ਼ਿਕਾਇਤ ‘ਚ ਕਿਹਾ ਸੀ ਕਿ ਸੰਜੇ ਪੋਪਲੀ, ਆਈ. ਏ. ਐਸ. ਜਦੋਂ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਵਜੋਂ ਤਾਇਨਾਤ ਸਨ, ਨੇ ਆਪਣੇ ਸਹਾਇਕ ਸਕੱਤਰ ਸੰਦੀਪ ਵਤਸ ਦੀ ਮਿਲੀਭੁਗਤ ਨਾਲ 7.30 ਕਰੋੜ ਰੁਪਏ ਦੇ ਟੈਂਡਰ ਕਲੀਅਰ ਕਰਨ ਲਈ ਰਿਸ਼ਵਤ ਦੀ ਮੰਗ ਕੀਤੀ ਸੀ। 12 ਜਨਵਰੀ, 2022 ਵਾਲੇ ਦਿਨ ਸੰਦੀਪ ਵਤਸ ਦੇ ਵੱਟਸਐਪ ਤੋਂ ਉਸ ਨੂੰ ਕਾਲ ਆਈ, ਜਿਸ ‘ਚ ਸੰਜੇ ਪੋਪਲੀ ਦੀ ਤਰਫੋਂ ਟੈਂਡਰ ਅਲਾਟਮੈਂਟ ਲਈ 7 ਲੱਖ ਰੁਪਏ (7 ਕਰੋੜ ਰੁਪਏ ਦੇ ਪ੍ਰਾਜੈਕਟ ਦਾ 1 ਫੀਸਦੀ) ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ।
ਸੰਜੇ ਪੋਪਲੀ ਦੀਆਂ ਹੋਰ ਵਧੀਆਂ ਮੁਸ਼ਕਿਲਾਂ
ਹਰਿਆਣਾ ਦੇ ਠੇਕੇਦਾਰ ਬੋਲੇ : ਪੋਪਲੀ ਨੇ 16 ਕਰੋੜ ਰੁਪਏ ਦੀ ਪੇਮੈਂਟ ਬਦਲੇ ਮੰਗਿਆ ਸੀ 2 ਪਰਸੈਂਟ ਕਮਿਸ਼ਨ
ਚੰਡੀਗੜ੍ਹ/ਬਿਊਰੋ ਨਿਊਜ਼ : ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਲੰਘੇ ਕੱਲ੍ਹ ਗ੍ਰਿਫ਼ਤਾਰ ਕੀਤੇ ਗਏ ਆਈਏਐਸ ਅਫ਼ਸਰ ਸੰਜੇ ਪੋਪਲੀ ਦੀਆਂ ਮੁਸ਼ਕਿਲਾਂ ਹੋਰ ਵਧੀਆਂ ਗਈਆਂ ਹਨ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਨਾਲ ਸਬੰਧਤ ਦੋ ਠੇਕੇਦਾਰਾਂ ਨੇ ਵੀ ਸੰਜੇ ਪੋਪਲੀ ਖਿਲਾਫ਼ ਸ਼ਿਕਾਇਤ ਕੀਤੀ ਹੈ। ਠੇਕੇਦਾਰਾਂ ਨੇ ਕਿਹਾ ਕਿ ਉਨ੍ਹਾਂ ਕੋਲੋਂ ਮੋਰਿੰਡਾ ਅਤੇ ਤਲਵਾੜਾ ‘ਚ ਸੀਵਰੇਜ਼ ਲਾਈਨ ਵਿਛਾਉਣ ਦੀ ਪੇਮੈਂਟ ਦੀ ਅਦਾਇਗੀ ਕਰਨ ਬਦਲੇ ਪੋਪਲੀ ਨੇ 2 ਪਰਸੈਂਟ ਕਮਿਸ਼ਨ ਮੰਗਿਆ ਸੀ। ਠੇਕੇਦਾਰਾਂ ਨੇ ਅੱਗੇ ਦੱਸਿਆ ਕਿ ਪੋਪਲੀ ਨੇ ਉਨ੍ਹਾਂ ਨੂੰ 12 ਦਸੰਬਰ 2021 ਨੂੰ ਜਲੰਧਰ ਦੇ ਇਕ ਹੋਟਲ ਵਿਚ ਬੁਲਾਇਆ ਜਿੱਥੇ ਉਨ੍ਹਾਂ ਕਮਿਸ਼ਨ ਨਾ ਦੇਣ ਬਦਲੇ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਉਣ ਅਤੇ ਪੇਮੈਂਟ ਰੋਕਣ ਦੀ ਧਮਕੀ ਦਿੱਤੀ ਸੀ। 14 ਦਸੰਬਰ ਨੂੰ ਪੋਪਲੀ ਨੇ ਠੇਕੇਦਾਰ ਨੂੰ ਦਫਤਰ ਬੁਲਾਇਆ ਜਿੱਥੇ ਉਨ੍ਹਾਂ ਠੇਕੇਦਾਰ ਕੋਲੋਂ 5 ਲੱਖ ਰੁਪਏ ਮੰਗੇ। ਠੇਕੇਦਾਰ ਨੇ ਆਪਣੇ ਕਿਸੇ ਦੋਸਤ ਕੋਲੋਂ ਪੈਸੇ ਮੰਗੇ ਅਤੇ ਫਿਰ ਪੋਪਲੀ ਵੱਲੋਂ ਭੇਜੇ ਗਏ ਵਿਅਕਤੀ ਨੂੰ ਇਹ ਪੈਸੇ ਦਿੱਤੇ ਸਨ। ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸੰਜੇ ਪੋਪਲੀ ਫ਼ਿਲਹਾਲ 4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਹਨ।

Check Also

ਪੰਜਾਬ ਵਿਧਾਨ ਸਭਾ ’ਚ ਗੂੰਜਿਆ ਅਗਨੀਪੱਥ ਯੋਜਨਾ ਦਾ ਮੁੱਦਾ

ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਪੱਥ ਯੋਜਨਾ ਖਿਲਾਫ ਮਤਾ ਲਿਆਉਣ ਦਾ ਕੀਤਾ ਵਾਅਦਾ ਚੰਡੀਗੜ੍ਹ/ਬਿਊਰੋ ਨਿਊਜ਼ …