ਗਿਆਨੀ ਹਰਪ੍ਰੀਤ ਸਿੰਘ ਨੇ ਵਫਦ ਦਾ ਕੀਤਾ ਸਨਮਾਨ
ਅੰਮ੍ਰਿਤਸਰ : ਬਰਤਾਨਵੀ ਫੌਜ ਵੱਲੋਂ ਸਾਰਾਗੜ੍ਹੀ ਜੰਗ ਦੇ ਇਤਿਹਾਸ ਨੂੰ ਉਥੇ ਵਿਦਿਅਕ ਅਦਾਰਿਆਂ ਦੇ ਪਾਠਕ੍ਰਮ ਵਿੱਚ ਸ਼ਾਮਲ ਕਰਾਉਣ ਲਈ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਸਿੱਖ ਕੌਮ ਦੇ ਇਸ ਸਬੰਧੀ ਇਤਿਹਾਸ ਤੋਂ ਸਮੁੱਚਾ ਬਰਤਾਨੀਆ ਜਾਣੂ ਹੋ ਸਕੇ। ਇਹ ਖੁਲਾਸਾ ਬਰਤਾਨੀਆ ਫੌਜ ਦੇ ਇਕ ਵਫ਼ਦ ਨੇ ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਦੌਰਾਨ ਕੀਤਾ ਹੈ। ਇਹ ਵਫ਼ਦ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਇਕ ਰੋਜ਼ਾ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਆਇਆ ਸੀ।
ਬਰਤਾਨਵੀ ਫੌਜ ਦੇ ਇਸ ਵਫ਼ਦ ਵਿਚ ਬ੍ਰਿਗੇਡੀਅਰ ਸੇਲੀਆ ਜੇਨ ਹਾਰਵੇ, ਕਰਨਲ ਜੌਹਨ ਕੈਂਡਲ, ਕੈਪਟਨ ਕਰੇਜ ਬਿਕੇਰਟਨ, ਕੈਪਟਨ ਜਗਜੀਤ ਸਿੰਘ ਤੇ ਵਾਰੰਟ ਅਫ਼ਸਰ ਅਸ਼ੋਕ ਚੌਹਾਨ ਸ਼ਾਮਲ ਹਨ। ਇਨ੍ਹਾਂ ਨਾਲ ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਜੋਸ਼ਨ, ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਤਰੁਣਬੀਰ ਸਿੰਘ ਬੈਨੀਪਾਲ, ਕਮਲਜੀਤ ਕੌਰ ਪੰਨੂ ਸ਼ਾਮਲ ਸਨ। ਵਫ਼ਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਬ੍ਰਿਗੇਡੀਅਰ ਸੇਲੀਆ ਜੇਨ ਹਾਰਵੇ, ਜਿਸ ਨੂੰ ਸਿੱਖ ਚੈਂਪੀਅਨ ਦਾ ਖਿਤਾਬ ਮਿਲਿਆ ਹੋਇਆ ਹੈ, ਨੇ ਦੱਸਿਆ ਕਿ ਸਾਰਾਗੜ੍ਹੀ ਜੰਗ ਦੇ ਇਤਿਹਾਸ ਤੋਂ ਬਰਤਾਨਵੀ ਫੌਜ ਬਹੁਤ ਪ੍ਰਭਾਵਿਤ ਹੈ। ਇਸ ਇਤਿਹਾਸ ਨੂੰ ਸਮੁੱਚੇ ਬਰਤਾਨੀਆ ਨੂੰ ਜਾਣੂ ਕਰਾਉਣ ਲਈ ਇਸ ਨੂੰ ਵਿਦਿਅਕ ਅਦਾਰਿਆਂ ਦੇ ਪਾਠਕ੍ਰਮ ਵਿਚ ਸ਼ਾਮਲ ਕਰਾਉਣ ਲਈ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਭਾਰਤ ਦੌਰੇ ਦੌਰਾਨ ਵਿਸ਼ੇਸ਼ ਤੌਰ ‘ਤੇ ਅੰਮ੍ਰਿਤਸਰ ਪੁੱਜੇ ਹਨ। ਇਥੇ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਗੁਰਦੁਆਰਾ ਸਾਰਾਗੜ੍ਹੀ ਵੀ ਨਤਮਸਤਕ ਹੋ ਕੇ ਆਏ ਹਨ।
ਕੈਪਟਨ ਜਗਜੀਤ ਸਿੰਘ ਨੇ ਦੱਸਿਆ ਕਿ ਬਰਤਾਨਵੀ ਫੌਜ ਵਿਚ ਅੱਜ ਵੀ ਸਿੱਖ ਸ਼ਾਮਲ ਹਨ। ਬਰਤਾਨਵੀ ਫੌਜ ਸਿੱਖਾਂ ਦੀ ਬਹਾਦਰੀ ਦੇ ਕਾਰਜਾਂ ਤੋਂ ਪ੍ਰਭਾਵਿਤ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਉਹ ਚਾਹੁੰਦੇ ਹਨ ਕਿ ਉਥੇ ਵਸਦੇ ਸਿੱਖਾਂ ਦੇ ਬੱਚੇ ਵੱਡੀ ਗਿਣਤੀ ਵਿਚ ਫੌਜ ਵਿਚ ਭਰਤੀ ਹੋਣ। ਇਸ ਮੌਕੇ ਵਫਦ ਦੇ ਮੈਂਬਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਬਰਤਾਨਵੀ ਫੌਜ ਦੇ ਵਫਦ ਨੇ ਵੀ ਜਥੇਦਾਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਸਾਰਾਗੜ੍ਹੀ ਜੰਗ ਬਾਰੇ ਸੈਮੀਨਾਰ
21 ਸਿੱਖ ਯੋਧਿਆਂ ਦੀ ਯਾਦ ‘ਚ ਖਾਲਸਾ ਕਾਲਜ ਕੈਂਪਸ ਸਥਿਤ ਸਿੱਖ ਇਤਿਹਾਸ ਖੋਜ ਸੈਂਟਰ ਵਿਚ ਸਾਰਾਗੜ੍ਹੀ ਤੋਂ ਲਿਆਂਦੇ ਪੱਥਰ ਨੂੰ ਸਥਾਪਿਤ ਕੀਤਾ ਗਿਆ। ਬਰਤਾਨਵੀ ਫੌਜ ਦੇ ਵਫ਼ਦ ਨੇ ਕਾਲਜ ਦਾ ਦੌਰਾ ਕੀਤਾ, ਜਿਨ੍ਹਾਂ ਨੂੰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਾਲਜ ਦੀ ਇਮਾਰਤ ਤੇ ਇਤਿਹਾਸ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਸਾਰਾਗੜ੍ਹੀ ਯੁੱਧ ‘ਤੇ ਸਬੰਧਤ ਸੈਮੀਨਾਰ ਵੀ ਕਰਵਾਇਆ ਗਿਆ, ਜਿਸ ‘ਚ ਉਕਤ ਵਫ਼ਦ ਨੇ ਸ਼ਿਰਕਤ ਕੀਤੀ।
Check Also
ਭਾਰਤ ਤੇ ਅਮਰੀਕਾ ਵਿਚਾਲੇ ਵੱਡੀ ਟਰੇਡ ਡੀਲ ਹੋਣ ਦੀ ਉਮੀਦ
ਟਰੰਪ ਨੇ ਕਿਹਾ : ਚੀਨ ਨਾਲ ਡੀਲ ਹੋ ਚੁੱਕੀ ਹੈ ਅਤੇ ਹੁਣ ਭਾਰਤ ਨਾਲ ਵੀ …