Breaking News
Home / Special Story / ਪੰਜਾਬੀ ਰੰਗ ਮੰਚ ਦੇ ਇਤਿਹਾਸ ‘ਚ ਅੰਮ੍ਰਿਤਸਰ ਦਾ ਵੱਡਾ ਨਾਮ

ਪੰਜਾਬੀ ਰੰਗ ਮੰਚ ਦੇ ਇਤਿਹਾਸ ‘ਚ ਅੰਮ੍ਰਿਤਸਰ ਦਾ ਵੱਡਾ ਨਾਮ

ਸਮੇਂ ਦੇ ਹਾਣ ਦਾ ਹੋ ਕੇ ਵਿਚਰਦਾ ਰਿਹਾ ਅੰਮ੍ਰਿਤਸਰ ਦਾ ਰੰਗਮੰਚ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਰੰਗਮੰਚ ਦਾ ਇਤਿਹਾਸ ਸ਼ਾਨਾਂਮੱਤਾ ਹੈ। ਪਿਛਲੇ 120 ਵਰ੍ਹਿਆਂ ਵਿਚੋਂ ਗੁਜ਼ਰਦਿਆਂ ਪੰਜਾਬੀ ਰੰਗਮੰਚ ਨੇ ਅੱਜ ਜਿਹੜੀ ਪਛਾਣ ਅਤੇ ਮੁਕਾਮ ਸਥਾਪਤ ਕੀਤਾ ਹੈ, ਉਸ ‘ਤੇ ਅੰਮ੍ਰਿਤਸਰ ਵਾਸੀਆਂ ਨੂੰ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਮਾਣ ਮਹਿਸੂਸ ਕਰਦੇ ਹਨ। ਉਸ ਦੌਰ ਵਿਚ ਵੀ, ਜਦੋਂ ਸ਼ਹਿਰ ਵਿਚ ਲੋਕਾਂ ਦੇ ਮਨੋਰੰਜਨ ਲਈ ਸਿਨਮਿਆਂ ਦੀ ਭਰਮਾਰ ਸੀ, ਨਾਟਕਾਂ ਦਾ ਮੰਚਨ ਵੱਡੀ ਪੱਧਰ ‘ਤੇ ਹੁੰਦਾ ਰਿਹਾ। ਫਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਸਨ ਪਰ ਰੰਗਮੰਚ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਸਮਾਜ ਸੁਧਾਰਕ ਸੇਧ ਵੀ ਦਿੰਦਾ ਰਿਹਾ।
ਰੰਗਮੰਚ ਦੇ ਇਤਿਹਾਸ ਨੇ ਅੰਮ੍ਰਿਤਸਰ ਦੀ ਧਰਤੀ ਤੋਂ ਸ਼ੁਰੂ ਹੋ ਕੇ ਵਧਦਿਆਂ, ਫਲਦਿਆਂ, ਫੁਲਦਿਆਂ ਅਤੇ ਨਵੇਂ ਦਿਸਹੱਦੇ ਸਿਰਜਦਿਆਂ ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ‘ਤੇ ਆਪਣੀ ਵਿਲੱਖਣ ਪਛਾਣ ਬਣਾਈ ਹੈ। ਅੰਮ੍ਰਿਤਸਰ ਦੇ ਰੰਗਮੰਚ ਦੀ ਇਹ ਖਾਸੀਅਤ ਰਹੀ ਕਿ ਇਹ ਸਮੇਂ ਦੇ ਹਾਣ ਦਾ ਹੋ ਕੇ ਵਿਚਰਦਾ ਰਿਹਾ। ਇਹੋ ਕਾਰਨ ਹੈ ਕਿ ਨਾਟਕਕਾਰਾਂ, ਨਿਰਦੇਸ਼ਕਾਂ ਅਤੇ ਰੰਗਕਰਮੀਆਂ ਦੀ ਪ੍ਰਤੀਬੱਧਤਾ ਸਦਕਾ ਅੱਜ ਪੰਜਾਬੀ ਰੰਗਮੰਚ ਗੈਰ-ਪੰਜਾਬੀ ਭਾਸ਼ਾਵਾਂ ਦੇ ਰੰਗਮੰਚ ਨਾਲ ਮੋਢੇ ਨਾਲ ਮੋਢਾ ਮੇਚ ਕੇ ਚੱਲਣ ਦੇ ਸਮਰੱਥ ਬਣਿਆ ਅਤੇ ਸਮੇਂ ਦੀਆਂ ਦੁਸ਼ਵਾਰੀਆਂ ਨਾਲ ਜੂਝਦਿਆਂ ਪੱਕੇ ਪੈਰੀਂ ਹੋਇਆ ਹੈ। ਪੰਜਾਬ ਦੇ ਆਪਣੇ ਪਿੰਡੇ ‘ਤੇ ਹੰਢਾਏ ਕਾਲੇ ਦੌਰ ਦਾ ਗ੍ਰਹਿਣ ਵੀ ਰੰਗਮੰਚ ਨੂੰ ਲੱਗਿਆ ਪਰ ਫਿਰ ਵੀ ਲੋਕਾਂ ਦਾ ਰੰਗਮੰਚ ਨਾਲ ਪਿਆਰ ਤੇ ਕਲਾਕਾਰਾਂ ਦੀ ਰੰਗਮੰਚ ਨਾਲ ਮੁਹੱਬਤ ਨੇ ਇਸ ਦੌਰ ਵਿਚ ਵੀ ਰੰਗਮੰਚ ਦਾ ਦੀਵਾ ਬਾਲ ਕੇ ਰੱਖਿਆ।
ਅੰਮ੍ਰਿਤਸਰ ਵਿਚ ਪੰਜਾਬੀ ਰੰਗਮੰਚ ਦਾ ਆਰੰਭ 1895 ਵਿਚ ਹੋਇਆ ਦੱਸਿਆ ਜਾਂਦਾ ਹੈ। ਭਾਈ ਵੀਰ ਸਿੰਘ ਦੇ ਪਿਤਾ ਡਾ. ਚਰਨ ਸਿੰਘ ਦੀ ਰਚਨਾ ‘ਸ਼ਰਾਬ ਕੌਰ’ ਦਾ ਮੰਚਨ ਨਾਟਕ ਮੰਡਲੀ ਖਾਲਸਾ ਟੈਂਪਰੈਂਸ ਸੁਸਾਇਟੀ ਵਲੋਂ ਹਾਲਗੇਟ ਸਾਹਮਣੇ ਬਣੇ ਪਿੰਕ ਪਲਾਜ਼ਾ ਵਿਚ ਬਣੇ ਟੈਂਪਰੈਂਸ ਹਾਲ ਵਿਚ ਕੀਤਾ ਗਿਆ ਸੀ। ਨਾਟਕ ਦੇ ਸ਼ੋਅ ਅੰਮ੍ਰਿਤਸਰ ਅਤੇ ਲਾਹੌਰ ਵਿਚ ਇਕੋ ਦਿਨ ਹੋਏ ਸਨ। ਇਹ ਨਾਟਕ ਸਮਾਜ ਸੁਧਾਰ ਦੇ ਮੰਤਵ ਨਾਲ ਨਸ਼ਿਆਂ ਦੇ ਖਿਲਾਫ਼ ਲਿਖਿਆ ਤੇ ਖੇਡਿਆ ਗਿਆ ਸੀ। ਅੰਮ੍ਰਿਤਸਰ ਸ਼ਹਿਰ ਵਿਚ ਇਹ ਰੰਗਮੰਚ ਦੀ ਸ਼ੁਰੂਆਤ ਸੀ, ਜਿਥੋਂ ਇਹ ਪਰੰਪਰਾ ਵਿਗਸਣੀ ਸ਼ੁਰੂ ਹੋਈ। ਜਿਵੇਂ-ਜਿਵੇਂ ਅੰਮ੍ਰਿਤਸਰ ਵਿਚ ਰੰਗਮੰਚ ਵਿਕਾਸ ਕਰਦਾ ਗਿਆ, ਬਹੁਤ ਸਾਰੀਆਂ ਨਾਟ ਸੰਸਥਾਵਾਂ ਹੋਂਦ ਵਿਚ ਆਈਆਂ। ਸਮਾਂ ਬੀਤਣ ਨਾਲ ਕੁਝ ਸੰਸਥਾਵਾਂ ਕਈ ਕਾਰਨਾਂ ਕਰਕੇ ਬੰਦ ਵੀ ਹੋ ਗਈਆਂ ਪਰ ਅੱਜ ਦੇ ਦੌਰ ਵਿਚ ਬਹੁਤ ਸਾਰੇ ਨਾਟ ਗਰੁੱਪ ਕਾਰਜਸ਼ੀਲ ਹਨ। ਇਥੇ ਸਾਰੀਆਂ ਸੰਸਥਾਵਾਂ ਦਾ ਜ਼ਿਕਰ ਕਰਨਾ ਤਾਂ ਸੰਭਵ ਨਹੀਂ ਪਰ ਕੁਝ ਸੰਸਥਾਵਾਂ ਦਾ ਜ਼ਿਕਰ ਕਰਨਾ ਬਣਦਾ ਹੈ। ਮੰਚ ਰੰਗਮੰਚ ਅੰਮ੍ਰਿਤਸਰ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਹੁਰਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਸਿਖਲਾਈ ਲੈ ਕੇ ਆਉਣ ਤੋਂ ਬਾਅਦ 1991 ਵਿਚ ਸਥਾਪਤ ਕੀਤਾ ਸੀ। ਉਨ੍ਹਾਂ ਨਾਟਕਾਂ ਦੀਆਂ ਰਿਹਰਸਲਾਂ ਲਈ ਇਕ ਰੰਗਮੰਚ ਭਵਨ ਵੀ ਕਾਇਮ ਕੀਤਾ ਹੋਇਆ ਹੈ। ਕੇਵਲ ਧਾਲੀਵਾਲ ਨੇ ਭਾਅ ਜੀ ਗੁਰਸ਼ਰਨ ਸਿੰਘ ਹੁਰਾਂ ਨਾਲ ਲੰਮਾ ਸਮਾਂ ਕੰਮ ਕੀਤਾ ਤੇ ਇਹ ਤਜਰਬਾ ਉਨ੍ਹਾਂ ਲਈ ਬਹੁਤ ਕਾਰਗਰ ਸਿੱਧ ਹੋਇਆ। ਮੰਚ ਰੰਗਮੰਚ ਸਾਲ ਵਿਚ ਡੇਢ ਸੌ ਤੋਂ ਵੱਧ ਨਾਟਕਾਂ ਦਾ ਮੰਚਨ ਕਰ ਰਿਹਾ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਥੀਏਟਰ ਫੈਸਟੀਵਲ ਅਤੇ ਨੈਸ਼ਨਲ ਥੀਏਟਰ ਫੈਸਟੀਵਲ ਹਰ ਵਰ੍ਹੇ ਕਰਾਏ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਕਲਾਕਾਰਾਂ ਨੂੰ ਗੁਰ ਸਿਖਾਉਣ ਲਈ 30 ਦਿਨਾਂ ਦੀ ਵਰਕਸ਼ਾਪ ਅਤੇ ਅਦਾਕਾਰੀ ਸਿੱਖਣ ਵਾਲੇ ਬੱਚਿਆਂ ਲਈ 15 ਦਿਨਾਂ ਦੀ ਵਰਕਸ਼ਾਪ ਲਾਈ ਜਾਂਦੀ ਹੈ। ਮੰਚ ਰੰਗਮੰਚ ਨੇ ਪੰਜਾਬ ਤੇ ਦੇਸ਼ ਦੇ ਹੋਰ ਸੂਬਿਆਂ ਤੋਂ ਇਲਾਵਾ ਕਈ ਦੇਸ਼ਾਂ ਵਿਚ ਆਪਣੀਆਂ ਪੇਸ਼ਕਾਰੀਆਂ ਕੀਤੀਆਂ ਹਨ। ਕੇਵਲ ਧਾਲੀਵਾਲ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਉਸ ਨੇ ਹੱਦਾਂ ਸਰਹੱਦਾਂ ਟੱਪ ਕੇ ਪਾਕਿਸਤਾਨ ਵਿਚ ਆਪਣੇ ਥੀਏਟਰ ਦੀ ਧਾਕ ਜਮਾਈ ਅਤੇ ਉਥੋਂ ਦੇ ਅਜੋਕਾ ਥੀਏਟਰ ਗਰੁੱਪ ਨੂੰ ਨਾਲ ਜੋੜ ਕੇ ਦੋਵਾਂ ਮੁਲਕਾਂ ਵਿਚਾਲੇ ਲੰਮਾ ਸਮਾਂ ਅਮਨ ਸ਼ਾਂਤੀ ਕਾਇਮ ਕਰਨ ਦਾ ਹੋਕਾ ਦਿੱਤਾ। ਰੰਗਮੰਚ ਵਲੋਂ ਨਾਟਕਾਂ ਦੀਆਂ ਨਿਰੰਤਰ ਪੇਸ਼ਕਾਰੀਆਂ ਜਾਰੀ ਹਨ। ਸ਼੍ਰੋਮਣੀ ਨਾਟਕਕਾਰ ਜਤਿੰਦਰ ਸਿੰਘ ਬਰਾੜ ਨੇ 27 ਮਾਰਚ, 1998 ਨੂੰ ਪੰਜਾਬ ਨਾਟਸ਼ਾਲਾ ਦੀ ਸ਼ੁਰੂਆਤ ਕੀਤੀ ਸੀ। ਉਸ ਵੇਲੇ ਇਸ ਦੀ ਸਟੇਜ ਇਕ ਛੋਟਾ ਥੜ੍ਹਾ ਸੀ ਪਰ ਅੱਜ ਇਹ ਥੀਏਟਰ ਤਕਨੀਕੀ ਸਹੂਲਤਾਂ ਨਾਲ ਲੈਸ ਹੈ। ਘੁੰਮਣ ਵਾਲੀ ਸਟੇਜ ਅਤੇ ਬੈਠਣ ਦਾ ਵਧੀਆ ਪ੍ਰਬੰਧ ਸ੍ਰੀ ਬਰਾੜ ਦੀ ਸੂਝ-ਬੂਝ ਦਾ ਸਿੱਟਾ ਹੈ। ਪੰਜਾਬ ਨਾਟਸ਼ਾਲਾ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਲਗਪਗ 2000 ਦੇ ਕਰੀਬ ਪੇਸ਼ਕਾਰੀਆਂ ਕਰ ਚੁੱਕਿਆ ਹੈ ਅਤੇ ਅੰਮ੍ਰਿਤਸਰ ਵਿਚ ਇਹ ਇਕੋ ਇਕ ਥੀਏਟਰ ਹੈ, ਜਿਥੇ ਹਰ ਸ਼ਨੀਵਾਰ ਤੇ ਐਤਵਾਰ ਨਾਟਕ ਹੁੰਦੇ ਹਨ ਅਤੇ ਦਰਸ਼ਕ ਟਿਕਟਾਂ ਖਰੀਦ ਕੇ ਇਹ ਨਾਟਕ ਵੇਖਦੇ ਹਨ। ਅੰਮ੍ਰਿਤਸਰ ਦੇ ਪੰਜਾਬੀ ਰੰਗਮੰਚ ਨੇ ਪੂਰੇ ਪੰਜਾਬ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਦੇ ਸਿੱਟੇ ਵਜੋਂ ਬਹੁਤ ਸਾਰੇ ਸ਼ਹਿਰਾਂ ਦੀਆਂ ਨਾਟ ਟੋਲੀਆਂ ਪੰਜਾਬ ਨਾਟਸ਼ਾਲਾ ਵਿਚ ਆ ਕੇ ਪੇਸ਼ਕਾਰੀਆਂ ਕਰਦੀਆਂ ਹਨ।
1937 ‘ਪੰਜਾਬੀ ਨਾਟਕ ਸਭਾ’ ਹੋਂਦ ‘ਚ ਆਈ
ਪ੍ਰਸਿੱਧ ਸਾਹਿਤਕਾਰ ਪ੍ਰੋ. ਸ. ਸ. ਅਮੋਲ ਦੇ ਨਿੱਜੀ ਉਦਮ ਸਦਕਾ 1937 ਵਿਚ ‘ਪੰਜਾਬੀ ਨਾਟਕ ਸਭਾ’ ਹੋਂਦ ਵਿਚ ਆਈ ਸੀ। ਇਸ ਸੰਸਥਾ ਨੇ ਰੰਗਮੰਚ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਅਤੇ 1954 ਤੱਕ ਪੰਜਾਬੀ ਵਿਚ ਛਪੇ ਸਾਰੇ ਨਾਟਕਾਂ ਦਾ ਮੰਚਨ ਕੀਤਾ ਸੀ। ਅੰਮ੍ਰਿਤਸਰ ਦੇ ਰੰਗਮੰਚ ਵਿਚ ਭਾਅ ਜੀ ਗੁਰਸ਼ਰਨ ਸਿੰਘ ਵਲੋਂ 1961-62 ਵਿਚ ਸਥਾਪਤ ਕੀਤੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਨੇ ਇਤਿਹਾਸਕ ਭੂਮਿਕਾ ਨਿਭਾਈ। ਇਸ ਨਾਟ ਟੋਲੀ ਨੇ ਵੱਡੀ ਪੱਧਰ ‘ਤੇ ਪੰਜਾਬੀ ਨਾਟਕਾਂ ਦਾ ਮੰਚਨ ਕੀਤਾ। ਨਾਟ ਟੋਲੀ ਦੀਆਂ ਸਰਗਰਮੀਆਂ ਪਿੰਡਾਂ ਵਿਚ ਵਧਣ ਕਾਰਨ ਭਾਅ ਜੀ ਗੁਰਸ਼ਰਨ ਸਿੰਘ ਨੇ 1975 ਵਿਚ ‘ਅੰਮ੍ਰਿਤਸਰ ਸਕੂਲ ਆਫ ਡਰਾਮਾ’ ਦੀ ਸਥਾਪਨਾ ਕੀਤੀ ਅਤੇ ਇਸ ਨੇ 40 ਕਲਾਕਾਰਾਂ ਨਾਲ ‘ਧਮਕ ਨਗਾਰੇ ਦੀ’ ਨਾਟਕ ਦੀ ਪਹਿਲੀ ਪੇਸ਼ਕਾਰੀ ਕੀਤੀ ਸੀ। ਭਾਅ ਜੀ ਗੁਰਸ਼ਰਨ ਸਿੰਘ ਵਲੋਂ ਅੰਮ੍ਰਿਤਸਰ ਦੇ ਰੰਗਮੰਚ ਨੂੰ ਪ੍ਰਫੁਲਿਤ ਕਰਨ ਵਿਚ ਪਾਏ ਅਹਿਮ ਯੋਗਦਾਨ ਸਦਕਾ ਅੰਮ੍ਰਿਤਸਰ ਦਾ ਰੰਗਮੰਚ ਬੁਲੰਦੀਆਂ ਨੂੰ ਛੋਹਿਆ ਤੇ ਲੋਕੀਂ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ।
ਮਾਨਸਾ ਜ਼ਿਲ੍ਹਾ ਵੀ ਹੈ ਰੰਗਮੰਚ ਦਾ ਖਜ਼ਾਨਾ
ਮਾਨਸਾ : ਲੋਕ ਲਹਿਰਾਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਮਾਨਸਾ ਜ਼ਿਲ੍ਹੇ ਨੂੰ ਰੰਗਮੰਚੀ ਖਜ਼ਾਨੇ ਵਜੋਂ ਵੀ ਜਾਣਿਆ ਜਾਂਦਾ ਹੈ, ਪਰ ਹੁਣ ਸਮੇਂ ਦੀ ਰਫ਼ਤਾਰ ਨੇ ਐਸਾ ਗੇੜਾ ਖਾਧਾ ਹੈ ਕਿ ਕਈ ਕਾਰਨਾਂ ਕਰਕੇ ਇੱਥੇ ਰੰਗਮੰਚ ਵਾਲੀਆਂ ਸਰਗਰਮੀਆਂ ਸੂਰਜੀ ਚਮਕ ਵਾਂਗ ਛਿਪਣ ਲੱਗੀਆਂ ਹਨ। ਪ੍ਰੋ. ਅਜਮੇਰ ਔਲਖ ਦੇ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖਣ ਤੋਂ ਬਾਅਦ ਨਾਟਕੀ ਪੇਸ਼ਕਾਰੀਆਂ ਦਾ ਇੱਕ ਅਧਿਆਏ (ਚੈਪਟਰ) ਸੰਤੋਖਿਆ ਗਿਆ ਹੈ। ਇਥੋਂ ਦੀਆਂ ਲੋਕ ਲਹਿਰਾਂ ਤੋਂ ਪੰਜਾਬੀ ਲੇਖਕ ਤੇ ਬੁੱਧੀਜੀਵੀ ਹਮੇਸ਼ਾ ਬੇਹੱਦ ਪ੍ਰਭਾਵਿਤ ਰਹੇ ਹਨ। ਮਾਨਸਾ ਦੀਆਂ ਰੰਗਮੰਚੀ ਸਰਗਰਮੀਆਂ ਤਿੰਨ ਮੁੱਖ ਵਰਗਾਂ ਵਿੱਚ ਵੰਡੀਆਂ ਹੋਈਆਂ ਸਾਹਮਣੇ ਆਈਆਂ ਹਨ, ਜੋ ਅੱਜ-ਕੱਲ੍ਹ ਮਹਿੰਗਾ ਸੌਦਾ ਹੋਣ ਕਰਕੇ ਸੁੰਗੜਦੀਆਂ ਜਾ ਰਹੀਆਂ ਹਨ। ਇਥੇ ਰਾਮਲੀਲਾ ਕਲੱਬਾਂ ਦੇ ਰੰਗਮੰਚ ਦੀ ਬੜੀ ਚੜ੍ਹਾਈ ਰਹੀ ਹੈ ਅਤੇ ਖੱਬੇ ਪੱਖੀ ਪਾਰਟੀਆਂ ਦੇ ਡਰਾਮਾ, ਸਕੁਐਡਾਂ ਦੀਆਂ ਸਰਗਰਮੀਆਂ ਦੀ ਦੂਰ-ਦੂਰ ਤੱਕ ਬੱਲੇ-ਬੱਲੇ ਸੀ, ਜੋ ਹੁਣ ਬਿਲਕੁਲ ਬੰਦ ਵਰਗੀਆਂ ਹੀ ਹਨ, ਜਦੋਂ ਕਿ ਸ਼ੌਕੀਆ ਨਾਟਕ ਮੰਡਲੀਆਂ ਵੀ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਜਾਣ ਤੋਂ ਬਾਅਦ ਚੁੱਪ ਹੋਈਆਂ ਬੈਠੀਆਂ ਹਨ। ਸ਼ੌਕੀਆ ਨਾਟਕ ਮੰਡਲੀਆਂ ਹੀ ਅਸਲ ਵਿੱਚ ਰੰਗਮੰਚ ਦੀਆਂ ਸਹੀ ਵਾਰਸ ਮੰਨੀਆਂ ਜਾਂਦੀਆਂ ਹਨ, ਕਿਉਂਕਿ ਇਨ੍ਹਾਂ ਦੀ ਪ੍ਰਤੀਬੱਧਤਾ ਸਿਰਫ਼ ਰੰਗਮੰਚ ਪ੍ਰਤੀ ਹੀ ਹੁੰਦੀ ਹੈ। ਰੰਗਮੰਚ ਨੂੰ ਸਮਰਪਿਤ ਨਾਟਕ ਮੰਡਲੀਆਂ ਦੀ ਰੰਗਮੰਚੀ ਭੂਮਿਕਾ ਹਮੇਸ਼ਾ ਅਹਿਮ ਹੀ ਰਹੀ ਹੈ। ਪ੍ਰਾਪਤ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਮਾਨਸਾ ਵਿੱਚ ਨਿਰੋਲ ਰੰਗਮੰਚੀ ਨਾਟਕ ਮੰਡਲੀਆਂ 1973 ਦੇ ਨੇੜੇ-ਤੇੜੇ ਬਣਨੀਆਂ ਸ਼ੁਰੂ ਹੋਈਆਂ ਅਤੇ ਹੁਣ ਤੱਕ ਮਾਨਸਾ ਵਿੱਚ 29 ਦੇ ਕਰੀਬ ਨਾਟਕ ਮੰਡਲੀਆਂ ਹੋਂਦ ਵਿੱਚ ਆਈਆਂ ਹੋਈਆਂ ਹਨ। ਪੰਜਾਬੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿੱਚ ਇੱਕ ਬਹੁਤ ਵੱਡਾ ਨਾਂ ਅਤੇ ਮਾਨਸਾ ਦੇ ਰੰਗਮੰਚ ਦਾ, ਜੋ ਮਾਣ ਹੈ, ਉਹ ਹਨ ਪ੍ਰੋ. ਅਜਮੇਰ ਸਿੰਘ ਔਲਖ।ਇਸ ਸ਼ਹਿਰ ਵਿੱਚ ਪ੍ਰੋ. ਔਲਖ ਨੇ ਓਲਡ ਸੈਂਡਜ਼ ਥੀਏਟਰ ਕਾਇਮ ਕੀਤਾ। ਫਿਰ ਲੋਕ ਕਲਾ ਮੰਚ ਮਾਨਸਾ ਦਾ ਗਠਨ ਕੀਤਾ, ਜੋ ਅੱਜ ਤੱਕ ਪ੍ਰੋਫੈਸਰ ਦੇ ਜਾਣ ਤੋਂ ਬਾਅਦ ਵੀ ਕਾਇਮ ਹੈ। ਪ੍ਰੋ. ਔਲਖ ਦੇ ਲਿਖੇ ਅਤੇ ਨਿਰਦੇਸ਼ਿਤ ਕੀਤੇ ਨਾਟਕ ‘ਅਰਬਦ-ਨਰਬਦ ਧੁੰਦੂਕਾਰਾ’ ਅਤੇ ‘ਬੇਗਾਨੇ ਬੋਹੜ ਦੀ ਛਾਂ’ ਐਨੇ ਜ਼ਿਆਦਾ ਮਕਬੂਲ ਹੋਏ ਕਿ ਸਾਰੇ ਪੰਜਾਬ ਦੇ ਰੰਗਮੰਚ ਹਲਕਿਆਂ ਵਿੱਚ ਇਨ੍ਹਾਂ ਦੀ ਸਭ ਤੋਂ ਵੱਧ ਚਰਚਾ ਚਲਦੀ ਰਹੀ। ‘ਬੇਗਾਨੇ ਬੋਹੜ ਦੀ ਛਾਂ’ ਨੇ ਪ੍ਰੋ. ਔਲਖ ਨੂੰ ਪ੍ਰਮੁੱਖ ਨਾਟਕਕਾਰਾਂ ਦੀ ਕਤਾਰ ਵਿੱਚ ਖੜ੍ਹਾ ਕੀਤਾ। ਬਾਅਦ ਵਿੱਚ ਔਲਖ ਦੇ ਸਾਰੇ ਨਾਟਕਾਂ ਦੀ ਬੜੀ ਧੂਮ ਰਹੀ ਹੈ, ਉਹ ਦੇਸ਼ਾਂ-ਵਿਦੇਸ਼ਾਂ ਸਮੇਤ ਕੌਮੀ ਪੱਧਰ ‘ਤੇ ਅਣਗਣਿਤ ਪੇਸ਼ਕਾਰੀਆਂ ਕਰ ਚੁੱਕੇ ਹਨ।
ਪ੍ਰੋ. ਔਲਖ ਦੇ ਨਾਲ ਲਗਾਤਾਰ ਜੁੜੇ ਰਹਿਣ ਵਾਲੇ ਉਨ੍ਹਾਂ ਦੇ ਵਿਦਿਆਰਥੀ ਬਲਰਾਜ ਮਾਨ (ਲੋਕਧਾਰਾ ਰੰਗਮੰਚ ਮਾਨਸਾ), ਦਿਲਬਾਗ, ਕੇਵਲ ਅਜਨਬੀ, ਜਸਪਾਲ ਨੇ ਵੀ ਮਾਲਵਾ ਰੰਗਮੰਚ ਮਾਨਸਾ ਦਾ ਗਠਨ ਕਰਕੇ ਕਿਸੇ ਸਮੇਂ ਕਾਇਮ ਸਰਗਰਮੀਆਂ ਵਿੱਢੀਆਂ ਸਨ। ਉਹ ਮਗਰੋਂ ਚੰਡੀਗੜ੍ਹ ਜਾ ਕੇ ਵੀ ਰੰਗਮੰਚ ਨਾਲ ਜੁੜੇ ਰਹੇ।
ਪ੍ਰੋ. ਔਲਖ ਦੀ ਯਾਦ ਵਿੱਚ ਮਾਨਸਾ ਵਿਖੇ ਨਵੇਂ ਬਣੇ ਪਾਰਕ ਵਿੱਚ ਓਪਨ ਏਅਰ ਥੀਏਟਰ ਬਣਾਇਆ ਗਿਆ, ਜਿਸ ਤੋਂ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀ ਰੰਗਮੰਚ ਪ੍ਰਤੀ ਸਮਰਪਿਤ ਭਾਵਨਾ ਦਾ ਪਤਾ ਲੱਗਦਾ ਰਹੇਗਾ।
ਚੰਡੀਗੜ੍ਹ ਦੇ ਰੰਗਮੰਚ ਨੇ ਵੀ ਧਾਰਿਆ ਨਵਾਂ ਰੂਪ
ਚੰਡੀਗੜ੍ਹ : ਸਮੇਂ ਦੇ ਨਾਲ-ਨਾਲ ਸਿਟੀ ਬਿਊਟੀਫੁਲ ‘ਚ ਰੰਗਮੰਚ ਨਵੀਂ ਅੰਗੜਾਈ ਲੈ ਰਿਹਾ ਹੈ। ਦੋ ਕੁ ਦਹਾਕੇ ਪਹਿਲਾਂ ਚੰਡੀਗੜ੍ਹ ਦੇ ਰੰਗਮੰਚ ਦੇ ਹਾਲਾਤ ਬਹੁਤੇ ਚੰਗੇ ਨਹੀਂ ਸਨ ਪਰ ਹੁਣ ਉਹ ਚਿੰਤਾ ਦੀਆਂ ਲਕੀਰਾਂ ਮਿਟ ਚੁੱਕੀਆਂ ਹਨ। ਕਲਾਕਾਰਾਂ ਵੱਲੋਂ ਕੀਤੀ ਮਿਹਨਤ ਸਦਕਾ ਹੀ ਅੱਜ ਚੰਡੀਗੜ੍ਹ ਦਾ ਰੰਗਮੰਚ ਨਵਾਂ ਰੂਪ ਧਾਰ ਚੁੱਕਿਆ ਹੈ। ਅੱਜ ਦੇ ਸਮੇਂ ਚੰਡੀਗੜ੍ਹ ਸ਼ਹਿਰ ‘ਚ ਨਾਟਕ ਮੰਚਨ ਦੌਰਾਨ ਦਰਸ਼ਕਾਂ ਦੇ ਪੈਰ ਰੱਖਣ ਨੂੰ ਥਾਂ ਨਹੀਂ ਹੁੰਦੀ, ਉੱਥੇ ਹੀ ਦੇਸ਼ ਭਰ ਤੋਂ ਲੋਕ ਆਪਣਾ ਹੁਨਰ ਲੈ ਕੇ ਚੰਡੀਗੜ੍ਹ ਪਹੁੰਚ ਰਹੇ ਹਨ। ਸ਼ੌਕ ਵਜੋਂ ਕੀਤੇ ਜਾਣ ਵਾਲੇ ਰੰਗਮੰਚ ‘ਚ ਅੱਜ ਉਭਰਦੇ ਰੰਗ ਕਰਮੀਆਂ ਨੂੰ ਆਪਣਾ ਸੁਨਹਿਰਾ ਭਵਿੱਖ ਦਿਖਾਈ ਦੇ ਰਿਹਾ ਹੈ।
ਕੋਈ ਸਮਾਂ ਸੀ ਕਿ ਥੀਏਟਰ ‘ਚ ਮੱਧ ਉਮਰ ਦੇ ਲੋਕਾਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ ਪਰ ਵਰਤਮਾਨ ਸਮੇਂ ਨੌਜਵਾਨ ਪੀੜ੍ਹੀ ਬਹੁਤ ਹੀ ਉਤਸ਼ਾਹ ਨਾਲ ਥੀਏਟਰ ‘ਚ ਹਿੱਸਾ ਲੈ ਰਹੀ ਹੈ। ਇਹ ਹੀ ਨਹੀਂ ਲੜਕੀਆਂ ਵੱਲੋਂ ਵੀ ਥੀਏਟਰ ‘ਚ ਬਹੁਤ ਰੁਚੀ ਦਿਖਾਈ ਜਾ ਰਹੀ ਹੈ। ਇਸ ਦੇ ਬਾਵਜੂਦ ਹਾਲੇ ਵੀ ਕਲਾਕਾਰਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਚੰਡੀਗੜ੍ਹ ਸ਼ਹਿਰ ਨੂੰ ਰੰਗਮੰਚ ਦੇ ਖੇਤਰ ‘ਚ ਨਵੀਂ ਦਿਸ਼ਾ ਦੇਣ ਵਿੱਚ ‘ਅਭਿਨੇਤ ਗਰੁੱਪ’ ਦੀ ਵੱਡੀ ਭੂਮਿਕਾ ਰਹੀ ਹੈ। ਇਸ ਨੇ ਬਾਲੀਵੁੱਡ ਅਤੇ ਪਾਲੀਵੁੱਡ ਨੂੰ ਵੱਡੀ ਗਿਣਤੀ ‘ਚ ਕਲਾਕਾਰ ਦਿੱਤੇ ਹਨ। ਸਾਲ 1974 ‘ਚ ਸਥਾਪਿਤ ਕੀਤੇ ‘ਅਭਿਨੇਤ ਗਰੁੱਪ’ ਦੇ ਵਿਜੈ ਕਪੂਰ ਨੇ ਦੱਸਿਆ ਕਿ ਇਹ ਗਰੁੱਪ ਸਾਮਾਜਿਕ ਮੁੱਦਿਆਂ ‘ਤੇ ਆਧਾਰਿਤ ਨਾਟਕਾਂ ਦੀ ਪੇਸ਼ਕਾਰੀ ਕਰਦਾ ਆ ਰਿਹਾ ਹੈ। ਇਸ ਨਾਲ 60 ਤੋਂ ਵੱਧ ਕਲਾਕਾਰ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਮੇਂ ਦੇ ਨਾਲੋ-ਨਾਲ ਥੀਏਟਰ ‘ਚ ਵੀ ਕਾਫ਼ੀ ਬਦਲਾਅ ਆ ਗਿਆ ਹੈ। ਕਿਸੇ ਸਮੇਂ ਥੀਏਟਰ ਨੂੰ ਲੋਕਾਂ ਵੱਲੋਂ ਆਪਣੇ ਸ਼ੌਕ ਲਈ ਕੀਤਾ ਜਾਂਦਾ ਸੀ ਪਰ ਅੱਜ ਨੌਜਵਾਨ ਪੀੜ੍ਹੀ ਵੱਲੋਂ ਥੀਏਟਰ ‘ਚ ਆਪਣਾ ਭਵਿੱਖ ਸੰਵਾਰਨ ਬਾਰੇ ਵੀ ਸੋਚਿਆ ਜਾ ਰਿਹਾ ਹੈ। ਸਾਲ 1988 ‘ਚ ਸਥਾਪਿਤ ਕੀਤੇ ਗਏ ‘ਥੀਏਟਰ ਫਾਰ ਥੀਏਟਰ’ ਦੇ ਸੁਦੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਸੱਭਿਆਚਾਰ ਥੀਏਟਰ ਫੈਸਟੀਵਲ ਸਾਲ 2003 ‘ਚ ਸ਼ੁਰੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਗਰੁੱਪ ਨੇ ਹੁਣ ਤੱਕ 6 ਹਜ਼ਾਰ ਤੋਂ ਵੱਧ ਨਾਟਕਾਂ ਦੀ ਪੇਸ਼ਕਾਰੀ ਕੀਤੀ ਹੈ।
ਸਾਲ 1995 ‘ਚ ਸਥਾਪਿਤ ਕੀਤੇ ਗਏ ‘ਅਦਾਕਾਰ ਮੰਚ ਮੁਹਾਲੀ’ ਦੇ ਡਾ. ਸਾਹਿਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਰਤਮਾਨ ਸਮੇਂ ਦੇ ਹਾਲਾਤਾਂ ਨੂੰ ਲੈ ਕੇ ਨਾਟਕਾਂ ਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ ਤਾਂ ਜੋ ਸਮਾਜ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਨੌਜਵਾਨ ਪੀੜ੍ਹੀ ਅਤੇ ਮੱਧ ਵਰਗੀ ਲੋਕ ਅੱਜ ਵੀ ਥੀਏਟਰ ਸਬੰਧੀ ਉਤਸ਼ਾਹ ਵਿਚ ਹਨ।
ਸਾਲ 1998 ‘ਚ ਸਥਾਪਿਤ ਹੋਏ ‘ਰੂਪਕ ਕਲਾ ਅਤੇ ਵੈੱਲਫੇਅਰ ਸੁਸਾਇਟੀ’ ਮਹਿਲਾਵਾਂ ‘ਤੇ ਹੋ ਰਹੇ ਅੱਤਿਆਚਾਰ ਅਤੇ ਉਨ੍ਹਾਂ ਦੇ ਹੱਕਾਂ ਸਬੰਧੀ ਨਾਟਕ ਪੇਸ਼ ਕਰਦੇ ਆ ਰਹੇ ਹਨ। ਇਸ ਸਬੰਧੀ ਨਿਰਦੇਸ਼ਿਕਾ ਸੰਗੀਤਾ ਗੁਪਤਾ ਨੇ ਦੱਸਿਆ ਕਿ ਗਰੁੱਪ ਵਿਚ ਜ਼ਿਆਦਾ ਗਿਣਤੀ ਮਹਿਲਾ ਕਲਾਕਾਰਾਂ ਦੀ ਹੈ। ਉਨ੍ਹਾਂ ਦੱਸਿਆ ਕਿ ਵਰਤਮਾਨ ਸਮੇਂ ‘ਚ ਥੀਏਟਰ ਕਰਨ ਲਈ ਮਾਲੀ ਸਮੱਸਿਆ ਦਰਪੇਸ਼ ਹੈ।

Check Also

ਤੁਰ ਗਿਆ… ਪੰਜਾਬੀ ਗਾਇਕੀ, ਸਫੇਦ ਚਾਦਰ ਕੁਰਤੇ ਅਤੇ ਸ਼ਮਲੇ ਵਾਲੀ ਪੱਗ ਨਾਲ ਪਹਿਚਾਣ ਬਣਾਉਣ ਵਾਲਾ ਸਰਦੂਲ ਸਿਕੰਦਰ

1991 ਵਿਚ ਐਲਬਮ ‘ਹੁਸਨਾ ਦੇ ਮਾਲਕੋ’ ਨੇ ਰਚਿਆ ਸੀ ਇਤਿਹਾਸ 50 ਲੱਖ ਤੋਂ ਜ਼ਿਆਦਾ ਵਿਕੀਆਂ ਸਨ …