Breaking News
Home / ਦੁਨੀਆ / ਸਿਡਨੀ ਦੀ ਗੁਰਦੁਆਰਾ ਕਮੇਟੀ ਨੇ ਜਾਰੀ ਕੀਤਾ ਅਜੀਬੋ-ਗਰੀਬ ਫਰਮਾਨ

ਸਿਡਨੀ ਦੀ ਗੁਰਦੁਆਰਾ ਕਮੇਟੀ ਨੇ ਜਾਰੀ ਕੀਤਾ ਅਜੀਬੋ-ਗਰੀਬ ਫਰਮਾਨ

‘ਲੰਗਰ ਕੁਰਸੀਆਂ ‘ਤੇ ਬੈਠ ਕੇ ਹੀ ਛਕੋ ਜੀ
ਸਿਡਨੀ : ਸਿਡਨੀ ਦੇ ਇਕ ਗੁਰਦੁਆਰਾ ਸਾਹਿਬ ਦੇ ਨੋਟਿਸ ਬੋਰਡ ‘ਤੇ ਇਕ ਹੈਰਾਨ ਕਰਨ ਵਾਲੀ ਹਦਾਇਤ ਲਿਖੀ ਸਾਹਮਣੇ ਆਈ ਹੈ। ਆਸਟਰਲ ਗੁਰਦੁਆਰਾ ਦੇ ਪ੍ਰਬੰਧਕਾਂ ਨੇ ਇਹ ਫੁਰਮਾਨ ਜਾਰੀ ਕੀਤਾ ਹੈ ਕਿ ਲੰਗਰ ਸਿਰਫ ਲੰਗਰ ਹਾਲ ਵਿਚ ਲੱਗੀਆਂ ਕੁਰਸੀਆਂ ‘ਤੇ ਬਹਿ ਕੇ ਹੀ ਛਕਿਆ ਜਾਵੇ। ਉਨ੍ਹਾਂ ਅਨੁਸਾਰ ਇਹ ਲੰਗਰ ਕੋਈ ਵੀ ਪੰਗਤ ਵਿਚ ਜਾਂ ਥੱਲੇ ਬੈਠ ਕੇ ਨਹੀਂ ਛਕ ਸਕਦਾ। ਜੇਕਰ ਕੋਈ ਉਨ੍ਹਾਂ ਦੀ ਗੱਲ ਨਹੀਂ ਮੰਨਦਾ ਤਾਂ ਪੁਲਿਸ ਨੂੰ ਸੱਦ ਕੇ ਉਸ ‘ਤੇ ਕਾਰਵਾਈ ਕੀਤੀ ਜਾਵੇਗੀ। ਇਸ ਲਿਖਤੀ ਫੁਰਮਾਨ ਨੇ ਸਾਰੇ ਪਾਸੇ ਸਿੱਖ ਸੰਗਤਾਂ ਵਿਚ ਹਾਹਾਕਾਰ ਮਚਾ ਦਿੱਤੀ ਹੈ। ਇਥੇ ਗੌਰਤਲਬ ਹੈ ਕਿ ਇਸ ਗੁਰਦੁਆਰੇ ਵਿਚ ਪਹਿਲਾਂ ਤੋਂ ਹੀ ਕੁਰਸੀਆਂ-ਮੇਜ਼ ਹਨ ਅਤੇ ਜੁੱਤੀਆਂ ਪਾ ਕੇ ਹੀ ਲੰਗਰ ਛਕਿਆ ਜਾਂਦਾ ਹੈ। ਅਪ੍ਰੈਲ 2016 ਵਿਚ ਇਸ ਗੁਰੂ ਘਰ ਦੇ ਸੈਕਟਰੀ ਨੇ ਇਕ ਪ੍ਰੈੱਸ ਨੋਟ ਜਾਰੀ ਕੀਤਾ ਸੀ, ਜਿਸ ਵਿਚ ਉਸ ਨੇ ਥੱਲੇ ਪੰਗਤ ਵਿਚ ਲੰਗਰ ਛਕਣ ਨੂੰ ਨੁਕਸਾਨਦੇਹ ਹੋ ਸਕਦਾ ਦੱਸਿਆ ਸੀ। ਇਸ ਤੋਂ ਪਹਿਲਾਂ ਵੀ ਕਈ ਮਸਲਿਆਂ ਵਿਚ ਇਹ ਗੁਰਦੁਆਰਾ ਵਿਵਾਦਾਂ ਵਿਚ ਘਿਰਦਾ ਰਿਹਾ ਹੈ। ਸਿੱਖ ਮਿਸ਼ਨ ਸੈਂਟਰ ਸਿਡਨੀ ਵਲੋਂ ਚਲਾਏ ਜਾਂਦੇ ਇਸ ਗੁਰੂ ਘਰ ਵਿਚ ਬਣਾਏ ਸੰਵਿਧਾਨ ਵਿਚ ਵੀ ਇਹ ਸਪੱਸ਼ਟ ਹੈ ਕਿ ਉਹ ਆਪਣੇ ਅਨੁਸਾਰ ਗੁਰੂ ਘਰ ਦੇ ਨਿਯਮਾਂ ਅਤੇ ਮਰਿਆਦਾ ਵਿਚ ਤਬਦੀਲੀ ਕਰ ਸਕਦੇ ਹਨ। ਇਸ ਮਸਲੇ ਵਿਚ ਸੰਗਤਾਂ ਵਿਚ ਕਾਫ਼ੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ।
ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ
ਅੰਮ੍ਰਿਤਸਰ : ਅਸਟਰੇਲੀਆ ਦੇ ਸ਼ਹਿਰ ਸਿਡਨੀ ਵਿਚ ਗੁਰਦੁਆਰਾ ਆਸਟਰਲ ਦੇ ਪ੍ਰਬੰਧਕਾਂ ਵੱਲੋਂ ਲੰਗਰ ਘਰ ਵਿੱਚ ਕੁਰਸੀਆਂ ‘ਤੇ ਬਿਠਾ ਕੇ ਲੰਗਰ ਛਕਾਉਣ ਦੀ ਸ਼ੁਰੂ ਕੀਤੀ ਪ੍ਰਥਾ ਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਖ਼ਤ ਨੋਟਿਸ ਲੈਂਦਿਆਂ ਹਦਾਇਤ ਕੀਤੀ ਹੈ ਕਿ ਇਸ ਸਬੰਧੀ ਗੁਰਦੁਆਰੇ ਦੇ ਬਾਹਰ ਲਿਖ ਕੇ ਲਾਏ ਗਏ ਨੋਟਿਸ ਨੂੰ ਤੁਰੰਤ ਹਟਾਇਆ ਜਾਵੇ। ਇਸ ਦੌਰਾਨ ਸਿੱਖ ਸੰਗਤ ਨੂੰ ਵੀ ਇਸ ਸਿੱਖ ਵਿਰੋਧੀ ਸਿਧਾਂਤ ਪ੍ਰਤੀ ਸੁਚੇਤ ਕੀਤਾ ਹੈ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਸਿਡਨੀ ਦੇ ਇਕ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਸਿੱਖ ਸਿਧਾਂਤ ਦੀ ਉਲੰਘਣਾ ਕੀਤੀ ਜਾ ਰਹੀ ਹੈ। ਗੁਰੂ ਕਾਲ ਤੋਂ ਚੱਲੀ ਆ ਰਹੀ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦੀ ਪ੍ਰਥਾ ਨੂੰ ਢਾਹ ਲਾਈ ਜਾ ਰਹੀ ਹੈ। ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਇਸ ਸਬੰਧੀ ਗੁਰਦੁਆਰੇ ਦੇ ਨੋਟਿਸ ਬੋਰਡ ‘ਤੇ ਲਿਖ ਕੇ ਲਾਇਆ ਗਿਆ ਹੈ ਕਿ ਲੰਗਰ ਸਿਰਫ਼ ਕੁਰਸੀਆਂ ‘ਤੇ ਬੈਠ ਕੇ ਹੀ ਛਕਿਆ ਜਾਵੇ। ਉਨ੍ਹਾਂ ਆਖਿਆ ਕਿ ਇਹ ਢੰਗ ਸਿੱਖ ਸਿਧਾਂਤਾਂ ਦੀ ਉਲੰਘਣਾ ਹੈ। ਗੁਰੂ ਕਾਲ ਦੇ ਵੇਲੇ ਬਾਦਸ਼ਾਹ ਅਕਬਰ ਨੇ ਵੀ ਪੰਗਤ ‘ਚ ਬੈਠ ਕੇ ਪ੍ਰਸ਼ਾਦਾ ਛਕਿਆ ਸੀ। ਉਨ੍ਹਾਂ ਆਖਿਆ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਪਹਿਲਾਂ ਵੀ ਇਸ ਸਬੰਧੀ ਹੁਕਮਨਾਮਾ ਜਾਰੀ ਹੋ ਚੁੱਕਾ ਹੈ ਕਿ ਲੰਗਰ ਸਿਰਫ ਪੰਗਤ ‘ਚ ਬੈਠ ਕੇ ਹੀ ઠਛਕਿਆ ਜਾਵੇ ਪਰ ਜੇਕਰ ਕੋਈ ਅਪਹਾਜ ਹੈ ਜਾਂ ਬੈਠਣ ਤੋਂ ਅਸਮਰਥ ਹੈ ਤਾਂ ਉਸ ਵਾਸਤੇ ਵੱਖਰਾ ਪ੍ਰਬੰਧ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਗੁਰਦੁਆਰਾ ਆਸਟਰਲ ਦੇ ਪ੍ਰਬੰਧਕਾਂ ਵੱਲੋਂ ਲਾਇਆ ਗਿਆ ਨੋਟਿਸ ਪੂਰੀ ਤਰ੍ਹਾਂ ਸਿੱਖ ਸਿਧਾਂਤਾਂ ਦੀ ਉਲੰਘਣਾ ਹੈ। ਉਨ੍ਹਾਂ ਆਖਿਆ ਕਿ ਗੁਰੂ ਪ੍ਰੰਪਰਾ ਨੂੰ ਕਿਸੇ ਵੀ ਤਰ੍ਹਾਂ ਢਾਹ ਲਾਉਣ ਦੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕੁਝ ਲੋਕ ਸਿੱਖ ਭਾਈਚਾਰੇ ਨੂੰ ਇਸ ਪ੍ਰੰਪਰਾ ਤੋਂ ਦੂਰ ਹੋਣ ਲਈ ਆਖ ਰਹੇ ਹਨ।
ਮਰਿਆਦਾ ਬਦਲਣ ਦਾ ਕਿਸੇ ਨੂੰ ਹੱਕ ਨਹੀਂ: ਲੌਂਗੋਵਾਲ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਿਡਨੀ ਦੇ ਗੁਰਦੁਆਰੇ ਦੇ ਕਮੇਟੀ ਦੇ ਫ਼ੈਸਲੇ ਨੂੰ ਨਕਾਰਦਿਆਂ ਕਿਹਾ ਪੰਥਕ ਰਵਾਇਤਾਂ ਨੂੰ ਬਦਲਣ ਦੀ ਇਹ ਹਰਕਤ ਪੰਥ ਅੰਦਰ ਦੁਬਿਧਾ ਪਾਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰੇ ਅੰਦਰ ਲੰਗਰ ਦੀ ਪ੍ਰਥਾ ਪੰਗਤ ਨਾਲ ਜੁੜੀ ਹੋਈ ਹੈ ਤੇ ਇਸ ਨੂੰ ਬਦਲਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਸਬੰਧਤ ਗੁਰਦੁਆਰੇ ਦੇ ਪ੍ਰਬੰਧਕਾਂ ਦੀ ਜਵਾਬ ਤਲਬੀ ਕਰਨ।

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …