Breaking News

ਤਲਵਾਰ

ਤਸ਼ੱਦਦ ਦੀਆਂ ਉੱਧੜਧੁੰਮੀਆਂ ਦੀ, ਫੁਹਾਰ ਬਦਲਣੀ ਪੈਂਦੀ ਏ।
ਉਦੋਂ ਮਾਲਾ ਵਾਲੇ ਹੱਥਾਂ ਵਿੱਚ, ਤਲਵਾਰ ਬਦਲਣੀ ਪੈਂਦੀ ਏ।
ਜਦੋਂ ਡਰ ਹੋਵੇ ਟੁੱਕੜਬੋਚਾਂ ਤੋਂ।
ਜਦੋਂ ਕਹਿਰ ਲੰਘ ਜਾਵੇ ਸੋਚਾਂ ਤੋਂ।
ਅਣਗੌਲ ਲਕੀਰਾਂ ਹੱਥਾਂ ਦੀਆਂ, ਨੁਹਾਰ ਬਦਲਣੀ ਪੈਂਦੀ ਏ।
ਉਦੋਂ ਮਾਲਾ ਵਾਲੇ ਹੱਥਾਂ ਵਿੱਚ, ਤਲਵਾਰ ਬਦਲਣੀ ਪੈਂਦੀ ਏ।
ਜਦੋਂ ਡੰਡੇ ਵੱਜਣ ਬੇਦੋਸ਼ਾਂ ਨੂੰ।
ਕੋਈ ਆਉਣ ਨਾ ਦੇਵੇ ਹੋਸ਼ਾਂ ਨੂੰ।
ਚੌਕਾਂ ਵਿੱਚ ਪਾਟਣ ਜੇ ਲੀੜੇ, ਸਰਕਾਰ ਬਦਲਣੀ ਪੈਂਦੀ ਏ।
ਉਦੋਂ ਮਾਲਾ ਵਾਲੇ ਹੱਥਾਂ ਵਿੱਚ, ਤਲਵਾਰ ਬਦਲਣੀ ਪੈਂਦੀ ਏ।
ਫੜ ਵਾਲਾਂ ਤੋਂ ਝਾਟਾ ਕਹੇ ਕੋਈ।
ਨਾ ਸ਼ਰਮ ਦਾ ਘਾਟਾ ਰਹੇ ਕੋਈ।
ਜੋ ਚਿੱਕੜ ਸੁੱਟੇ ਇੱਜ਼ਤਾਂ ‘ਤੇ, ਉਹਦੀ ਗਾਰ ਬਦਲਣੀ ਪੈਂਦੀ ਏ।
ਉਦੋਂ ਮਾਲਾ ਵਾਲੇ ਹੱਥਾਂ ਵਿੱਚ, ਤਲਵਾਰ ਬਦਲਣੀ ਪੈਂਦੀ ਏ।
ਜਦੋਂ ਦਾਣਿਆਂ ਵਾਂਗੂ ਭੁੰਨੇ ਕੋਈ।
ਚਾਅ ਪੈਰਾਂ ਦੇ ਨਾਲ ਗੁੰਨੇ ਕੋਈ।
ਲਾਹ ਗਲ਼ੋਂ ਪੰਜਾਲ਼ੀ ਗੁਲਾਮੀ ਦੀ, ਕਤਾਰ ਬਦਲਣੀ ਪੈਂਦੀ ਏ।
ਉਦੋਂ ਮਾਲਾ ਵਾਲੇ ਹੱਥਾਂ ਵਿੱਚ, ਤਲਵਾਰ ਬਦਲਣੀ ਪੈਂਦੀ ਏ।
ਜਦੋਂ ਤੇਲ ਬਲਦੀ ‘ਤੇ ਪਾਵੇ ਕੋਈ।
ਅੱਗ ਭਾਂਬੜ ਨਾਲ ਬੁਝਾਵੇ ਕੋਈ।
ਫਿਰ ਤਾਣ ਪੈਂਤੜਾ ਗੈਰਤ ਦਾ, ਝੱਟ ਡਾਰ ਬਦਲਣੀ ਪੈਂਦੀ ਏ।
ਉਦੋਂ ਮਾਲਾ ਵਾਲੇ ਹੱਥਾਂ ਵਿੱਚ, ਤਲਵਾਰ ਬਦਲਣੀ ਪੈਂਦੀ ਏ।
ਜਦੋਂ ਚਾਂਬਲ਼ ਕੇ ਭੂਤਰ ਜਾਵੇ ਕੋਈ।
ਸਮਝਾਇਆਂ ਨਾ ਸੂਤਰ ਆਵੇ ਕੋਈ।
ਉਹਦੇ ਹੈਂਕੜਬਾਜ਼ ਉਬਾਲ਼ੇ ਦੀ, ਮੁਹਾਰ ਬਦਲਣੀ ਪੈਂਦੀ ਏ।
ਉਦੋਂ ਮਾਲਾ ਵਾਲੇ ਹੱਥਾਂ ਵਿੱਚ, ਤਲਵਾਰ ਬਦਲਣੀ ਪੈਂਦੀ ਏ।
ਜਦੋਂ ਜਰਵਾਣੇ ਨੂੰ ਕੋਈ ਫਾਹ ਲਾਵੇ।
ਜਾਲਮ ਜਿਸਮਾਂ ਦੇ ਭਾਅ ਲਾਵੇ।
ਫਿਰ ਸੰਧੂ ਚੁੰਝ ਪਰਾਣੀ ਨਾਲ, ਖੂੰ-ਖਾਰ ਬਦਲਣੀ ਪੈਂਦੀ ਏ।
ਉਦੋਂ ਮਾਲਾ ਵਾਲੇ ਹੱਥਾਂ ਵਿੱਚ, ਤਲਵਾਰ ਬਦਲਣੀ ਪੈਂਦੀ ਏ।
ਸ਼ਿਨਾਗ ਸਿੰਘ ਸੰਧੂ
ਮੋ: 97816-93300

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …