Breaking News
Home / Special Story / ਕਿਸਾਨਾਂ ਦੇ ਕਾਫਲੇ ਦਿੱਲੀ ਮੋਰਚਿਆਂ ‘ਚ ਪਹੁੰਚੇ

ਕਿਸਾਨਾਂ ਦੇ ਕਾਫਲੇ ਦਿੱਲੀ ਮੋਰਚਿਆਂ ‘ਚ ਪਹੁੰਚੇ

ਮੋਰਚੇ ਵਲੋਂ ਸਿੰਘੂ ਬਾਰਡਰ ‘ਤੇ ਪੱਛਮੀ ਬੰਗਾਲ ਦੀ ਮਹਿਲਾ ਕਾਰਕੁਨ ਨੂੰ ਸ਼ਰਧਾਂਜਲੀ ਭੇਟ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਣਕ ਦੀ ਵਾਢੀ ਦਾ ਕੰਮ ਨਿਬੜਨ ਤੋਂ ਬਾਅਦ ਕਿਸਾਨ ਦਿੱਲੀ ਵਿਚ ਲੱਗੇ ਮੋਰਚਿਆਂ ‘ਤੇ ਪਰਤਣ ਲੱਗੇ ਹਨ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰਾਂ ‘ਤੇ ਪਹੁੰਚ ਗਏ ਹਨ ਤੇ ਕਈ ਕਾਫਲੇ ਅਜੇ ਪਹੁੰਚ ਰਹੇ ਹਨ। ਪੱਛਮੀ ਬੰਗਾਲ ਦੀ ਮੁਟਿਆਰ ਨਾਲ ਕਥਿਤ ਬਦਸਲੂਕੀ ਹੋਣ ਤੇ ਉਸ ਦੀ ਬੇਵਕਤੀ ਮੌਤ ‘ਤੇ ਵੀ ਸਿੰਘੂ ਬਾਰਡਰ ਦੀ ਮੁੱਖ ਸਟੇਜ ਤੋਂ ਕਿਸਾਨਾਂ ਵੱਲੋਂ ਦੋ ਮਿੰਟ ਮੌਨ ਧਾਰ ਕੇ ਮ੍ਰਿਤਕਾ ਨੂੰ ਮੋਰਚੇ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਘਟਨਾ ‘ਤੇ ਕਿਸਾਨਾਂ ਵੱਲੋਂ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ। ਕਿਸਾਨਾਂ ਨੇ ਖੜ੍ਹੇ ਹੋ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਪੰਜਾਬ ਦੇ ਦੋਆਬਾ, ਮਾਝਾ ਤੇ ਮਾਲਵਾ ਖੇਤਰਾਂ ਦੇ ਕਿਸਾਨ ਇਸ ਅੰਦੋਲਨ ਦੀ ਸਫ਼ਲਤਾ ਲਈ ਵਚਨਬੱਧ ਹਨ। ਭਾਜਪਾ ਸਰਕਾਰ ਇਹ ਝੂਠ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨੀ ਅੰਦੋਲਨ ਕਮਜ਼ੋਰ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਲਗਾਤਾਰ ਪੂਰੇ ਜੋਸ਼ ਨਾਲ ਮੋਰਚਿਆਂ ‘ਤੇ ਪਰਤ ਰਹੇ ਹਨ। ਇਹ ਮੋਦੀ ਸਰਕਾਰ ਦਾ ਨਿੰਦਣਯੋਗ ਰਵੱਈਆ ਹੈ ਜੋ ਵਾਰ-ਵਾਰ ਕਿਸਾਨਾਂ ਦੇ ਸਬਰ ਦੀ ਪਰਖ ਕਰ ਰਿਹਾ ਹੈ ਪਰ ਅੰਦੋਲਨ ਮਜ਼ਬੂਤ ਸਥਿਤੀ ਵਿਚ ਰਹੇਗਾ।
ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਤਿੰਨੋਂ ਖੇਤੀ ਕਾਨੂੰਨ ਦੇਸ਼ ਵਿੱਚ ਖੇਤੀਬਾੜੀ ਸੈਕਟਰ ਦੇ ਨਿੱਜੀਕਰਨ ਨੂੰ ਉਤਸ਼ਾਹਿਤ ਕਰਨਗੇ, ਉਸ ਨਾਲ ਕਿਸਾਨ ਬਰਬਾਦ ਹੋ ਜਾਣਗੇ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਹੱਦਾਂ ‘ਤੇ ਬੈਠ ਕੇ ਤੇ ਦੇਸ਼ ਦੇ ਕਈ ਹਿੱਸਿਆਂ ਦਾ ਦੌਰਾ ਕਰਕੇ ਦੇਸ਼ ਵਾਸੀਆਂ ਨੂੰ ਆਪਣਾ ਦਰਦ ਦੱਸ ਰਹੇ ਹਨ ਅਤੇ ਇਹ ਸਿਰਫ਼ ਸਰਕਾਰ ਤੇ ਉਨ੍ਹਾਂ ਦੀ ਮੀਡੀਆ ਪ੍ਰਣਾਲੀ ਹੈ ਜੋ ਕਿਸਾਨੀ ਅੰਦੋਲਨ ਨੂੰ ਦਬਾਅ ਹੇਠ ਖ਼ਤਮ ਕਰਨਾ ਚਾਹੁੰਦੀ ਹੈ। ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਕਿਸਾਨ ਆਪਣੀਆਂ ਮੰਗਾਂ ਮਨਾ ਕੇ ਹੀ ਅੰਦੋਲਨ ਨੂੰ ਖ਼ਤਮ ਕਰਨਗੇ। ਆਗੂਆਂ ਨੇ ਕਿਹਾ ਕਿ ਸਰਕਾਰ ਕਰੋਨਾ ਦੀ ਆੜ ਵਿੱਚ ਉਨ੍ਹਾਂ ਦੇ ਦਰਦ ਨੂੰ ਛੁਪਾ ਨਹੀਂ ਸਕਦੀ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਇਸ ਸਥਿਤੀ ਦਾ ਇੱਕੋ-ਇੱਕ ਹੱਲ ਇਹ ਹੈ ਕਿ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਐੱਮਐੱਸਪੀ ਸਬੰਧੀ ਕਾਨੂੰਨ ਲਾਗੂ ਕੀਤਾ ਜਾਵੇ। ਹਰਿਆਣਾ ਦੇ ਕਿਸਾਨਾਂ ਨੇ ਪੰਜਾਬ ਤੋਂ ਆਏ ਕਿਸਾਨਾਂ ਦੇ ਕਾਫ਼ਲੇ ਦਾ ਸ਼ੰਭੂ ਬਾਰਡਰ ‘ਤੇ ਸਵਾਗਤ ਕੀਤਾ ਤੇ ਲੰਗਰ ਦੀ ਸੇਵਾ ਕੀਤੀ।
ਟਿੱਕਰੀ ਕਿਸਾਨੀ ਮੋਰਚੇ ‘ਤੇ ਮਾਂ ਦਿਵਸ ਮਨਾਇਆ
ਨਵੀਂ ਦਿੱਲੀ : ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਅੰਦੋਲਨ ਵਿੱਚ ਟਿਕਰੀ ਹੱਦ ‘ਤੇ ਕਿਸਾਨ, ਮਜ਼ਦੂਰ, ਬੀਬੀਆਂ ਤੇ ਨੌਜਵਾਨ ਮੁੰਡੇ-ਕੁੜੀਆਂ ਮਾਂ ਦਿਵਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ। ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਮੌਜੂਦਾ ਚੱਲ ਰਹੇ ਅੰਦੋਲਨ ‘ਚ ਜੋਸ਼ ਭਰਨ ਲਈ ਗੁਰੂਆਂ ਪੀਰਾਂ ਦੀ ਦਿੱਤੀ ਹੋਈ ਸਿੱਖਿਆ ਨੂੰ ਤਰਕ ਨਾਲ ਪੇਸ਼ ਕਰਦਿਆਂ ਕਿਹਾ ਕਿ ਲੌਕਡਾਊਨ ਦਾ ਬਹਾਨਾ ਲਾ ਕੇ ਰੇਹੜੀ ਫੜ੍ਹੀ ਵਾਲਿਆਂ ਦੇ ਰੁਜ਼ਗਾਰ ‘ਤੇ ਸੱਟ ਮਾਰੀ ਜਾ ਰਹੀ ਹੈ। ਲੌਕਡਾਊਨ ਬਿਮਾਰੀ ਦਾ ਕੋਈ ਸਾਰਥਕ ਹੱਲ ਨਹੀਂ ਹੈ। ਮਾਸਟਰ ਗੁਰਚਰਨ ਸਿੰਘ ਖੋਖਰ ਨੇ ਕਿਹਾ ਕਿ ਕਰੋਨਾ ਸੰਕਟ ਭਾਰਤ ਦੀ ਆਬਾਦੀ ਨੂੰ ਵੱਡੇ ਪੱਧਰ ‘ਤੇ ਪ੍ਰਭਾਵਿਤ ਕਰਕੇ ਭਾਰਤ ਵਿੱਚ ਵੱਖ-ਵੱਖ ਪੱਧਰ ਦੀ ਨਾ ਬਰਾਬਰੀ ਪੈਦਾ ਕਰ ਰਿਹਾ ਹੈ। ਇਸ ਨਾ ਬਰਾਬਰੀ ਦਾ ਸਭ ਤੋਂ ਵੱਡਾ ਸਬੂਤ ਸਿੱਖਿਆ ਦੇ ਖੇਤਰ ਵਿੱਚ ਹੈ।
ਕਰੋਨਾ ਸੰਕਟ ਦੌਰਾਨ ਸਕੂਲ ਬੰਦ ਕਰਨ ਦਾ ਸਿਲਸਿਲਾ ਵਿੱਢਿਆ ਗਿਆ ਹੈ, ਉਸ ਨਾਲ 1.57 ਬਿਲੀਅਨ ਬੱਚੇ ਸਕੂਲਾਂ ਤੋਂ ਬਾਹਰ ਹੋਏ ਤੇ 370 ਮਿਲੀਅਨ ਬੱਚੇ ਦੁਪਹਿਰ ਦੇ ਖਾਣੇ ਤੋਂ ਵਾਂਝੇ ਹੋਏ ਹਨ। ਚਾਹੀਦਾ ਤਾਂ ਇਹ ਹੈ ਕਿ ਦੇਸ਼ ਅੰਦਰ ਸਿੱਖਿਆ ਅਤੇ ਸਿਹਤ ਸਹੂਲਤਾਂ ਲਈ ਵਧੀਆ ਸਕੂਲ ਅਤੇ ਚੰਗੇ ਹਸਪਤਾਲ ਹੋਣ ਪਰ ਮੋਦੀ ਹਕੂਮਤ ਕਰੋਨਾ ਸੰਕਟ ਦੇ ਸਾਰਥਕ ਹੱਲ ਦੀ ਬਜਾਏ ਕਿਰਤੀ ਲੋਕਾਂ ਦੇ ਟੈਕਸਾਂ ਦੇ ਰੂਪ ‘ਚ ਦਿੱਤੇ ਰੁਪਿਆਂ ਨਾਲ ਭਰੇ ਖ਼ਜ਼ਾਨੇ ਨੂੰ ਮੰਦਰਾਂ, ਮੂਰਤੀਆਂ ਆਦਿ ਬਣਾਉਣ ‘ਤੇ ਫਜੂਲ ਵਹਾ ਰਹੀ ਹੈ।
ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਮੋਦੀ ਸਰਕਾਰ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਪਹਿਲਾਂ ਵਾਂਗ ਹੀ ਕਰੋਨਾ ਦੀ ਆੜ ਲੈ ਕੇ ਸੰਘਰਸ਼ ਨੂੰ ਲੰਬਾ ਖਿੱਚ ਰਹੀ ਹੈ ਅਤੇ ਗੱਲਬਾਤ ਕਰਨ ਦਾ ਕੋਈ ਵੀ ਰਾਹ ਅਖਤਿਆਰ ਨਹੀਂ ਕਰ ਰਹੀ। ਪਹਿਲਾਂ ਵੀ ਈਸਟ ਇੰਡੀਆ ਕੰਪਨੀ ਵਪਾਰ ਕਰਨ ਦੇ ਬਹਾਨੇ ਆਈ ਤੇ ਦੋ ਸੌ ਸਾਲ ਤੱਕ ਰਾਜ ਕਰਕੇ ਭਾਰੀ ਲੁੱਟ ਕੀਤੀ ਗਈ ਅਤੇ ਹੁਣ ਸੈਂਕੜਿਆਂ ਦੀ ਗਿਣਤੀ ਵਿੱਚ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਖੇਤੀ ‘ਤੇ ਕਬਜ਼ਾ ਕਰਾਉਣ ਲਈ ਸੱਦਿਆ ਜਾ ਰਿਹਾ ਹੈ। ਡਾ. ਦਵਿੰਦਰ ਧੌਲਾ ਨੇ ਕਰੋਨਾ ਬਿਮਾਰੀ ਦੇ ਬਚਾਅ ਲਈ ਦੇਸੀ ਨੁਕਤੇ ਸਾਂਝੇ ਕੀਤੇ।
ਕਿਸਾਨ ਹੁਣ ਉਤਰ ਪ੍ਰਦੇਸ਼ ਅਤੇ ਉਤਰਾਖੰਡ ਨੂੰ ਬਣਾਉਣਗੇ ਰਣਭੂਮੀ
ਸੰਯੁਕਤ ਕਿਸਾਨ ਮੋਰਚਾ ਭਾਜਪਾ ਨੂੰ ਹਰਾਉਣ ਲਈ ਦੋਵਾਂ ਸੂਬਿਆਂ ‘ਚ ਕਰੇਗਾ ਪ੍ਰਚਾਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਕਿ ਜਿਵੇਂ ਕਿਸਾਨਾਂ ਵੱਲੋਂ ਕੀਤੇ ਗਏ ਪ੍ਰਚਾਰ ਕਾਰਨ ਪੱਛਮੀ ਬੰਗਾਲ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਹਾਰੀ ਹੈ ਉਸੇ ਤਰ੍ਹਾਂ ਹੁਣ ਕਿਸਾਨ ਭਾਜਪਾ ਦੇ ਗੜ੍ਹ ਵਾਲੇ ਸੂਬਿਆਂ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵੱਲ ਰੁਖ਼ ਕਰਕੇ ਭਾਜਪਾ ਨੂੰ ਉੱਥੇ ਹਰਾਉਣਗੇ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਹੁਣ ਕਿਸਾਨ ਆਪਣੀ ਰਣਭੂਮੀ ਉੱਤਰ ਪ੍ਰਦੇਸ਼, ਉੱਤਰਾਖੰਡ ਨੂੰ ਬਣਾਉਣਗੇ ਅਤੇ ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦਾ ਪੰਜਾਬ ਤੇ ਹਰਿਆਣਾ ਵਾਂਗ ਹੀ ਸਮਾਜਿਕ ਤੇ ਸਿਆਸੀ ਬਾਈਕਾਟ ਉੱਥੇ ਵੀ ਸ਼ੁਰੂ ਕੀਤਾ ਜਾਵੇਗਾ। ਨਾਲ ਹੀ ਭਾਜਪਾ ਦੇ ਮਿੱਤਰ ਕਾਰਪੋਰੇਟਰਾਂ ਅਡਾਨੀ, ਅੰਬਾਨੀ ਦਾ ਬਾਈਕਾਟ ਵੀ ਸ਼ੁਰੂ ਕੀਤਾ ਜਾਵੇਗਾ।’ ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ‘ਚ ਟੌਲ ਪਰਚੀ ਮੁਕਤ, ਪੈਟਰੋਲ ਪੰਪ ਬੰਦ ਕਰਨ ਦੀ ਮੁਹਿੰਮ ਪਹਿਲਾਂ ਹੀ ਸਫ਼ਲਤਾ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਕਿਸਾਨੀ ਮੰਗਾਂ ਨਾ ਮੰਨਣ ਕਰਕੇ ‘ਭਾਜਪਾ ਨੂੰ ਸਜ਼ਾ ਦਿਓ/ਭਾਜਪਾ ਨੂੰ ਹਰਾਓ’ ਦਾ ਨਾਅਰਾ ਹੁਣ ਉਕਤ ਦੋਵਾਂ ਰਾਜਾਂ ਵਿੱਚ ਉਵੇਂ ਹੀ ਚੱਲੇਗਾ ਜਿਵੇਂ ਕਿਸਾਨਾਂ ਨੇ ਪੱਛਮੀ ਬੰਗਾਲ ਵਿੱਚ ਚਲਾਇਆ ਸੀ ਜਿਸ ਕਾਰਨ ਭਾਜਪਾ ਨੂੰ ਹਾਰ ਮਿਲੀ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ ਤੇ ਉੱਥੋਂ ਭਾਜਪਾ ਨੂੰ ਭਜਾਉਣ ਲਈ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਵਿੱਚ ਚੱਲ ਰਹੇ ਪ੍ਰੋਗਰਾਮ ਯੂਪੀ ਤੇ ਉੱਤਰਾਖੰਡ ਵਿੱਚ ਲਾਗੂ ਕੀਤੇ ਜਾਣਗੇ। ਭਾਜਪਾ ਤੇ ਸਾਥੀਆਂ ਨੂੰ ਕਾਲੇ ਝੰਡੇ ਦਿਖਾਏ ਜਾਣਗੇ, ਉਨ੍ਹਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਤੇ ਭਾਜਪਾ ਖਿਲਾਫ ਮੁਹਿੰਮ ਚਲਾਈ ਜਾਵੇਗੀ।
ਸੰਯੁਕਤ ਕਿਸਾਨ ਮੋਰਚੇ ਵਲੋਂ ਮੰਗਲ ਪਾਂਡੇ ਨੂੰ ਸਰਧਾਂਜ਼ਲੀ ਭੇਟ
ਨਵੀਂ ਦਿੱਲੀ/ਬਿਊਰੋ ਨਿਊਜ਼ : ਗਾਜੀਪੁਰ ਦੀ ਹੱਦ ‘ਤੇ ਸੰਯੁਕਤ ਕਿਸਾਨ ਮੋਰਚਾ ਨੇ 1857 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਹੀਦ ਮੰਗਲ ਪਾਂਡੇ ਨੂੰ ਸ਼ਰਧਾਂਜਲੀ ਭੇਟ ਕੀਤੀ। ਬੁਲਾਰਿਆਂ ਨੇ ਦੱਸਿਆ ਕਿ ਅੰਗਰੇਜ਼ ਭਾਰਤ ਦੇ ਜ਼ਮੀਨ ਮਾਲਕਾਂ ਨਾਲ ਮੁਲਾਕਾਤ ਕਰ ਰਹੇ ਸਨ ਤੇ ਕਿਸਾਨਾਂ ਤੋਂ ਬਹੁਤ ਜ਼ਿਆਦਾ ਕਿਰਾਇਆ ਲੈ ਰਹੇ ਸਨ ਤੇ ਉਨ੍ਹਾਂ ਨੂੰ ਜ਼ਮੀਨ ਤੋਂ ਬੇਦਖਲ ਕਰ ਰਹੇ ਸਨ। ਇਹ 1857 ਦੇ ਇਨਕਲਾਬ ਦੀ ਜੜ੍ਹ ਸੀ। ਬ੍ਰਿਟਿਸ਼ ਸ਼ਾਸਨ ਨੇ ਖੇਤੀਬਾੜੀ ਦੀ ਬਰਬਾਦੀ,ਭੁੱਖਮਰੀ ਤੇ ਬੇਰੁਜ਼ਗਾਰੀ ਵਿੱਚ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਦੇ ਮਾਲ ਵੇਚਣ ਨਾਲ ਜੁਲਾਹੇ, ਲੁਹਾਰ, ਤਰਖਾਣ ਬਰਬਾਦ ਹੋ ਰਹੇ ਸਨ। ਦੇਸ਼ ਦੇ ਸਾਰੇ ਕਿਸਾਨੀ, ਕਾਰੀਗਰ, ਵਪਾਰੀ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਉੱਠੇ ਤੇ ਬਹੁਤ ਸਾਰੇ ਦੇਸ਼ ਭਗਤ ਰਾਜਕੁਮਾਰਾਂ ਨੇ ਵੀ ਉਨ੍ਹਾਂ ਦਾ ਸਮਰਥਨ ਕੀਤਾ। ਇਸ ਦੀ ਅੱਜ ਦੀ ਸਥਿਤੀ ਨਾਲ ਤੁਲਨਾ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਉਹ ਤਿੰਨ ਕਾਨੂੰਨ ਜੋ ਲੈ ਕੇ ਆਏ ਹਨ ਅਤੇ ਜੋ ਸਰਕਾਰ ‘ਐੱਮਐੱਸਪੀ’ ਦੀ ਗਾਰੰਟੀ ਨਹੀਂ ਦੇਣਾ ਚਾਹੁੰਦੀ, ਸਾਰੀ ਖੇਤੀ ਬਰਬਾਦ ਕਰ ਦੇਵੇਗੀ ਤੇ ਵੱਡੀਆਂ ਕਾਰਪੋਰੇਟ ਅਤੇ ਵਿਦੇਸ਼ੀ ਕੰਪਨੀਆਂ ਦੇ ਹੱਥ ਵਿੱਚ ਜਾਵੇਗੀ। ਅੱਜ ਵੱਡੀਆਂ ਕੰਪਨੀਆਂ ਦੇ ਮਾਲ ਦੀ ਵਿਕਰੀ ਤੇ ਛੋਟੇ ਵਪਾਰੀਆਂ ਅਤੇ ਕਾਰੀਗਰਾਂ ਦੇ ਕੰਮ ‘ਤੇ ਕਾਰਪੋਰੇਟ ਹਮਲਾ ਵੀ ਵਪਾਰੀਆਂ ਦੀ ਬਰਬਾਦੀ ਦਾ ਵੱਡਾ ਕਾਰਨ ਬਣਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਸਾਡੀ ਲਹਿਰ ਲਈ 1857 ਦੀ ਇਨਕਲਾਬ ਦੀ ਵਿਸ਼ੇਸ਼ ਮਹੱਤਤਾ ਹੈ।
ਬੁਲਾਰਿਆਂ ਨੇ ਵੱਖ-ਵੱਖ ਇਨਕਲਾਬੀਆਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਇਸ ਯੁੱਧ ਵਿੱਚ ਹਿੱਸਾ ਲਿਆ ਸੀ। ਇਨ੍ਹਾਂ ਵਿਚ ਬੜੌਤ ਦੇ ਸ਼ਾਹਮਤ, ਧੌਲਾਣਾ ਦੇ ਲਾਲਾ ਝਾਂਕੁਮਲ, ਮਥੁਰਾ ਦੇ ਠਾਕੁਰ ਦੇਵੀ ਸਿੰਘ, ਸ਼ਾਹਜਹਾਂਪੁਰ ਦੇ ਅਹਿਮਦਉੱਲਾ ਸ਼ਾਹ, ਮੇਰਠ ਦੇ ਥਾਣੇਦਾਰ ਧਨ ਸਿੰਘ ਗੁਰਜਰ, ਝਾਂਸੀ ਦੀ ਰਾਣੀ ਲਕਸ਼ਮੀਬਾਈ ਅਤੇ ਹੋਰ ਇਨਕਲਾਬੀ ਸ਼ਾਮਲ ਸਨ।
ਬੁਲਾਰਿਆਂ ਨੇ ਦੱਸਿਆ ਕਿ ਉਸ ਸਮੇਂ ਇੰਗਲਿਸ਼ ਵਿਦੇਸ਼ੀ ਕੰਪਨੀ ਵਿਰੁੱਧ ਬਗ਼ਾਵਤ ਹੋਈ ਸੀ ਅੱਜ ਵੀ ਲੜਾਈ ਉਨ੍ਹਾਂ ਨਾਲ ਜੁੜੇ ਵੱਡੇ ਕਾਰਪੋਰੇਟ ਅਤੇ ਵੱਡੇ ਬਹੁ-ਰਾਸ਼ਟਰੀਆਂ ਵਿਰੁੱਧ ਹੈ। ਬੁਲਾਰਿਆਂ ਵਿੱਚ ਡਾ. ਅਸ਼ੀਸ਼ ਮਿੱਤਲ, ਡੀਪੀ ਸਿੰਘ, ਧਰਮਪਾਲ ਸਿੰਘ, ਬਲਜਿੰਦਰ ਸਿੰਘ ਮਾਨ, ਬਿੰਦੂ ਅਮੀਨੀ, ਮਹਾਦੇਵ ਚਤੁਰਵੇਦੀ, ਓਮਪਾਲ ਮਲਿਕ ਆਦਿ ਗਾਜੀਪੁਰ ਸਰਹੱਦ ਦੇ ਆਗੂ ਸ਼ਾਮਲ ਸਨ।
ਅੰਮ੍ਰਿਤਸਰ ਦਾ ਨੌਜਵਾਨ ਦੌੜ ਕੇ ਦਿੱਲੀ ਕਿਸਾਨ ਮੋਰਚੇ ‘ਚ ਪੁੱਜਾ
ਗੁਰਵਿੰਦਰ ਸਿੰਘ ਨੇ 13 ਦਿਨ ਦੌੜ ਕੇ ਮੁਕਾਇਆ ਸਫਰ
ਅੰਮ੍ਰਿਤਸਰ : ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਨੂੰ ਹਲੂਣਾ ਦੇਣ ਦੇ ਮੰਤਵ ਨਾਲ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਅਗਵਾਣ ਤੋਂ ਦੌੜ ਲਾਉਂਦਾ ਹੋਇਆ ਨੌਜਵਾਨ ਗੁਰਵਿੰਦਰ ਸਿੰਘ 13 ਦਿਨਾਂ ਵਿਚ ਦਿੱਲੀ ਪੁੱਜਾ ਹੈ। ਉਸ ਦਾ ਵੱਖ-ਵੱਖ ਮੰਚਾਂ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਸਵਾਗਤ ਕੀਤਾ ਗਿਆ ਹੈ। ਇਸ ਨੌਜਵਾਨ ਨੇ 28 ਅਪਰੈਲ ਨੂੰ ਪਿੰਡ ਅਗਵਾਣ ਤੋਂ ਦਿੱਲੀ ਤੱਕ ਦੌੜ ਸ਼ੁਰੂ ਕੀਤੀ ਸੀ, ਜੋ ਕਿ ਦਿੱਲੀ ਦੇ ਸਿੰਘੂ ਬਾਰਡਰ ‘ਤੇ ਪੁੱਜ ਕੇ ਸਮਾਪਤ ਹੋਈ ਹੈ। ਕਿਸਾਨਾਂ ਤੋਂ ਇਲਾਵਾ ਹੋਰ ਜਥੇਬੰਦੀਆਂ ਨੇ ਵੀ ਉਸਦੀ ਹੌਸਲਾ ਅਫ਼ਜਾਈ ਕਰਦਿਆਂ ਸਨਮਾਨ ਕੀਤਾ ਹੈ। ਦੌੜ ਲਾਉਣ ਵਾਲੇ ਇਸ ਨੌਜਵਾਨ ਨੇ ਆਖਿਆ ਕਿ ਉਹ ਸੰਗਤ ਦੀਆਂ ਅਸੀਸਾਂ ਤੇ ਸਹਿਯੋਗ ਸਦਕਾ ਇਹ ਦੌੜ ਪੂਰੀ ਕਰਨ ਵਿਚ ਸਫ਼ਲ ਰਿਹਾ ਹੈ। ਰਸਤੇ ਵਿਚ ਵੀ ਉਸ ਦੀ ਹੌਸਲਾ ਅਫ਼ਜਾਈ ਕੀਤੀ ਗਈ। ਉਸ ਨੇ ਕਿਹਾ ਕਿ ਇਹ ਦੌੜ ਕਿਸਾਨ ਮੋਰਚੇ ਦੀ ਸਫ਼ਲਤਾ ਅਤੇ ਖੇਤੀ ਕਾਨੂੰਨ ਵਾਪਸ ਕਰਾਉਣ ਲਈ ਲਾਈ ਗਈ ਹੈ। ਇਸ ਦਾ ਮੰਤਵ ਸਰਕਾਰ ਨੂੰ ਜਗਾਉਣਾ ਤੇ ਇਹ ਦੱਸਣਾ ਹੈ ਕਿ ਲੋਕ ਕਿਸਾਨਾਂ ਦੇ ਨਾਲ ਹਨ। ਉਸ ਨੇ ਸਮੁੱਚੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਮੋਰਚੇ ਦੀ ਸਫ਼ਲਤਾ ਲਈ ਅਰਦਾਸ ਕਰਨ।
ਹਰਿਆਣਾ ਦੇ ਕਿਸਾਨਾਂ ਨੇ ਵੀ ਦਿੱਲੀ ਮੋਰਚੇ ਵੱਲ ਵਹੀਰਾਂ ਘੱਤੀਆਂ
ਬੀਬੀਆਂ ਵੱਲੋਂ ਸੂਬੇ ‘ਚ ਮੁਜ਼ਾਹਰੇ; ਵੱਖ-ਵੱਖ ਥਾਈਂ ਭਾਜਪਾ ਤੇ ਜਜਪਾ ਦੇ ਬਾਈਕਾਟ ਦੇ ਪੋਸਟਰ ਲੱਗੇ
ਚੰਡੀਗੜ੍ਹ/ਬਿਊਰੋ ਨਿਊਜ਼
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਵੀ ਦਿੱਲੀ ਵੱਲ ਵਹੀਰਾਂ ਘੱਤ ਲਈਆਂ ਹਨ। ਇੱਥੋਂ ਰੋਜ਼ਾਨਾ ਹਜ਼ਾਰਾਂ ਕਿਸਾਨ ਦਿੱਲੀ ਮੋਰਚੇ ਵਿੱਚ ਪਹੁੰਚ ਕਰ ਰਹੇ ਹਨ। ਕਿਸਾਨ ਬੀਬੀਆਂ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਤਾਲਾਬੰਦੀ ਦੇ ਬਾਵਜੂਦ ਸੂਬੇ ਵਿੱਚ ਮੁਜ਼ਾਹਰੇ ਕਰ ਰਹੀਆਂ ਹਨ। ਸੂਬੇ ਵਿੱਚ ਟੌਲ ਪਲਾਜ਼ਿਆਂ, ਪੈਟਰੋਲ ਪੰਪਾਂ, ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ, ਰੇਲਵੇ ਪਾਰਕਾਂ, ਗਠਜੋੜ ਸਰਕਾਰ ਦੇ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਸਣੇ 90 ਦੇ ਕਰੀਬ ਥਾਵਾਂ ‘ਤੇ ਧਰਨੇ ਪ੍ਰਦਰਸ਼ਨ ਜਾਰੀ ਹਨ। ਇਨ੍ਹਾਂ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਖੇਤੀ ਕਾਨੂੰਨ ਰੱਦ ਹੋਣ ਅਤੇ ਐੱਮਐੱਸਪੀ ‘ਤੇ ਫ਼ਸਲਾਂ ਦੀ ਖ਼ਰੀਦ ਦਾ ਕਾਨੂੰਨ ਬਣਨ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਸੂਬੇ ਵਿੱਚ ਗਠਜੋੜ ਸਰਕਾਰ ਦੇ ਆਗੂਆਂ ਦਾ ਸਮਾਜਿਕ ਬਾਈਕਾਟ ਕਰਨ ਸਬੰਧੀ ਦਿੱਤੇ ਸੱਦੇ ‘ਤੇ ਕਿਸਾਨਾਂ ਵੱਲੋਂ ਭਾਜਪਾ ਅਤੇ ਜੇਜੇਪੀ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਪਿੰਡਾਂ ਅਤੇ ਸ਼ਹਿਰ ਵਿੱਚ ਥਾਂ-ਥਾਂ ‘ਤੇ ਗਠਜੋੜ ਸਰਕਾਰ ਦੇ ਆਗੂਆਂ ਦੇ ਸਮਾਜਿਕ ਬਾਈਕਾਟ ਦੇ ਪੋਸਟਰ ਅਤੇ ਬੋਰਡ ਲਗਾ ਦਿੱਤੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਭਾਜਪਾ ਜਾਂ ਜੇਜੇਪੀ ਦਾ ਆਗੂ ਪਿੰਡ ਵਿੱਚ ਆਉਂਦਾ ਹੈ ਤਾਂ ਉਸ ਦੇ ਸੱਟ ਲੱਗਣ ਦਾ ਜ਼ਿੰਮੇਵਾਰ ਉਹ ਖ਼ੁਦ ਹੋਵੇਗਾ।
ਖੱਟਕੜ ਟੌਲ ਪਲਾਜ਼ਾ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਆਜ਼ਾਦ ਪਲਵਾ ਨੇ ਕਿਹਾ ਕਿ ਕੇਂਦਰ ਸਰਕਾਰ ਸਮੇਂ-ਸਮੇਂ ‘ਤੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਪੈਂਤੜੇ ਖੇਡ ਰਹੀ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਵਿੱਚ ਕਰੋਨਾ ਵਾਇਰਸ ਦੀ ਆੜ ਹੇਠ ਕਿਸਾਨਾਂ ਨੂੰ ਘਰਾਂ ਵਿੱਚ ਬਿਠਾਉਣਾ ਚਾਹੁੰਦੀ ਹੈ ਪਰ ਕਿਸਾਨ ਘਰਾਂ ਵਿੱਚ ਨਹੀਂ, ਧਰਨਿਆਂ ਵਿੱਚ ਬੈਠਣਗੇ। ਪਲਵਾ ਨੇ ਕਿਹਾ ਕਿ ਕਿਸਾਨ ਧਰਨਿਆਂ ਵਿੱਚ ਕਿਸਾਨਾਂ ਦੇ ਕਰੋਨਾ ਰੋਕੂ ਟੀਕਾਕਰਣ ਕਰਵਾਇਆ ਜਾ ਰਿਹਾ ਹੈ। ਕਿਸਾਨ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਘਰ ਵਾਪਸੀ ਕਰੇਗਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਬੈਂਸ ਨੇ ਕਿਹਾ ਕਿ ਭਾਜਪਾ ਨੂੰ ਪੰਜ ਸੂਬਿਆਂ ਅਤੇ ਉੱਤਰ ਪ੍ਰਦੇਸ਼ ਦੀ ਪੰਚਾਇਤੀ ਚੋਣਾਂ ਤੋਂ ਸਮਝ ਜਾਣਾ ਚਾਹੀਦਾ ਹੈ ਕਿ ਲੋਕਾਂ ਦੇ ਮਨਾਂ ਵਿੱਚ ਭਾਜਪਾ ਲਈ ਗੁੱਸਾ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਡੇਰੇ ਲਗਾਉਣ ਦੀ ਤਿਆਰੀ ਕਰ ਲਈ ਹੈ। ਬੈਂਸ ਨੇ ਕਿਹਾ ਕਿ ਤਿੰਨੇ ਖੇਤੀ ਕਾਨੂੰਨ ਰੱਦ ਹੋਣ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ।
ਪੰਜਾਬ ਤੇ ਦਿੱਲੀ ਦੇ ਕਿਸਾਨ ਮੋਰਚਿਆਂ ਨੂੰ ਮਜ਼ਬੂਤ ਕਰਨ ਦਾ ਸੱਦਾ
ਕਾਲੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ‘ਚ ਧਰਨੇ ਲਗਾਤਾਰ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ : ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ ਸੱਤਾਂ ਮਹੀਨਿਆਂ ਤੋਂ ਵੱਧ ਸਮੇਂ ਤੋਂ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਅਤੇ ਦਿੱਲੀ ਦੇ ਮੋਰਚਿਆਂ ‘ਤੇ ਸੰਘਰਸ਼ ਤੇਜ਼ ਕਰਨ ਦਾ ਅਹਿਦ ਕਰਦਿਆਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਦਾ ਸੱਦਾ ਦਿੱਤਾ ਹੈ। ਸੂਬੇ ‘ਚ ਸਵਾ ਸੌ ਤੋਂ ਵੱਧ ਥਾਵਾਂ- ਟੌਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਅਤੇ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਸਾਹਮਣੇ ਜਾਰੀ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ।
ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਕਿਸਾਨ-ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ ਪੰਜਾਬ ਭਰ ‘ਚੋਂ ਕਿਸਾਨਾਂ ਦੇ ਸੈਂਕੜੇ ਜਥੇ ਸ਼ੰਭੂ ਅਤੇ ਖਨੌਰੀ ਪੰਜਾਬ-ਹਰਿਆਣਾ ਬਾਰਡਰ ਰਾਹੀਂ ਦਿੱਲੀ ਲਈ ਰਵਾਨਾ ਹੋਏ।
ਸੰਗਰੂਰ, ਲੁਧਿਆਣਾ, ਮਾਨਸਾ, ਬਰਨਾਲਾ, ਪਟਿਆਲਾ, ਜਲੰਧਰ, ਨਵਾਂਸ਼ਹਿਰ ਅਤੇ ਰੋਪੜ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਟਰੈਕਟਰ-ਟਰਾਲੀਆਂ, ਬੱਸਾਂ, ਕਾਰਾਂ ਰਾਹੀਂ ਵੱਖ-ਵੱਖ ਥਾਵਾਂ ‘ਤੇ ਇਕੱਠੇ ਹੁੰਦਿਆਂ ਕੇਂਦਰ-ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਗਰਮੀ ਦਾ ਮੌਸਮ ਵੇਖਦਿਆਂ ਕਿਸਾਨਾਂ ਨੇ ਮੋਰਚਿਆਂ ਵਿੱਚ ਪੱਖੇ, ਕੂਲਰ ਅਤੇ ਮੱਛਰਦਾਨੀਆਂ ਸਮੇਤ ਹੋਰ ਜ਼ਰੂਰੀ ਸਮਾਨ ਲੈ ਕੇ ਲੰਮੇ ਸਮੇਂ ਤੱਕ ਡਟੇ ਰਹਿਣ ਦਾ ਐਲਾਨ ਕੀਤਾ ਹੈ।
ਕਿਸਾਨੀ ਮੋਰਚਿਆਂ ‘ਤੇ ਮਨਾਇਆ ਸਰਹਿੰਦ ਫ਼ਤਹਿ ਦਿਵਸ
ਵਿਵਾਦਤ ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਤੋਂ ਸੈਂਕੜੇ ਕਿਸਾਨਾਂ ਦੇ ਕਾਫ਼ਲੇ ਸਰਹਿੰਦ ਫ਼ਤਹਿ ਦਿਵਸ ਮਨਾਉਣ ਲਈ ਸਿੰਘੂ ਤੇ ਟਿਕਰੀ ਹੱਦ ‘ਤੇ ਪਹੁੰਚੇ। ਕਿਸਾਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦਿਆਂ ਖੇਤੀ ਕਾਨੂੰਨ ਰੱਦ ਹੋਣ ਤੱਕ ਡਟੇ ਰਹਿਣ ਦਾ ਅਹਿਦ ਦੁਹਰਾਇਆ। ਕਿਸਾਨੀ ਧਰਨਿਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸਕ ਕਾਰਨਾਮਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੰਦਾ ਸਿੰਘ ਬਹਾਦਰ ਨੇ 12 ਮਈ, 1710 ਈਸਵੀ ਨੂੰ ਮੁਗਲ ਫ਼ੌਜਾਂ ਨਾਲ ਟੱਕਰ ਲੈਂਦਿਆਂ ਚੱਪੜਚਿੜੀ ਦੇ ਮੈਦਾਨ ‘ਚੋਂ ਨਵਾਂ ਸਮਾਜ ਸਿਰਜਣ ਲਈ ਸੰਘਰਸ਼ ਕੀਤਾ ਸੀ ਅਤੇ ਸੂਬਾ ਸਰਹਿੰਦ ਨੂੰ ਮੌਤ ਦੇ ਘਾਟ ਉਤਾਰ ਕੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਲਿਆ, ਉੱਥੇ ਸੈਂਕੜੇ ਸਾਲਾਂ ਦੀ ਗੁਲਾਮੀ ਤੋਂ ਬਾਅਦ ਪਹਿਲੇ ਸਿੱਖ ਰਾਜ ਦੀ ਸਥਾਪਨਾ ਕਰਕੇ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਅਧਿਕਾਰ ਦਿੱਤੇ ਸੀ।
ਕਿਸਾਨ ਆਗੂਆਂ ਡਾ. ਦਰਸ਼ਨ ਪਾਲ ਅਤੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ‘ਤੇ ‘ਜ਼ਮੀਨ ਹਲਵਾਹਕ ਦੀ’ ਦਾ ਨਾਅਰਾ ਬੁਲੰਦ ਕਰਨ ਵਾਲੇ ਅਤੇ ਹਜ਼ਾਰਾਂ ਏਕੜ ਜ਼ਮੀਨਾਂ ਦੇ ਮਾਲਕ ਜਗੀਰਦਾਰਾਂ ਕੋਲੋਂ ਜ਼ਮੀਨਾਂ ਖੋਹ ਕੇ ਕਾਸ਼ਤਕਾਰਾਂ ਵਿੱਚ ਵੰਡਣ ਅਤੇ ਬਰਾਬਰੀ ਵਾਲੇ ਸਮਾਜ ਦੀ ਨੀਂਹ ਰੱਖਣ ਵਾਲੇ ਸਿੱਖ ਜਰਨੈਲ ਸਨ। ਉਨ੍ਹਾਂ ਕਿਹਾ ਅੱਜ ਵੀ ਜ਼ਮੀਨਾਂ ਉੱਪਰ ਡਾਕੇ ਮਾਰਨ ਲਈ ਦੇਸੀ-ਵਿਦੇਸ਼ੀ ਬਹੁਕੌਮੀ ਕੰਪਨੀਆਂ ਰੂਪੀ ਗਿਰਝਾਂ ਨੇ ਅੱਖ ਟਿਕਾਈ ਹੋਈ ਹੈ। ਉਨ੍ਹਾਂ ਲੋਕਾਂ ਨੂੰ ਕੇਂਦਰ ਦੀਆਂ ਗਲਤ ਨੀਤੀਆਂ ਖਿਲਾਫ ਇੱਕਜੁਟ ਹੋ ਕੇ ਸੰਘਰਸ਼ ਦਾ ਪਿੜ ਮੱਲਣ ਦਾ ਸੱਦਾ ਦਿੱਤਾ। ਇਸੇ ਦੌਰਾਨ ਗਾਜ਼ੀਪੁਰ ਹੱਦ ‘ਤੇ ਸੰਯੁਕਤ ਕਿਸਾਨ ਮੋਰਚਾ ਨੇ 1857 ਵਿਦਰੋਹ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਹੀਦ ਮੰਗਲ ਪਾਂਡੇ ਤੇ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ ਅਤੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੰਗਾਂ ਪੂਰੀਆਂ ਹੋਣ ਮਗਰੋਂ ਹੀ ਕਿਸਾਨ ਅੰਦੋਲਨ ਖ਼ਤਮ ਕਰਨਗੇ।
ਦਿੱਲੀ ਮੋਰਚਿਆਂ ‘ਤੇ ਪੁੱਜ ਰਹੇ ਹਨ ਕਿਸਾਨਾਂ ਦੇ ਵੱਡੇ ਕਾਫਲੇ
ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਤੋਂ ਦਿੱਲੀ ਦੇ ਮੋਰਚਿਆਂ ਲਈ ਕਿਸਾਨਾਂ ਦੇ ਵੱਡੇ ਕਾਫ਼ਲੇ ਆ ਰਹੇ ਹਨ। ਦਿੱਲੀ ਮੋਰਚਿਆਂ ਵਿਚ ਪਹੁੰਚ ਰਹੇ ਕਿਸਾਨਾਂ ਦਾ ਭਰਵਾਂ ਸਵਾਗਤ ਵੀ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਬਲਜੀਤ ਸਿੰਘ ਗਰੇਵਾਲ, ਹਰਜੀਤ ਸਿੰਘ ਰਵੀ ਤੇ ਸੰਤੋਖ ਸਿੰਘ ਨੇ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਪੰਜਾਬ ਤੇ ਹਰਿਆਣਾ ਤੋਂ ਸਿੰਘੂ, ਟਿੱਕਰੀ ਤੇ ਕੁੰਡਲੀ ਬਾਰਡਰ ‘ਤੇ ਪੁੱਜ ਰਹੇ ਹਨ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿੰਡ ਅਬਿਆਣਾ ‘ਚ ਵੱਡੀ ਰੈਲੀ
ਕਿਸਾਨਾਂ ਨੇ ਭਾਜਪਾ ਦੇ ਬੰਗਾਲ, ਕੇਰਲ ਅਤੇ ਯੂਪੀ’ਚ ਗੋਡੇ ਲੁਆਏ : ਗੁਰਨਾਮ ਸਿੰਘ ਚੜੂਨੀ
ਨੂਰਪੁਰ ਬੇਦੀ/ਬਿਊਰੋ ਨਿਊਜ਼ : ਰੂਪਨਗਰ ਜ਼ਿਲ੍ਹੇ ਵਿਚ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਲੇ ਪਿੰਡ ਅਬਿਆਣਾ ਵਿਚ ਸੰਯੁਕਤ ਕਿਸਾਨ ਮੋਰਚੇ ਨੇ ਵੱਡੀ ਰੈਲੀ ਕੀਤੀ। ਰੈਲੀ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਕਿਸਾਨਾਂ ‘ਤੇ ਜਿੰਨੇ ਮਰਜ਼ੀ ਕੇਸ ਦਰਜ ਕਰ ਲਵੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਭਾਜਪਾ ਦੇ ਪੱਛਮੀ ਬੰਗਾਲ, ਕੇਰਲ ਅਤੇ ਯੂਪੀ ਵਿਚ ਗੋਡੇ ਲਗਵਾ ਦਿੱਤੇ ਹਨ। ਚੜੂਨੀ ਨੇ ਕਿਹਾ ਕਿ ਸਰਕਾਰ ਕਰੋਨਾ ਨੂੰ ਮਹਾਮਾਰੀ ਦੱਸ ਰਹੀ ਹੈ, ਜਦਕਿ ਇਹ ਇੱਕ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਇਹ ਡਿਊਟੀ ਕੇਂਦਰ ਸਰਕਾਰ ਦੀ ਹੈ ਕਿ ਉਹ ਲੋਕਾਂ ਨੂੰ ਆਕਸੀਜਨ ਅਤੇ ਇਲਾਜ ਮੁਹੱਈਆ ਕਰਵਾਏ, ਪਰ ਸਰਕਾਰ ਇਸ ਵਿਚ ਨਾਕਾਮ ਹੋ ਰਹੀ ਹੈ। ਇਸ ਰੈਲੀ ਵਿਚ ਰਾਕੇਸ਼ ਟਿਕੈਤ ਦੇ ਭਤੀਜੇ ਗੌਰਵ ਟਿਕੈਤ, ਮਨਜੀਤ ਸਿੰਘ ਧਨੇਰ, ਕੁਲਵੰਤ ਸਿੰਘ ਸੰਧੂ ਸਮੇਤ ਕਈ ਆਗੂ ਹਾਜ਼ਰ ਸਨ। ਬੇਸ਼ੱਕ ਕਰੋਨਾ ਮਹਾਮਾਰੀ ਦੇ ਚੱਲਦਿਆਂ ਜ਼ਿਲ੍ਹੇ ਵਿਚ ਕਾਫੀ ਸਖਤੀ ਸੀ, ਇਸਦੇ ਬਾਵਜੂਦ ਕਿਸਾਨ ਅਤੇ ਆਮ ਲੋਕ ਵੱਡੀ ਗਿਣਤੀ ਵਿਚ ਰੈਲੀ ‘ਚ ਪਹੁੰਚ ਗਏ।

Check Also

ਬੈਂਕ ਮੈਨੇਜਰ

ਡਾ. ਰਾਜੇਸ਼ ਕੇ ਪੱਲਣ ਇੱਕ ਠੰਡੀ ਸਵੇਰ ਦੇ ਤੜਕੇ, ਪੁਲਿਸ ਦੀ ਇੱਕ ਟੁਕੜੀ, ਜਿਸ ਵਿੱਚ …