ਭੜਕਾਊ ਬਿਆਨ ਦੇਣ ਵਾਲੇ ਐਸਡੀਐਮ ਖਿਲਾਫ ਕਿਸਾਨਾਂ ’ਚ ਗੁੱਸਾ
ਕਰਨਾਲ/ਬਿਊਰੋ ਨਿਊਜ਼
ਕਰਨਾਲ ਵਿਚ ਕਿਸਾਨ ਮਹਾਂ ਪੰਚਾਇਤ ਦੌਰਾਨ ਕਿਸਾਨ ਆਗੂਆਂ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਵਿਚਾਲੇ ਹੋਈ ਮੀਟਿੰਗ ਬੇਨਤੀਜਾ ਰਹੀ। ਧਿਆਨ ਰਹੇ ਕਿ ਪ੍ਰਸ਼ਾਸਨ ਨੇ ਪਹਿਲਾਂ ਧਾਰਾ 144 ਲਗਾ ਕੇ ਕਰਨਾਲ ਵਿਚ ਕਿਸਾਨਾਂ ਦੇ ਦਾਖਲੇ ’ਤੇ ਰੋਕ ਲਗਾ ਦਿੱਤੀ ਸੀ। ਪਰ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਕਿਸਾਨਾਂ ਦੇ ਇਕੱਠ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਪਹਿਲਾਂ ਬੈਰੀਕੇਡ ਹਟਾ ਦਿੱਤੇ, ਕਿਸਾਨਾਂ ਨੂੰ ਰੈਲੀ ਵਾਲੀ ਥਾਂ ’ਤੇ ਜਾਣਾ ਦਿੱਤਾ ਗਿਆ ਅਤੇ ਫਿਰ ਪ੍ਰਸ਼ਾਸਨ ਨੇ ਗੱਲਬਾਤ ਲਈ ਕਿਸਾਨ ਆਗੂਆਂ ਨੂੰ ਸੱਦ ਲਿਆ ਸੀ। ਧਿਆਨ ਰਹੇ ਕਿ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚਡੂਨੀ, ਯੋਗਿੰਦਰ ਯਾਦਵ, ਡਾ. ਦਰਸ਼ਨ ਪਾਲ, ਜੋਗਿੰਦਰ ਸਿੰਘ ਉਗਰਾਹਾਂ ਅਤੇ ਸੁਰੇਸ਼ ਕੋਥ ਸਣੇ 11 ਮੈਂਬਰੀ ਕਿਸਾਨ ਵਫਦ ਨਾਲ ਪ੍ਰਸ਼ਾਸਨ ਨੇ ਤਿੰਨ ਦੌਰ ਦੀ ਬੈਠਕ ਕੀਤੀ। ਬੇਸ਼ੱਕ ਕੁਝ ਮੰਗਾਂ ’ਤੇ ਸਹਿਮਤੀ ਬਣ ਰਹੀ ਸੀ, ਪਰ ਪੂਰਨ ਸਹਿਮਤੀ ਨਾ ਬਣਨ ਦੇ ਚੱਲਦਿਆਂ ਬੈਠਕ ਬੇਨਤੀਜਾ ਰਹੀ। ਧਿਆਨ ਰਹੇ ਕਿ ਕਿਸਾਨ ਸੰਗਠਨਾਂ ਵਲੋਂ ਭੜਕਾਊ ਬਿਆਨਬਾਜ਼ੀ ਕਰਨ ਵਾਲੇ ਐਸਡੀਐਮ ਨੂੰ ਬਰਖਾਸਤ ਕਰਨ, ਉਸ ਖਿਲਾਫ ਕਾਨੂੰਨੀ ਕਾਰਵਾਈ ਕਰਨ, ਦੀ ਜਿੱਥੇ ਮੰਗ ਕੀਤੀ ਜਾ ਰਹੀ ਹੈ, ਉਥੇ ਪੁਲਿਸ ਦੇ ਲਾਠੀਚਾਰਜ ਦੌਰਾਨ ਜਾਨ ਗੁਆਉਣ ਵਾਲੇ ਕਿਸਾਨ ਦੇ ਪਰਿਵਾਰਕ ਮੈਂਬਰਾਂ ਲਈ ਨੌਕਰੀ ਤੇ ਮੁਆਵਜ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ।