ਸ਼ਹੀਦ ਕੁਲਵੰਤ ਸਿੰਘ, ਸ਼ਹੀਦ ਮਨਦੀਪ ਸਿੰਘ, ਸ਼ਹੀਦ ਹਰਕ੍ਰਿਸ਼ਨ ਸਿੰਘ ਅਤੇ ਸ਼ਹੀਦ ਗੁਰਸੇਵਕ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਲੰਘੇ ਦਿਨੀਂ ਜੰਮੂ-ਕਸ਼ਮੀਰ ਦੇ ਪੁੰਛ ’ਚ ਹੋਏ ਅੱਤਵਾਦੀ ਹਮਲੇ ਦੌਰਾਨ ਪੰਜ ਫੌਜੀ ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਪੰਜ ਫੌਜੀ ਜਵਾਨਾਂ ਵਿਚੋਂ 4 ਜਵਾਨ ਪੰਜਾਬ ਨਾਲ ਸਬੰਧਤ ਸਨ ਜਦਕਿ ਇਕ ਫੌਜੀ ਜਵਾਨ ਉੜੀਸਾ ਨਾਲ ਸਬੰਧਤ ਸੀ। ਜਿਨ੍ਹਾਂ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡਾਂ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ ਅਤੇ ਇਸ ਮੌਕੇ ਸ਼ਹੀਦਾਂ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਮੋਗਾ ਦੇ ਫੌਜੀ ਜਵਾਨ ਕੁਲਵੰਤ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਚੜਿੱਕ ਵਿਖੇ ਅੰਤਿਮ ਸਸਕਾਰ ਕੀਤਾ ਗਿਆ ਇਸ ਮੌਕੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਪੂਰਾ ਪਿੰਡ ਉਮੜਿਆ ਹੋਇਆ ਸੀ। ਸ਼ਹੀਦ ਕੁਲਵੰਤ ਸਿੰਘ ਦੇ ਪਿਤਾ ਬਲਦੇਵ ਸਿੰਘ ਵੀ ਕਾਰਗਿਲ ਜੰਗ ਵਿਚ ਸ਼ਹੀਦ ਹੋ ਗਏ ਸਨ। ਸ਼ਹੀਦ ਕੁਲਵੰਤ ਸਿੰਘ ਆਪਣੇ ਪਿੱਛੇ ਪਤਨੀ, ਬੇਟੀ ਅਤੇ ਬੇਟੇ ਨੂੰ ਛੱਡ ਗਏ ਹਨ। ਲੁਧਿਆਣਾ ਦੇ ਸ਼ਹੀਦ ਮਨਦੀਪ ਸਿੰਘ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਚੰਨਣਕੋਈਆ ਵਿਖੇ ਕੀਤਾ ਗਿਆ ਇਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪੂਰਾ ਪਿੰਡ ਪਹੁੰਚਿਆ ਹੋਇਆ। ਸ਼ਹੀਦ ਮਨਦੀਪ ਸਿੰਘ ਆਪਣੇ ਪਿੱਛੇ ਮਾਤਾ ਬਲਵਿੰਦਰ ਕੌਰ, ਪਤਨੀ, ਪੁੱਤਰ ਅਤੇ ਧੀ ਨੂੰ ਛੱਡ ਗਏ ਹਨ। ਸ਼ਹੀਦ ਹਰਕ੍ਰਿਸ਼ਨ ਦਾ ਅੰਤਿਮ ਸਸਕਾਰ ਬਟਾਲਾ ਦੇ ਪਿੰਡ ਤਲਵੰਡੀ ਭਰਥ ਵਿਖੇ ਕੀਤਾ ਗਿਆ। ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਸਨ। ਸ਼ਹੀਦ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਅਤੇ ਇਕ ਛੋਟੀ ਬੱਚੀ ਛੱਡ ਗਏ ਹਨ। ਸ਼ਹੀਦ ਗੁਰਸੇਵਕ ਦਾ ਅੰਤਿਮ ਸਸਕਾਰ ਬਠਿੰਡਾ ਜ਼ਿਲੇ ਦੇ ਪਿੰਡ ਬਾਘਾ ਵਿਖੇ ਕੀਤਾ ਗਿਆ। ਸ਼ਹੀਦ ਗੁਰਸੇਵਕ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਫੌਜੀ ਜਵਾਨਾਂ ਨੂੰ 1-1 ਕਰੋੜ ਰੁਪਏ ਰਾਹਤ ਰਾਸ਼ੀ ਵਜੋਂ ਦੇਵੇਗੀ।