ਇਕ ਦਰਜਨ ਤੋਂ ਵੱਧ ਕਿਸਾਨ ਆਗੂਆਂ ਨੂੰ ਲਿਆ ਗਿਆ ਹਿਰਾਸਤ
ਦਸੂਹਾ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁਕੇਰੀਆਂ ’ਚ ਕਿਸਾਨਾਂ ਅਤੇ ਪੁਲਿਸ ਦਰਮਿਆਨ ਟਕਰਾਅ ਹੋ ਗਿਆ। ਪੁਲਿਸ ਨੇ ਆਪਣੀ ਤਾਕਤ ਦਾ ਇਸਤੇਮਾਲ ਕਰਦੇ ਹੋਏ ਇਕ ਦਰਜਨ ਤੋਂ ਵੱਧ ਕਿਸਾਨ ਆਗੂਆਂ ਨੂੰ ਹਿਰਾਸਤ ਲੈ ਲਿਆ। ਕਿਸਾਨਾਂ ਅਤੇ ਪੁਲਿਸ ਦਰਮਿਆਨ ਟਕਰਾਅ ਉਦੋਂ ਹੋਇਆ ਜਦੋਂ ਕਿਸਾਨ ਗੁਰਦਾਸਪੁਰ ਵਿਚ ਹੋਣ ਵਾਲੀ ਰੈਲੀ ਦਾ ਵਿਰੋਧ ਕਰਨ ਲਈ ਜਾ ਰਹੇ ਸਨ ਪ੍ਰੰਤੂ ਪੁਲਿਸ ਨੇ ਇਨ੍ਹਾਂ ਨੂੰ ਗੁਰਦਾਸਪੁਰ ਜਾਣ ਦੀ ਆਗਿਆ ਨਹੀਂ ਦਿੱਤੀ। ਧਿਆਨ ਰਹੇ ਗੰਨੇ ਦਾ 400 ਰੁਪਏ ਪ੍ਰਤੀ ਕੁਇੰਟਲ ਰੇਟ ਅਤੇ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਦੇ ਲਈ ਕਿਸਾਨਾਂ ਵੱਲੋਂ ਮੁਕੇਰੀਆਂ ਸ਼ੂਗਰ ਮਿੱਲ ਦੇ ਸਾਹਮਣੇ ਜਲੰਧਰ-ਪਠਾਨਕੋਟ ਹਾਈਵੇ ’ਤੇ ਰੋਸ ਧਰਨਾ ਲਗਾਇਆ ਹੋਇਆ ਹੈ। ਕਿਸਾਨਾਂ ਅਤੇ ਪੁਲਿਸ ਦਰਮਿਆਨ ਲੰਘੇ ਕੱਲ੍ਹ ਤੋਂ ਇਥੇ ਨੋਕ-ਝੋਕ ਚੱਲ ਰਹੀ ਸੀ ਅਤੇ ਪੁਲਿਸ ਨੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਦੀ ਇਕ ਸਾਈਡ ਵੀ ਖੁਲਵਾ ਦਿੱਤੀ ਸੀ। ਪ੍ਰੰਤੂ ਅੱਜ ਸਵੇਰੇ ਜਦੋਂ ਸਰਕਾਰ ਵੱਲੋਂ ਕਿਸਾਨੀ ਮੰਗਾਂ ’ਤੇ ਕੋਈ ਐਕਸ਼ਨ ਨਾਲ ਲਿਆ ਗਿਆ ਤਾਂ ਕਿਸਾਨ ਭੜਕ ਉਠੇ ਅਤੇ ਉਨ੍ਹਾਂ ਗੁਰਦਾਸਪੁਰ ’ਚ ਹੋਣ ਵਾਲੀ ਰੈਲੀ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ। ਰੈਲੀ ’ਚ ਜਾਣ ਦੇ ਲਹੀ ਸੈਂਕੜਿਆਂ ਦੀ ਗਿਣਤੀ ਕਿਸਾਨ ਤਿਆਰ ਹੋ ਗਏ ਪ੍ਰੰਤੂ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ। ਜਿਸ ਤੋਂ ਬਾਅਦ ਭੜਕੇ ਕਿਸਾਨਾਂ ਨੇ ਪੂਰੇ ਨੈਸ਼ਨਲ ਹਾਈਵੇ ਨੂੰ ਬੰਦ ਕਰ ਦਿੱਤਾ। ਮਾਹੌਲ ਬਿਗੜਦਾ ਦੇਖ ਹੋਰ ਪੁਲਿਸ ਫੋਰਸ ਮੰਗਵਾਈ ਅਤੇ ਕੁੱਝ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।