0.8 C
Toronto
Thursday, January 8, 2026
spot_img
Homeਪੰਜਾਬਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਬਣੇ ਡਾ. ਸੰਤੋਖ ਸਿੰਘ

ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਬਣੇ ਡਾ. ਸੰਤੋਖ ਸਿੰਘ

ਸਰਬਜੀਤ ਸਿੰਘ ਮੀਤ ਪ੍ਰਧਾਨ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੂੰ ਆਨਰੇਰੀ ਸਕੱਤਰ ਚੁਣਿਆ
ਅੰਮ੍ਰਿਤਸਰ/ਬਿਊਰੋ ਨਿਊਜ਼
ਸਿੱਖਾਂ ਦੀ ਧਾਰਮਿਕ ਅਤੇ ਵਿਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਦਾ ਪ੍ਰਧਾਨ ਡਾ. ਸੰਤੋਖ ਸਿੰਘ ਨੂੰ ਚੁਣ ਲਿਆ ਗਿਆ ਹੈ। ਮੁੜ ਹੋਈਆਂ ਚੋਣਾਂ ਦੌਰਾਨ ਸਰਬਜੀਤ ਸਿੰਘ ਨੂੰ ਮੀਤ ਪ੍ਰਧਾਨ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੂੰ ਆਨਰੇਰੀ ਸਕੱਤਰ ਚੁਣਿਆ ਗਿਆ ਹੈ। ਪ੍ਰਧਾਨ ਚੁਣੇ ਜਾਣ ਮਗਰੋਂ ਡਾ. ਸੰਤੋਖ ਸਿੰਘ ਨੇ ਆਖਿਆ ਕਿ ਸਮੂਹ ਮੈਂਬਰ ਇਕਜੁੱਟਤਾ ਨਾਲ ਸਿੱਖ ਸੰਸਥਾ ਨੂੰ ਹੋਰ ਬੁਲੰਦੀ ‘ਤੇ ਲੈ ਕੇ ਜਾਣ ਲਈ ਕੰਮ ਕਰਨਗੇ। ਚੋਣਾਂ ਵਿੱਚ ਨਿੱਤਰੇ ਧਨਰਾਜ ਸਿੰਘ ਧੜੇ ਨੂੰ ਕਰਾਰੀ ਹਾਰ ਮਿਲੀ ਹੈ ਅਤੇ ਉਨ੍ਹਾਂ ਦਾ ਕੋਈ ਵੀ ਉਮੀਦਵਾਰ ਚੀਫ ਖਾਲਸਾ ਦੀਵਾਨ ਦਾ ਅਹੁਦੇਦਾਰ ਨਹੀਂ ਬਣ ਸਕਿਆ। ਰਾਜ ਮਹਿੰਦਰ ਸਿੰਘ ਮਜੀਠਾ ਧੜੇ ਦਾ ਉਮੀਦਵਾਰ ਸੁਰਿੰਦਰ ਸਿੰਘ ਰੁਮਾਲਿਆਂ ਵਾਲਾ ਆਨਰੇਰੀ ਸਕੱਤਰ ਦੇ ਅਹੁਦੇ ਵਾਸਤੇ ਚੁਣਿਆ ਗਿਆ ਹੈ। ਪ੍ਰਧਾਨ ਦੀ ਚੋਣ ਲੜਨ ਵਾਲੇ ਡਾ. ਸੰਤੋਖ ਸਿੰਘ ਨੂੰ 152 ਵੋਟਾਂ, ਰਾਜ ਮਹਿੰਦਰ ਸਿੰਘ ਮਜੀਠਾ ਨੂੰ 142 ਅਤੇ ਧਨਰਾਜ ਸਿੰਘ ਨੂੰ 65 ਵੋਟਾਂ ਮਿਲੀਆਂ। ਮੀਤ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਵਾਲੇ ਸਰਬਜੀਤ ਸਿੰਘ ਨੂੰ ਸਭ ਤੋਂ ਵੱਧ 160 ਵੋਟਾਂ, ਨਿਰਮਲ ਸਿੰਘ ਨੂੰ 157 ਅਤੇ ਬਲਦੇਵ ਸਿੰਘ ਚੌਹਾਨ ਨੂੰ ਸਿਰਫ 41 ਵੋਟਾਂ ਮਿਲੀਆਂ। ਆਨਰੇਰੀ ਸਕੱਤਰ ਦੇ ਅਹੁਦੇ ‘ਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲਿਆਂ ਅਤੇ ਸੰਤੋਖ ਸਿੰਘ ਸੇਠੀ ਦਰਮਿਆਨ ਫਸਵਾਂ ਮੁਕਾਬਲਾ ਸੀ। ਸੁਰਿੰਦਰ ਸਿੰਘ ਨੂੰ 158 ਅਤੇ ਸੰਤੋਖ ਸਿੰਘ ਸੇਠੀ ਨੂੰ 155 ਵੋਟਾਂ ਮਿਲੀਆਂ ਜਦਕਿ ਗੁਰਿੰਦਰ ਸਿੰਘ ਚਾਵਲਾ ਸਿਰਫ 46 ਵੋਟਾਂ ਹੀ ਲੈ ਸਕੇ। ਚੀਫ ਖਾਲਸਾ ਦੀਵਾਨ ਦੇ 511 ਮੈਂਬਰਾਂ ਵਿੱਚੋਂ 363 ਨੇ ਇਥੇ ਵੋਟਾਂ ਪਾਈਆਂ। ઠਕਰੀਬ 5-6 ਪਤਿਤ ਮੈਂਬਰਾਂ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ। ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ઠਹੋਣ ਤੋਂ ਪਹਿਲਾਂ ਇਥੇ ਚੀਫ ਖਾਲਸਾ ਦੀਵਾਨ ਦੇ ਗੁਰਦੁਆਰਾ ਹਾਲ ਵਿੱਚ ਸਮੂਹ ਮੈਂਬਰਾਂ ਦੀ ਮੀਟਿੰਗ ਹੋਈ, ਜਿਸ ਵਿੱਚ ਪਿਛਲੀ ਮੀਟਿੰਗ ਦੀ ਕਾਰਵਾਈ ਦੀ ਪੁਸ਼ਟੀ ਕੀਤੀ ਗਈ। ਅਰਦਾਸ ਮਗਰੋਂ ਵੋਟਾਂ ਪਾਉਣ ਦੀ ਪ੍ਰਕਿਰਿਆ ਅਰੰਭ ਹੋਈ, ਜੋ ઠ1.30 ਵਜੇ ਤੋਂ 5.30 ਵਜੇ ਤਕ ਜਾਰੀ ਰਹੀ। ਵੋਟਾਂ ਦੀ ਗਿਣਤੀ ਮਗਰੋਂ ਗੁਰਦੁਆਰੇ ਦੇ ਹਾਲ ਵਿੱਚ ਰਿਟਰਨਿੰਗ ਅਧਿਕਾਰੀਆਂ ਡਾ. ਐਸ ਪੀ ਸਿੰਘ, ਇਕਬਾਲ ਸਿੰਘ ਲਾਲਪੁਰਾ ਅਤੇ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਵੱਲੋਂ ਨਤੀਜਿਆਂ ਦਾ ਐਲਾਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵੇਂ ਚੁਣੇ ਗਏ ਪ੍ਰਧਾਨ ਨੇ ਕਿਹਾ ਕਿ ਦੀਵਾਨ ਵੱਲੋਂ ਵਿਦਿਆ ਦੇ ਘੇਰੇ ਦੇ ਹੋਰ ਪਸਾਰ ਲਈ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਇਕ ਮੀਟਿੰਗ ਸੱਦ ਕੇ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਦੇਣ ਅਤੇ ਮੁੜ ਦਾਖ਼ਲਾ ਫੀਸ ਨਾ ਲੈਣ ਸਬੰਧੀ ਫੈਸਲਿਆਂ ‘ਤੇ ਵਿਚਾਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਦਸੰਬਰ ਵਿੱਚ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਵਾਇਰਲ ਹੋਈ ਇਤਰਾਜ਼ਯੋਗ ਵੀਡਿਓ ਕਾਰਨ ਸਿੱਖ ਸੰਸਥਾ ਵਿੱਚ ਇਹ ਸੰਕਟ ਪੈਦਾ ਹੋਇਆ ਸੀ, ਜੋ ਇਸ ਚੋਣ ਨਾਲ ਸਮਾਪਤ ਹੋ ਗਿਆ ਹੈ।

RELATED ARTICLES
POPULAR POSTS