ਜਬਰ ਜਨਾਹ ਦੇ ਮਾਮਲੇ ਵਿਚ ਜੇਲ੍ਹ ’ਚ ਬੰਦ ਹੈ ਡੇਰਾ ਸਿਰਸਾ ਦਾ ਮੁਖੀ
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਜਬਰ ਜਨਾਹ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹੈ ਅਤੇ ਉਸ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਕੋਲੋਂ ਫਿਰ 21 ਦਿਨ ਦੀ ਫਰਲੋ ਮੰਗੀ ਹੈ। ਇਸ ਨੂੰ ਲੈ ਕੇ ਰਾਮ ਰਹੀਮ ਨੇ ਹਾਈਕੋਰਟ ਵਿਚ ਅਰਜ਼ੀ ਵੀ ਲਗਾਈ ਹੈ। ਡੇਰਾ ਮੁਖੀ ਨੇ ਆਪਣੀ ਫਰਲੋ ਸਬੰਧੀ ਅਰਜ਼ੀ ਵਿਚ ਕਿਹਾ ਹੈ ਕਿ ਇਸੇ ਮਹੀਨੇ ਡੇਰਾ ਸੱਚਾ ਸੌਦਾ ਸਿਰਸਾ ਦਾ ਸਮਾਗਮ ਹੈ ਅਤੇ ਉਸ ਸਮਾਗਮ ਵਿਚ ਉਸਨੇ ਸ਼ਾਮਲ ਹੋਣਾ ਹੈ। ਇਸਦੇ ਜਵਾਬ ਵਿਚ ਹਾਈਕੋਰਟ ਨੇ ਕਿਹਾ ਕਿ ਉਹ ਸਮਾਗਮ ਨੂੰ ਰੋਕ ਦੇਣ। ਹਾਈਕੋਰਟ ਨੇ ਗੁੱਸੇ ਵਿਚ ਕਿਹਾ ਕਿ ਪਹਿਲਾਂ ਸਮਾਗਮ ਰੱਖਦੇ ਹੋ ਅਤੇ ਫਿਰ ਅਦਾਲਤ ਵਿਚ ਅਰਜ਼ੀ ਦੇ ਕੇ ਉਸ ਸਮਾਗਮ ਵਿਚ ਸ਼ਾਮਲ ਹੋਣ ਲਈ ਦਬਾਅ ਪਾਉਂਦੇ ਹੋ। ਕਾਰਜਕਾਰੀ ਚੀਫ ਜਸਟਿਸ ਦੀ ਬੈਂਚ ਹੁਣ ਇਸ ਅਰਜ਼ੀ ’ਤੇ ਜੁਲਾਈ ਮਹੀਨੇ ’ਚ ਸੁਣਵਾਈ ਕਰੇਗੀ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਡੇਰਾ ਮੁਖੀ ਨੇ ਫਰਲੋ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਮਨਾ ਕਰ ਦਿੱਤਾ ਸੀ।