ਭਗਵੰਤ ਮਾਨ ਨੇ ਕਿਹਾ : ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ
ਡੀਜੀਪੀ ਬੋਲੇ : ਜਲਦ ਹੀ ਮਾਮਲਾ ਸੁਲਝਾ ਲਿਆ ਜਾਵੇਗਾ ਤੇ ਹਮਲਾਵਰ ਜੇਲ੍ਹ ’ਚ ਹੋਣਗੇ
ਮੁਹਾਲੀ/ਬਿਊਰੋ ਨਿਊਜ਼
ਸੋਮਵਾਰ ਦੀ ਰਾਤ ਨੂੰ ਮੁਹਾਲੀ ਵਿਖੇ ਇੰਟੈਲੀਜੈਂਸ ਵਿੰਗ ਦੇ ਦਫ਼ਤਰ ’ਤੇ ਹੋਏ ਰਾਕੇਟ ਹਮਲੇ ਤੋਂ ਬਾਅਦ ਪੰਜਾਬ ਵਿਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਇਸ ਹਮਲੇ ਵਿਚ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਬਿਲਡਿੰਗ ਦੇ ਸ਼ੀਸ਼ੇ ਟੁੱਟ ਗਏ ਸਨ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਮੁਹਾਲੀ ’ਚ ਹੋਏ ਇਸ ਹਮਲੇ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਵੀ.ਕੇ. ਭਾਵਰਾ ਵੀ ਇੰਟੈਲੀਜੈਂਸ ਵਿੰਗ ਦੇ ਦਫਤਰ ਪਹੁੰਚੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜਲਦੀ ਹੀ ਇਹ ਮਾਮਲਾ ਸੁਲਝਾ ਲਿਆ ਜਾਵੇਗਾ ਅਤੇ ਹਮਲਾਵਰ ਜੇਲ੍ਹ ਵਿਚ ਹੋਣਗੇ। ਡੀਜੀਪੀ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਲਾਸਟ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਵੱਡੀ ਲੀਡ ਮਿਲੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ। ਇਸ ਮੌਕੇ ਰੂਪਨਗਰ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਵੀ ਹਾਜ਼ਰ ਸਨ।