Breaking News
Home / ਪੰਜਾਬ / ਸਿੱਧੂ ਮਾਮਲੇ ‘ਚ ਸੁਪਰੀਮ ਕੋਰਟ ਦਾ ਫੈਸਲਾ ਨਿਆਂ ਦੀ ਜਿੱਤ : ਅਮਰਿੰਦਰ, ਜਾਖੜ

ਸਿੱਧੂ ਮਾਮਲੇ ‘ਚ ਸੁਪਰੀਮ ਕੋਰਟ ਦਾ ਫੈਸਲਾ ਨਿਆਂ ਦੀ ਜਿੱਤ : ਅਮਰਿੰਦਰ, ਜਾਖੜ

ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਕ੍ਰਿਕਟਰ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਸੁਣਾਏ ਗਏ ਫੈਸਲੇ ਨੂੰ ਨਿਆਂ ਅਤੇ ਸੱਚ ਦੀ ਜਿੱਤ ਕਰਾਰ ਦਿੱਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਪਰੀਮ ਕੋਰਟ ਵਲੋਂ ਰੋਡਰੇਜ਼ ਮਾਮਲੇ ਵਿਚ ਸਿੱਧੂ ਨੂੰ ਬਰੀ ਕੀਤੇ ਜਾਣ ਦਾ ਟਵਿਟਰ ‘ਤੇ ਸਵਾਗਤ ਕੀਤਾ ਹੈ।
ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਸਿੱਧੂ ਨੂੰ ਜਿਥੇ ਮੁਬਾਰਕਬਾਦ ਦਿੱਤੀ, ਉਥੇ ਹੀ ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਆਉਣ ਨਾਲ ਸੱਚਾਈ ਸਾਹਮਣੇ ਆ ਗਈ ਹੈ। ઠਉਹ ਸ਼ੁਰੂ ਤੋਂ ਹੀ ਇਸ ਗੱਲ ‘ਤੇ ਭਰੋਸਾ ਕਰਦੇ ਸਨ ਕਿ ਸਿੱਧੂ ਨੇ ਜਾਣਬੁੱਝ ਕੇ ਕੁਝ ਵੀ ਨਹੀਂ ਕੀਤਾ ਹੈ।
ਸੁਪਰੀਮ ਕੋਰਟ ਦੇ ਜੱਜਾਂ ਨੇ ਇਸ ਗੱਲ ਦਾ ਪੂਰਾ ਧਿਆਨ ਰੱਖਿਆ। ਕਾਨੂੰਨ ਨੇ ਇਸ ਮਾਮਲੇ ਵਿਚ ਆਪਣਾ ਕੰਮ ਕੀਤਾ।
ਦੂਜੇ ਪਾਸੇ ਸੁਨੀਲ ਜਾਖੜ ਨੇ ਫੈਸਲਾ ਆਉਣ ਤੋਂ ਬਾਅਦ ਟਿੱਪਣੀ ਕਰਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਵਲੋਂ ਸਿੱਧੂ ਨੂੰ ਬਰੀ ਕੀਤੇ ਜਾਣ ਨਾਲ ਉਨ੍ਹਾਂ ਨੂੰ ਇਨਸਾਫ ਮਿਲ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਨਿਆਂ ਵਿਵਸਥਾ ਨੇ ਸਿੱਧ ਕਰ ਦਿੱਤਾ ਹੈ ਕਿ ਸਿੱਧੂ ਨਿਰਦੋਸ਼ ਹੈ।ઠ
ਸੁਖਬੀਰ ਬਾਦਲ ਨੇ ਕੇਸ ਨੂੰ ਉਛਾਲਿਆ : ਡਾ. ਨਵਜੋਤ ਕੌਰ ਸਿੱਧੂ
ਨਵਜੋਤ ਸਿੱਧੂ ਦੇ ਬਰੀ ਹੋਣ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਇਹ ਖੁਸ਼ੀ ਸਾਡੇ ਪਰਿਵਾਰ ਦੀ ਹੀ ਨਹੀਂ ਇਹ ਹਰ ਉਸ ਵਿਅਕਤੀ ਦੀ ਖੁਸ਼ੀ ਹੈ ਜੋ ਇਮਾਨਦਾਰੀ ਨਾਲ ਕੰਮ ਕਰਦਾ ਹੈ। ਸਿੱਧੂ ਲੋਅਰ ਕੋਰਟ ਵਿਚੋਂ ਵੀ ਬਰੀ ਹੋ ਚੁੱਕੇ ਸਨ। ਮ੍ਰਿਤਕ ਵਿਅਕਤੀ ਦੇ ਪਰਿਵਾਰ ਦੇ ਨਾ ਚਾਹੁੰਦੇ ਹੋਏ ਵੀ ਸੁਖਬੀਰ ਸਿੰਘ ਬਾਦਲ ਨੇ ਕੇਸ ਨੂੰ ਉਛਾਲਿਆ। ਪਹਿਲਾਂ ਇਸ ਮਾਮਲੇ ਵਿਚ ਨਾ ਬੋਲਣ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਕੇਸ ਅਦਾਲਤ ਵਿਚ ਹੋਣ ਕਰਕੇ ਉਹ ਚੁੱਪ ਰਹੇ ਹਨ। ਸੁਖਬੀਰ ਨੇ ਆਪਣੀ ਸਾਰੀ ਤਾਕਤ ਸਿੱਧੂ ਨੂੰ ਮਾਰਨ ਦੀ ਕੋਸ਼ਿਸ਼ ਵਿਚ ਹੀ ਲਗਾ ਦਿੱਤੀ। ਜੇਕਰ ਉਹ ਸਿੱਧੂ ਨਾਲ ਮਿਲ ਕੇ ਪੰਜਾਬ ਦੀ ਭਲਾਈ ਲਈ ਕੰਮ ਕਰਦੇ ਤਾਂ ਅੱਜ ਜੋ ਹਾਲਤ ਬਾਦਲਾਂ ਦੀ ਹੋਈ ਹੈ, ਉਹ ਨਾ ਹੁੰਦੀ। ਉਨ੍ਹਾਂ ਕਿਹਾ ਕਿ ਹਮੇਸ਼ਾ ਇਮਾਨਦਾਰ ਅਤੇ ਚੰਗੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ।
ਤੀਹ ਸਾਲਾਂ ‘ਚ ਬਹੁਤ ਦੁੱਖ ਦੇਖਿਆ, ਬਾਕੀ ਰੱਬ ਦੀ ਮਰਜ਼ੀ : ਪੀੜਤ ਪਰਿਵਾਰ
ਪਟਿਆਲਾ : ਤਿੰਨ ਦਹਾਕੇ ਪਹਿਲਾਂ ਇੱਥੇ ਝਗੜੇ ਦੌਰਾਨ ਮੌਤ ਦੇ ਮੂੰਹ ਵਿੱਚ ਗਏ ਪਟਿਆਲਾ ਵਾਸੀ ਗੁਰਨਾਮ ਸਿੰਘ ਦੇ ਘਰ ਬਾਹਰ ਮੀਡੀਆ ਦੀ ઠਭੀੜ ਜੁੜੀ ਰਹੀ, ਪਰ ਪਰਿਵਾਰ ਨੇ ਪੱਤਰਕਾਰਾਂ ਤੋਂ ਦੂਰੀ ਬਣਾਈ ਰੱਖੀ। ਫੋਨ ‘ਤੇ ਗੱਲਬਾਤ ਦੌਰਾਨ ਅਦਾਲਤੀ ਫ਼ੈਸਲੇ ਬਾਰੇ ਪੁੱਛੇ ਸਵਾਲ ‘ਤੇ ਮ੍ਰਿਤਕ ਦੇ ਪੁੱਤਰ ਨਰਦਵਿੰਦਰ ਸਿੰਘ ਦਾ ਕਹਿਣਾ ਸੀ ”ਜਿਸ ਦਾ ਪਿਓ ਹੀ ਮਰ ਗਿਆ, ਉਹ ਕੀ ਚਾਹ ਸਕਦੈ, ਤੀਹ ਸਾਲਾਂ ਵਿਚ ਉਨ੍ਹਾਂ ਬਹੁਤ ਦੁੱਖ ਦੇਖਿਆ ਤੇ ਹੰਡਾਇਆ ਹੈ, ਬਾਕੀ ਰੱਬ ਦੀ ਮਰਜ਼ੀ ਹੈ।”
ਕੈਪਟਨ ਕੋਲੋਂ ਅਸ਼ੀਰਵਾਦ ਲੈ ਕੇ ਰਾਹੁਲ ਗਾਂਧੀ ਨੂੰ ਮਿਲਣ ਗਏ ਸਿੱਧੂ
ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਵਿਚ ਮੁੱਖ ਮੰਤਰੀ ਨਿਵਾਸ ਵਿਖੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਅਸ਼ੀਰਵਾਦ ਲਿਆ। ਇਸ ਮੁਲਾਕਾਤ ਦੌਰਾਨ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ। ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇ ਪੰਜਾਬ ਦੀ ਤਰੱਕੀ ਅਤੇ ਬਿਹਤਰੀ ਦੇ ਮਾਮਲਿਆਂ ਨੂੰ ਲੈ ਕੇ ਚਰਚਾ ਕੀਤੀ। ਕੈਪਟਨ ਨੇ ਸਿੱਧੂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਜਾਖੜ ਨਾਲ ਮਿਲ ਕੇ ਸਿੱਧੂ ਨੇ ਸੂਬੇ ਦੀ ਮੌਜੂਦਾ ਸਿਆਸੀ ਸਥਿਤੀ ‘ਤੇ ਵਿਚਾਰ-ਵਟਾਂਦਰਾ ਕੀਤਾ। ਦੋਵਾਂ ਨੇਤਾਵਾਂ ਨੂੰ ਮਿਲਣ ਤੋਂ ਬਾਅਦ ਸਿੱਧੂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣ ਲਈ ਰਵਾਨਾ ਹੋ ਗਏ।

Check Also

ਪਟਿਆਲਾ ਕਾਂਗਰਸ ਦੀ ਬਗਾਵਤ ਹਾਈਕਮਾਨ ਤੱਕ ਪਹੁੰਚੀ

ਨਰਾਜ਼ ਆਗੂਆਂ ਨੇ ਰਾਹੁਲ ਨਾਲ ਫੋਨ ’ਤੇ ਕੀਤੀ ਗੱਲਬਾਤ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਕਾਂਗਰਸ ਵਿਚ ਟਿਕਟ …