Breaking News
Home / ਪੰਜਾਬ / ਵੋਟ ਪ੍ਰਤੀਸ਼ਤ ਘਟਣ ਨਾਲ ਸਿਆਸੀ ਪਾਰਟੀਆਂ ਸ਼ਸ਼ੋਪੰਜ ‘ਚ ਪਈਆਂ

ਵੋਟ ਪ੍ਰਤੀਸ਼ਤ ਘਟਣ ਨਾਲ ਸਿਆਸੀ ਪਾਰਟੀਆਂ ਸ਼ਸ਼ੋਪੰਜ ‘ਚ ਪਈਆਂ

ਪਿਛਲੀ ਵਾਰ ਨਾਲੋਂ ਪੰਜ ਫੀਸਦੀ ਘੱਟ ਪਈਆਂ ਵੋਟਾਂ, ਸੂਬੇ ਦੇ 72 ਫੀਸਦ ਲੋਕਾਂ ਨੇ ਜਮਹੂਰੀ ਅਧਿਕਾਰ ਦੀ ਕੀਤੀ ਵਰਤੋਂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀ 16ਵੀਂ ਵਿਧਾਨ ਸਭਾ ਲਈ ਸੂਬੇ ਦੇ ਲੋਕਾਂ ਵੱਲੋਂ ਲੰਘੀਆਂ ਤਿੰਨ ਵਿਧਾਨ ਸਭਾ ਚੋਣਾਂ ਨਾਲੋਂ ਘੱਟ ਮਤਦਾਨ ਕਰਨ ਨੇ ਸਿਆਸੀ ਧਿਰਾਂ ਨੂੰ ਫਿਕਰਾਂ ‘ਚ ਪਾ ਦਿੱਤਾ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਸੂਬੇ ਵਿੱਚ 72 ਫੀਸਦੀ ਲੋਕਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਹੈ। ਵੋਟਾਂ ਦਾ ਅਮਲ ਮੁਕੰਮਲ ਹੋਣ ਤੋਂ ਬਾਅਦ ਸਿਆਸੀ ਪਾਰਟੀਆਂ ਅਤੇ ਚੋਣ ਵਿਸ਼ਲੇਸ਼ਕਾਂ ਨੂੰ ਵੀ ਜਿੱਤ-ਹਾਰ ਦਾ ਅੰਦਾਜ਼ਾ ਲਾਉਣਾ ਔਖਾ ਹੋ ਗਿਆ ਹੈ। ਉਂਜ ਸਾਰੀਆਂ ਹੀ ਪ੍ਰਮੁੱਖ ਧਿਰਾਂ ਸੂਬੇ ਦੀ ਸੱਤਾ ‘ਤੇ ਕਾਬਜ਼ ਹੋਣ ਲਈ ਆਸਵੰਦ ਹਨ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ ਗੱਠਜੋੜ ਸਰਕਾਰ ਦੇ ਗਠਨ ਲਈ ਜੋੜ-ਤੋੜ ਬਾਰੇ ਸੋਚਣ ਲੱਗ ਪਏ ਹਨ। ਉਧਰ ਸੰਯੁਕਤ ਸਮਾਜ ਮੋਰਚਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਲੋਕ ਇਨਸਾਫ਼ ਪਾਰਟੀ ਸਮੇਤ ਆਜ਼ਾਦ ਉਮੀਦਵਾਰਾਂ ਵੱਲੋਂ ਵੀ ਇਨ੍ਹਾਂ ਚੋਣਾਂ ਦੌਰਾਨ ਨਿਭਾਈ ਗਈ ਭੂਮਿਕਾ ‘ਤੇ ਤਸੱਲੀ ਪ੍ਰਗਟਾਈ ਜਾ ਰਹੀ ਹੈ। ‘ਆਪ’ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਤਾਂ ਸੇਵਾਮੁਕਤ ਅਤੇ ਮੌਜੂਦਾ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਆਰੰਭ ਦਿੱਤੀਆਂ ਹਨ ਜਦੋਂ ਕਿ ਕਾਂਗਰਸ ਵੀ ਸੱਤਾ ‘ਤੇ ਕਾਬਜ਼ ਰਹਿਣ ਦੇ ਸੁਪਨੇ ਦੇਖ ਰਹੀ ਹੈ।
ਸੂਬੇ ‘ਚ ਵੋਟ ਪ੍ਰਕਿਰਿਆ ਖਤਮ ਹੋਣ ਮਗਰੋਂ ਰਿਟਰਨਿੰਗ ਅਫ਼ਸਰਾਂ ਵੱਲੋਂ ਵੋਟਾਂ ਦੇ ਭੁਗਤਾਨ ਸਬੰਧੀ ਜੋ ਅੰਕੜੇ ਭੇਜੇ ਗਏ ਹਨ, ਉਨ੍ਹਾਂ ਮੁਤਾਬਕ ਦਿਹਾਤੀ ਖੇਤਰ ਨਾਲ ਸਬੰਧਤ ਵਿਧਾਨ ਸਭਾ ਹਲਕਿਆਂ ਵਿੱਚ ਸ਼ਹਿਰੀ ਖੇਤਰ ਦੀਆਂ ਵੋਟਾਂ ਨਾਲੋਂ ਜ਼ਿਆਦਾ ਭੁਗਤਾਨ ਹੋਇਆ ਹੈ। ਇਹ ਤੱਥ ਵੀ ਦੇਖਣ ਨੂੰ ਮਿਲੇ ਹਨ ਕਿ ਜਿੱਥੇ ਉਮੀਦਵਾਰਾਂ ਦੇ ਬਹੁਕੋਣੇ ਮੁਕਾਬਲੇ ਸਨ ਜਾਂ ਬਰਾਬਰ ਦੇ ਉਮੀਦਵਾਰਾਂ ਦੇ ਸਿੰਗ ਫੱਸੇ ਹੋਏ ਸਨ, ਉਥੇ ਵੀ ਸਾਧਾਰਨ ਵਿਧਾਨ ਸਭਾ ਹਲਕਿਆਂ ਦੇ ਮੁਕਾਬਲੇ ਜ਼ਿਆਦਾ ਵੋਟਾਂ ਪਈਆਂ ਹਨ। ਪੰਜਾਬ ਵਿੱਚ ਵਿਧਾਨ ਸਭਾ ਹਲਕਾਵਾਰ ਵੋਟਾਂ ਦੇ ਭੁਗਤਾਨ ਦੀ ਸਥਿਤੀ ਦੇਖੀ ਜਾਵੇ ਤਾਂ ਸੁਜਾਨਪੁਰ ਵਿੱਚ 76.33 ਫੀਸਦੀ, ਭੋਆ ਵਿੱਚ 73.91, ਪਠਾਨਕੋਟ ਵਿੱਚ 73.82, ਗੁਰਦਾਸਪੁਰ ਵਿੱਚ 72.0, ਦੀਨਾਨਗਰ ਵਿੱਚ 71.56, ਕਾਦੀਆਂ ਵਿੱਚ 72.24, ਬਟਾਲਾ ਵਿੱਚ 67.40, ਸ੍ਰੀ ਹਰਗੋਬਿੰਦਪੁਰ ਵਿੱਚ 69.03, ਫਤਿਹਗੜ੍ਹ ਚੂੜੀਆਂ ਵਿੱਚ 72.94, ਡੇਰਾ ਬਾਬਾ ਨਾਨਕ ਵਿੱਚ 73.70, ਅਜਨਾਲਾ ਵਿੱਚ 77.29, ਰਾਜਾ ਸਾਂਸੀ ‘ਚ 75, ਮਜੀਠਾ ਵਿੱਚ 72.85, ਜੰਡਿਆਲਾ ਵਿੱਚ 70.87, ਅੰਮ੍ਰਿਤਸਰ ਉੱਤਰੀ ਵਿੱਚ 60.97, ਅੰਮ੍ਰਿਤਸਰ ਪੱਛਮੀ ਵਿੱਚ 55.40, ਅੰਮ੍ਰਿਤਸਰ ਕੇਂਦਰੀ ਵਿੱਚ 59.19, ਅੰਮ੍ਰਿਤਸਰ ਪੂਰਬੀ ਵਿੱਚ 64.05, ਅੰਮ੍ਰਿਤਸਰ ਦੱਖਣੀ ਵਿੱਚ 59.48, ਅਟਾਰੀ ਵਿੱਚ 67.37, ਬਾਬਾ ਬਕਾਲਾ ਵਿੱਚ 65.32, ਤਰਨ ਤਾਰਨ ਵਿੱਚ 65.81, ਖੇਮਕਰਨ ਵਿੱਚ 71.33, ਪੱਟੀ ਵਿੱਚ 71.28, ਖਡੂਰ ਸਾਹਿਬ ਵਿੱਚ 71.76, ਭੁਲੱਥ ਵਿੱਚ 66.30, ਕਪੂਰਥਲਾ ਵਿੱਚ 67.77, ਸੁਲਤਾਨਪੁਰ ਲੋਧੀ ਵਿੱਚ 72.55, ਫਗਵਾੜਾ ਵਿੱਚ 66.13, ਫਿਲੌਰ ਵਿੱਚ 67.28, ਨਕੋਦਰ ਵਿੱਚ 68.66, ਸ਼ਾਹਕੋਟ ਵਿੱਚ 72.85, ਕਰਤਾਰਪੁਰ ਵਿੱਚ 67.49, ਜਲੰਧਰ ਪੱਛਮੀ ਵਿੱਚ 67.31, ਜਲੰਧਰ ਕੇਂਦਰੀ ਵਿੱਚ 60.65, ਜਲੰਧਰ ਉੱਤਰੀ ਵਿੱਚ 66.70, ਜਲੰਧਰ ਛਾਉਣੀ ਵਿੱਚ 64.02, ਆਦਮਪੁਰ ਵਿੱਚ 67.53 ਅਤੇ ਮੁਕੇਰੀਆਂ ਵਿੱਚ 69.72 ਫੀਸਦੀ ਵੋਟਾਂ ਪਈਆਂ।
ਇਸੇ ਤਰ੍ਹਾਂ ਦਸੂਹਾ ਵਿੱਚ 66.90 ਫੀਸਦੀ, ਉੜਮੁੜ ਵਿੱਚ 68.60, ਸ਼ਾਮ ਚੁਰਾਸੀ ਵਿੱਚ 69.43, ਹੁਸ਼ਿਆਰਪੁਰ ਵਿੱਚ 65.92, ਚੱਬੇਵਾਲ ਵਿੱਚ 71.19, ਗੜ੍ਹਸ਼ੰਕਰ ਵਿੱਚ 69.40, ਬੰਗਾ ਵਿੱਚ 69.39, ਨਵਾਂ ਸ਼ਹਿਰ ਵਿੱਚ 69.37, ਬਲਾਚੋਰ ਵਿੱਚ 73.77, ਆਨੰਦਪੁਰ ਸਾਹਿਬ ਵਿੱਚ 73.58, ਰੂਪਨਗਰ ਵਿੱਚ 73.84, ਚਮਕੌਰ ਸਾਹਿਬ ਵਿੱਚ 74.57, ਖਰੜ ਵਿੱਚ 66.17, ਮੁਹਾਲੀ ਵਿੱਚ 64.76, ਡੇਰਾਬੱਸੀ ਵਿੱਚ 69.25, ਬੱਸੀ ਪਠਾਣਾਂ ਵਿੱਚ 74.85, ਫਤਹਿਗੜ੍ਹ ਸਾਹਿਬ ਵਿੱਚ 77.23, ਅਮਲੋਹ ਵਿੱਚ 78.56, ਖੰਨਾ ਵਿੱਚ 74.41, ਸਮਰਾਲਾ ‘ਚ 75.49, ਸਾਹਨੇਵਾਲ ਵਿੱਚ 67.43, ਲੁਧਿਆਣਾ ਪੂਰਬੀ ਵਿੱਚ 66.23, ਲੁਧਿਆਣਾ ਦੱਖਣੀ ਵਿੱਚ 59.04, ਆਤਮ ਨਗਰ ਵਿੱਚ 61.25, ਲੁਧਿਆਣਾ ਕੇਂਦਰੀ ਵਿੱਚ 61.77, ਲੁਧਿਆਣਾ ਪੱਛਮੀ ਵਿੱਚ 63.73, ਲੁਧਿਆਣਾ ਉੱਤਰੀ ਵਿੱਚ 61.26, ਗਿੱਲ ਵਿੱਚ 67.07, ਪਾਇਲ ਵਿੱਚ 76.12, ਦਾਖਾ ਵਿੱਚ 75.63, ਰਾਏਕੋਟ ਵਿੱਚ 72.33, ਜਗਰਾਓਂ ਵਿੱਚ 67.54, ਨਿਹਾਲ ਸਿੰਘ ਵਾਲਾ ਵਿੱਚ 71.06, ਬਾਘਾ ਪੁਰਾਣਾ ਵਿੱਚ 77.15, ਮੋਗਾ ਵਿੱਚ 70.63, ਧਰਮਕੋਟ ਵਿੱਚ 77.88, ਜ਼ੀਰਾ ਵਿੱਚ 80.47, ਫਿਰੋਜ਼ਪੁਰ ਸ਼ਹਿਰ ਵਿੱਚ 71.41 ਜਦਕਿ ਫਿਰੋਜ਼ਪੁਰ ਦਿਹਾਤੀ ਵਿੱਚ 77.22 ਫੀਸਦੀ, ਗੁਰੂ ਹਰ ਸਹਾਏ ਵਿੱਚ 81.08 ਅਤੇ ਜਲਾਲਾਬਾਦ ਵਿੱਚ 80 ਫੀਸਦੀ ਮਤਦਾਨ ਹੋਇਆ ਹੈ।
ਮਾਨਸਾ ਜ਼ਿਲ੍ਹੇ ‘ਚ ਸਭ ਤੋਂ ਵੱਧ ਵੋਟਿੰਗ
ਮਾਨਸਾ : ਵੋਟਾਂ ਭੁਗਤਾਉਣ ‘ਚ ਮਾਨਸਾ ਜ਼ਿਲ੍ਹੇ ਨੇ ਇਸ ਵਾਰ ਫਿਰ ਪੰਜਾਬ ਭਰ ‘ਚੋਂ ਬਾਜ਼ੀ ਮਾਰੀ ਹੈ। ਜ਼ਿਲ੍ਹੇ ‘ਚ 81.24 ਫ਼ੀਸਦੀ ਵੋਟਾਂ ਅਮਨ-ਅਮਾਨ ਨਾਲ ਭੁਗਤੀਆਂ ਹਨ। ਜ਼ਿਕਰਯੋਗ ਹੈ ਕਿ 2017 ਦੀਆਂ ਚੋਣਾਂ ‘ਚ ਵੀ 84.4 ਪ੍ਰਤੀਸ਼ਤ ਵੋਟਾਂ ਭੁਗਤਾ ਕੇ ਜ਼ਿਲ੍ਹਾ ਪਹਿਲੇ ਸਥਾਨ ‘ਤੇ ਰਿਹਾ ਸੀ। ਇਸ ਤੋਂ ਇਲਾਵਾ ਕਈ ਵਾਰ ਵਿਧਾਨ ਸਭਾ ਤੇ ਪੰਚਾਇਤੀ ਚੋਣਾਂ ‘ਚ ਵੋਟਾਂ ਪਾਉਣ ‘ਚ ਜ਼ਿਲ੍ਹੇ ਦੇ ਵੋਟਰ ਪਹਿਲੇ ਸਥਾਨ ‘ਤੇ ਰਹੇ ਹਨ। ਤਹਿਸੀਲਦਾਰ ਚੋਣਾਂ ਹਰੀਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ‘ਚ ਵੋਟਰਾਂ ਦੀ ਕੁੱਲ ਗਿਣਤੀ 5 ਲੱਖ 95 ਹਜ਼ਾਰ 188 ਹੈ, ਜਿਸ ‘ਚੋਂ ਜ਼ਿਲ੍ਹੇ ‘ਚ 483526 ਵੋਟਰਾਂ ਨੇ ਆਪਣੇ ਅਧਿਕਾਰ ਦਾ ਇਸਤੇਮਾਲ ਕੀਤਾ। ਮਾਨਸਾ ਹਲਕੇ ‘ਚ ਵੋਟਰਾਂ ਦੀ ਗਿਣਤੀ 2 ਲੱਖ 18 ਹਜ਼ਾਰ 339 ਹੈ, ‘ਚੋਂ 1 ਲੱਖ 72 ਹਜ਼ਾਰ 463, ਸਰਦੂਲਗੜ੍ਹ ‘ਚ 1 ਲੱਖ 81 ਹਜ਼ਾਰ 679 ‘ਚੋਂ 1 ਲੱਖ 51 ਹਜ਼ਾਰ 963 ਅਤੇ ਬੁਢਲਾਡਾ ਹਲਕੇ ‘ਚ 1 ਲੱਖ 95 ਹਜ਼ਾਰ 170 ਵੋਟਾਂ ‘ਚੋਂ 1 ਲੱਖ 59 ਹਜ਼ਾਰ 100 ਵੋਟਰਾਂ ਨੇ ਵੋਟਾਂ ਪਾਈਆਂ ਹਨ। ਇਸ ਤਰ੍ਹਾਂ ਮਾਨਸਾ ‘ਚ 78.99, ਸਰਦੂਲਗੜ੍ਹ 83.64 ਅਤੇ ਬੁਢਲਾਡਾ ‘ਚ 81.52 ਵੋਟ ਪ੍ਰਤੀਸ਼ਤ ਹੋਈ ਹੈ।
ਚੰਨੀ ਵਲੋਂ ਵੋਟਰਾਂ ਦਾ ਧੰਨਵਾਦ
ਚਮਕੌਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਨੇ ਸੂਬੇ ‘ਚ ਸ਼ਾਂਤਮਈ ਢੰਗ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਤੇ ਮਾਹੌਲ ਖਰਾਬ ਹੋਣ ਤੋਂ ਬਚਾਅ ਕੇ ਰੱਖਿਆ। ਉਨ੍ਹਾਂ ਹਲਕੇ ਚਮਕੌਰ ਸਾਹਿਬ ਤੇ ਭਦੌੜ ਦੇ ਵੋਟਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੋਵੇਂ ਹਲਕਿਆਂ ਵਿਚ ਸੂਝਵਾਨ ਵੋਟਰਾਂ ਨੇ ਆਪਮੁਹਾਰੇ ਉਨ੍ਹਾਂ ਨੂੰ ਵੋਟਾਂ ਪਾਈਆਂ ਹਨ। ਕਾਂਗਰਸੀ ਆਗੂ ਨੇ ਕਿਹਾ ਕਿ ਲੋਕ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠੇ ਦੇਖਣਾ ਚਾਹੁੰਦੇ ਹਨ।
ਬਦਲਾਅ ਲਈ ਵੱਡੀ ਗਿਣਤੀ ਲੋਕਾਂ ਨੇ ਪਾਈ ਵੋਟ: ਭਗਵੰਤ ਮਾਨ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਪੰਜਾਬ ਦੇ ਵੋਟਰਾਂ ਨੂੰ ਸੂਬੇ ਭਰ ‘ਚ ਅਮਨ ਸ਼ਾਂਤੀ ਨਾਲ ਵੋਟਾਂ ਭੁਗਤਾਉਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਇਸ ਵਾਰ ਬਦਲਾਅ ਲਈ ਅਤੇ ਸੂਬੇ ‘ਚ ਇਮਾਨਦਾਰ ਸਰਕਾਰ ਲਿਆਉਣ ਲਈ ਵੱਡੀ ਗਿਣਤੀ ‘ਚ ਮਤਦਾਨ ਕੀਤਾ ਹੈ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਆਪਣੇ ਲੋਕਤੰਤਰਿਕ ਫ਼ਰਜ਼ ਨੂੰ ਇਮਾਨਦਾਰੀ ਨਾਲ ਨਿਭਾਇਆ ਹੈ। ਉਨ੍ਹਾਂ ‘ਆਪ’ ਦੇ ਸਾਰੇ ਵਾਲੰਟੀਅਰਾਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਤਨ-ਮਨ ਨਾਲ ਸੇਵਾ ਨਿਭਾਉਣ ਵਾਲੇ ਹਰ ਵਾਲੰਟੀਅਰ ਦੀ ਪਾਰਟੀ ਰਿਣੀ ਹੈ।

 

Check Also

ਭਾਜਪਾ ਆਗੂ ਤੀਕਸ਼ਣ ਸੂਦ ਨੇ ਹੁਸ਼ਿਆਰਪੁਰ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ’ਤੇ ਚੁੱਕੇ ਸਵਾਲ

ਕਿਹਾ : ਨਜਾਇਜ਼ ਮਾਈਨਿੰਗ ਕਾਰਨ ਬਰਸਾਤੀ ਪਾਣੀ ਪਿੰਡਾਂ ’ਚ ਹੋ ਸਕਦਾ ਹੈ ਦਾਖਲ ਹੁਸ਼ਿਆਰਪੁਰ/ਬਿਊਰੋ ਨਿਊਜ਼ …