ਜਲੰਧਰ/ਬਿਊਰੋ ਨਿਊਜ਼ : ਕਿਸਾਨ ਅੰਦੋਲਨ ਦੀਆਂ ਘਟਨਾਵਾਂ ‘ਤੇ ਆਧਾਰਿਤ ਪੁਸਤਕ ‘ਕਿਸਾਨ-ਨਾਮਾ’ ਜਲੰਧਰ ‘ਚ ਲੋਕ ਅਰਪਣ ਕੀਤੀ ਗਈ। ਆਸਟਰੇਲੀਆ ਰਹਿੰਦੇ ਹਰਕੀਰਤ ਸਿੰਘ ਸੰਧਰ ਨੇ ਇਸ ਕਿਤਾਬ ਰਾਹੀਂ ਇਹ ਘਟਨਾਵਾਂ ਸਾਂਭਣ ਦਾ ਯਤਨ ਕੀਤਾ ਹੈ। ਅੰਦੋਲਨ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਕਿਸਾਨਾਂ ਨੇ ਪੰਜਾਬ ਪ੍ਰੈੱਸ ਕਲੱਬ ਵਿਚ ਇਹ ਪੁਸਤਕ ਰਿਲੀਜ਼ ਕੀਤੀ।
ਪੁਸਤਕ ਵਿਚ ਤਿੰਨੋਂ ਖੇਤੀ ਕਾਨੂੰਨਾਂ ਦੇ 5 ਜੂਨ 2020 ਨੂੰ ਜਾਰੀ ਹੋਏ ਨੋਟੀਫਿਕੇਸ਼ਨ ਤੋਂ ਲੈ ਕੇ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ 11 ਦਸੰਬਰ 2021 ਨੂੰ ਫ਼ਤਹਿ ਮਾਰਚ ਸਮੇਤ ਬਾਬੇ ਨਾਨਕ ਦੇ ਲੰਗਰ ਅਤੇ ਹੋਰ ਕਈ ਇਤਿਹਾਸਕ ਘਟਨਾਵਾਂ ਦਾ ਵੇਰਵਾ ਸਾਂਝਾ ਕੀਤਾ ਗਿਆ ਹੈ।
ਹਰਕੀਰਤ ਸਿੰਘ ਸੰਧਰ ਨੇ ਦੱਸਿਆ ਕਿ ਇਸ ਅੰਦੋਲਨ ਦਾ ਅਸਰ ਦੁਨੀਆ ਭਰ ਵਿੱਚ ਦੇਖਣ ਨੂੰ ਮਿਲਿਆ ਹੈ। ਇਹ ਪਹਿਲਾ ਅੰਦੋਲਨ ਸੀ, ਜਿਸ ਨੇ ਸਮੁੱਚੀ ਦੁਨੀਆ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਪਣੇ ਕਲਾਵੇ ‘ਚ ਲੈ ਲਿਆ। ਉਨ੍ਹਾਂ ਕਿਹਾ ਕਿ ਇਤਿਹਾਸ ਅਤੇ ਮਿਥਿਹਾਸ ਵਿੱਚ ਬਹੁਤ ਥੋੜ੍ਹਾ ਫਰਕ ਹੁੰਦਾ ਹੈ। ਸਾਡਾ ਪਿਛੋਕੜ ਇਸ ਗੱਲ ਦਾ ਗਵਾਹ ਹੈ ਕਿ ਸਾਡੇ ਪੁਰਖਿਆਂ ਵੱਲੋਂ ਕੀਤੇ ਗਏ ਵੱਡੇ-ਵੱਡੇ ਕਾਰਜ ਵੀ ਲਿਖਤੀ ਦਸਤਾਵੇਜ਼ਾਂ ਦੀ ਅਣਹੋਂਦ ਕਰਕੇ ਇਤਿਹਾਸ ਦਾ ਹਿੱਸਾ ਨਹੀਂ ਬਣ ਸਕੇ। ਇਸ ਦਾ ਮੁੱਖ ਮੰਤਵ ਦੁਨੀਆ ਦੇ ਸਭ ਤੋਂ ਵੱਡੇ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਦਾ ਇਤਿਹਾਸ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਾਂਭ ਕੇ ਰੱਖਣਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ‘ਚੋਂ ਚੱਲੇ ਕਿਸਾਨਾਂ ਨੂੰ ਹਰਿਆਣਾ ‘ਚ ਦਾਖਲ ਹੋਣ ਸਮੇਂ ਕਿਹੜੀਆਂ ਮੁਸ਼ਕਲਾਂ ‘ਚੋਂ ਲੰਘਣਾ ਪਿਆ ਅਤੇ ਹਕੂਮਤ ਨੇ ਕਿਵੇਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਕੁਝ ਲੋਕ ਕਿਵੇਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ‘ਚ ਲੱਗੇ ਰਹੇ, ਪੰਜਾਬ ਦੇ ਕਲਾਕਾਰਾਂ, ਲੇਖਕਾਂ, ਕਵੀਆਂ, ਗੀਤਕਾਰਾਂ ਤੇ ਪੱਤਰਕਾਰਾਂ ਨੇ ਕਿਵੇਂ ਇਸ ਅੰਦੋਲਨ ਵਿਚ ਆਪਣੀ ਭੂਮਿਕਾ ਨਿਭਾਈ, ਬਾਰੇ ਪੁਸਤਕ ਵਿਚ ਵਿਸ਼ੇਸ਼ ਜਿ ਹੈ।
ਇਸ ਮੌਕੇ ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਚੌਹਾਨ, ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ, ਸੀਨੀਅਰ ਪੱਤਰਕਾਰ ਸਤਨਾਮ ਮਾਣਕ ਤੇ ਰਮਨ ਕੁਮਾਰ, ਪੰਜਾਬ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ ਦੀਪਕ ਬਾਲੀ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ।
ਸ਼ਹੀਦ ਹੋਏ 733 ਕਿਸਾਨਾਂ ਦਾ ਵੀ ਪੁਸਤਕ ‘ਚ ਜ਼ਿਕਰ
ਦਿੱਲੀ ਯੂਨੀਵਰਸਿਟੀ ਵਿੱਚ ਨੌਕਰੀ ਕਰਦੀ ਅਨੁਰੂਪ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕਿਤਾਬ ਵਿਚ ਅੰਦੋਲਨ ਦੌਰਾਨ ਸ਼ਹੀਦ ਹੋਏ 733 ਕਿਸਾਨਾਂ ਦਾ ਜ਼ਿਕਰ ਕੀਤਾ ਗਿਆ ਹੈ। ਕੌਮਾਂਤਰੀ ਸਿਆਸਤਦਾਨਾਂ ਤੇ ਵੱਖ-ਵੱਖ ਦੇਸ਼ਾਂ ਵਿਚ ਕਿਸਾਨਾਂ ਦੇ ਹੱਕ ‘ਚ ਕੀਤੇ ਗਏ ਮੁਜ਼ਾਹਰਿਆਂ ਬਾਰੇ ਵੀ ਇਸ ਕਿਤਾਬ ਵਿਚ ਦੱਸਿਆ ਗਿਆ ਹੈ। ਪੁਸਤਕ ਵਿਚ ਫੋਟੋਗ੍ਰਾਫਰ ਜਗਦੇਵ ਸਿੰਘ ਤਪਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ, ਜਿਸ ਨੇ ਕਿਸਾਨ ਅੰਦੋਲਨ ਦੌਰਾਨ 80 ਹਜ਼ਾਰ ਫੋਟੋਆਂ ਖਿੱਚੀਆਂ ਸਨ। ਇਸ ਤੋਂ ਇਲਾਵਾ ਕਿਸਾਨੀ ਅੰਦੋਲਨ ਬਾਰੇ ਹੋਰ ਜਾਣਕਾਰੀ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।
Check Also
ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 30ਵੇਂ ਦਿਨ ਵੀ ਜਾਰੀ
ਕਿਸਾਨ ਆਗੂ ਡੱਲੇਵਾਲ ਨੂੰ ਮਿਲਣ ਪਹੁੰਚੇ ਐਮਪੀ ਗੁਰਜੀਤ ਸਿੰਘ ਔਜਲਾ ਸੰਗਰੂਰ/ਬਿਊਰੋ ਨਿਊਜ਼ ਕਿਸਾਨੀ ਮੰਗਾਂ ਨੂੰ …