Breaking News
Home / ਪੰਜਾਬ / ਪੰਜਾਬ ਦੇ ਕਈ ਵਿਧਾਇਕਾਂ ਨੇ ਕੈਪਟਨ ਨੂੰ ਹਟਾਉਣ ਦਾ ਕੀਤਾ ਸੀ ਸਮਰਥਨ : ਨਵਜੋਤ ਕੌਰ

ਪੰਜਾਬ ਦੇ ਕਈ ਵਿਧਾਇਕਾਂ ਨੇ ਕੈਪਟਨ ਨੂੰ ਹਟਾਉਣ ਦਾ ਕੀਤਾ ਸੀ ਸਮਰਥਨ : ਨਵਜੋਤ ਕੌਰ

ਕਿਹਾ, ਕੈਪਟਨ ਅਮਰਿੰਦਰ ਨੇ ਸਾਢੇ ਚਾਰ ਸਾਲ ਅਰਾਮ ਹੀ ਕੀਤਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਵਿੱਚ ਸਰਗਰਮੀਆਂ ਵਧਾ ਦਿੱਤੀਆਂ ਹਨ, ਜਿਸ ਤੋਂ ਲੱਗਦਾ ਹੈ ਕਿ ਉਹ ਇਸ ਵਾਰ ਇੱਥੋਂ ਚੋਣ ਲੜ ਸਕਦੇ ਹਨ। ਉਹ ਪਹਿਲਾਂ ਵੀ ਇਸ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ। ਆਪਣੇ ਇਸ ਦੌਰੇ ਦੌਰਾਨ ਉਨ੍ਹਾਂ ਜਿੱਥੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ, ਉਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਬੀਤੇ ਸਮੇਂ ਦੌਰਾਨ ਕੈਪਟਨ ਨੇ ਕਿਸੇ ਮੰਤਰੀ ਜਾਂ ਵਿਧਾਇਕ ਨਾਲ ਮੁਲਾਕਾਤ ਨਹੀਂ ਕੀਤੀ, ਜਿਸ ਕਰਕੇ ਕਾਂਗਰਸੀ ਆਗੂ ਉਨ੍ਹਾਂ ਨਾਲ ਨਾਰਾਜ਼ ਹਨ। ਇਸੇ ਨਾਰਾਜ਼ਗੀ ਕਾਰਨ ਹੀ ਜ਼ਿਆਦਾਤਰ ਵਿਧਾਇਕਾਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦਾ ਸਮਰਥਨ ਕੀਤਾ।
ਕੈਪਟਨ ਵੱਲੋਂ ਕਾਂਗਰਸ ਛੱਡਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਲਈ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦਾ ਅੜਿੱਕਾ ਖਤਮ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਉਹ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕਾ ਆਪਣੀ ਪਤਨੀ ਡਾ. ਸਿੱਧੂ ਲਈ ਛੱਡ ਸਕਦੇ ਹਨ। ਡਾ. ਸਿੱਧੂ ਨੇ ਪਿਛਲੇ ਕੁਝ ਦਿਨਾਂ ਤੋਂ ਇਸ ਹਲਕੇ ਵਿੱਚ ਸਰਗਰਮੀਆਂ ਸ਼ੁਰੂ ਕੀਤੀਆਂ ਹਨ। ਉਹ ਕੁਝ ਦਿਨਾਂ ਵਿੱਚ ਹੀ ਤੀਜੀ ਵਾਰ ਇਸ ਹਲਕੇ ‘ਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਲਈ ਪਹੁੰਚੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕੈਪਟਨ ਨੂੰ ਆਪਣੇ ਨਿਸ਼ਾਨੇ ‘ਤੇ ਰੱਖਿਆ। ਉਨ੍ਹਾਂ ਕਿਹਾ ਕਿ ਕੈਪਟਨ ਨੇ ਸਾਢੇ ਚਾਰ ਸਾਲ ਆਰਾਮ ਕੀਤਾ ਹੈ ਅਤੇ ਘਰੋਂ ਬਾਹਰ ਨਹੀਂ ਨਿਕਲੇ, ਜਿਸ ਨਾਲ ਪਾਰਟੀ ਅਤੇ ਸਰਕਾਰ ਨੂੰ ਢਾਹ ਲੱਗੀ ਹੈ। ਹੁਣ ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਇਆ ਤਾਂ ਉਨ੍ਹਾਂ ਪਾਰਟੀ ਛੱਡ ਦਿੱਤੀ। ਉਨ੍ਹਾਂ ਕਿਹਾ ਕਿ ਉਹ ਬੀਤੇ ਸਮੇਂ ਦੌਰਾਨ ਨਾ ਕਿਸੇ ਵਿਧਾਇਕ ਅਤੇ ਨਾ ਹੀ ਮੰਤਰੀ ਨੂੰ ਮਿਲੇ ਹਨ, ਜਿਸ ਦਾ ਨਤੀਜਾ ਹੈ ਕਿ ਹਰ ਕਾਂਗਰਸੀ ਉਨ੍ਹਾਂ ਨਾਲ ਨਾਰਾਜ਼ ਹੈ।

 

Check Also

ਲੁਧਿਆਣਾ ’ਚ ਸਿਆਸੀ ਵਿਰੋਧੀਆਂ ’ਤੇ ਭੜਕੇ ਸੁਖਬੀਰ ਬਾਦਲ

ਕਿਹਾ : ਪੰਜਾਬ ’ਚ ਵਿਕਾਸ ਸਿਰਫ ਅਕਾਲੀ ਦਲ ਨੇ ਹੀ ਕਰਵਾਇਆ ਲੁਧਿਆਣਾ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ …