3.2 C
Toronto
Wednesday, December 17, 2025
spot_img
Homeਪੰਜਾਬਪੰਜਾਬ ਕੋਲ ਗੁਆਂਢੀ ਸੂਬਿਆਂ ਨੂੰ ਦੇਣ ਲਈ ਇੱਕ ਬੂੰਦ ਵੀ ਵਾਧੂ ਪਾਣੀ...

ਪੰਜਾਬ ਕੋਲ ਗੁਆਂਢੀ ਸੂਬਿਆਂ ਨੂੰ ਦੇਣ ਲਈ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ : ਭਗਵੰਤ ਮਾਨ

ਐਮਰਜੈਂਸੀ ਸੇਵਾਵਾਂ ਸਮਾਂਬੱਧ ਢੰਗ ਨਾਲ ਪਹੁੰਚਾਉਣ ਲਈ 98 ਈਆਰਵੀਜ਼ ਨੂੰ ਦਿਖਾਈ ਹਰੀ ਝੰਡੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਕੋਲ ਬਾਕੀ ਸੂਬਿਆਂ ਨੂੰ ਦੇਣ ਲਈ ਵਾਧੂ ਪਾਣੀ ਦੀ ਇੱਕ ਵੀ ਬੂੰਦ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਸੂਬੇ ਵਿੱਚ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ਲਈ ਸਖਤ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਮਾਲਵਾ ਖਿੱਤੇ ਵਿੱਚ ਸਿੰਜਾਈ ਲਈ ਅਤੇ ਪੀਣ ਵਾਲੇ ਪਾਣੀ ਦੀ ਲੋੜ ਪੂਰੀ ਕਰਨ ਵਾਲੀ ਸਰਹਿੰਦ ਫੀਡਰ ਵਿੱਚ ਸਿਰਫ 5200 ਕਿਊਸਿਕ ਪਾਣੀ ਦੀ ਸਮਰੱਥਾ ਹੈ, ਜਦੋਂ ਕਿ ਰਾਜਸਥਾਨ ਨੂੰ ਜਾਂਦੀ ‘ਇੰਦਰਾ ਗਾਂਧੀ ਨਹਿਰ’ ਦੀ ਸਮਰੱਥਾ 18,000 ਕਿਊਸਿਕ ਪਾਣੀ ਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਜੇ ਰਾਜਸਥਾਨ ਨੂੰ ਪਾਣੀ ਦੀ ਲੋੜ ਹੈ ਤਾਂ ਉਹ ਆਪਣਾ ਤੈਅ ਹਿੱਸਾ ਹੀ ਲੈ ਸਕਦਾ ਹੈ ਕਿਉਂਕਿ ਪੰਜਾਬ ਨੂੰ ਪਹਿਲਾਂ ਹੀ ਆਪਣੇ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਔਖੀਆਂ ਲੱਗ ਰਹੀਆਂ ਹਨ। ਮਾਨ ਚੰਡੀਗੜ੍ਹ ‘ਚ ਪੰਜਾਬ ਪੁਲਿਸ ਦੇ ਇੱਕ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ 98 ਐਮਰਜੈਂਸੀ ਰਿਸਪਾਂਸ ਵਹੀਕਲਜ਼ (ਈਆਰਵੀਜ਼) ਦੇ ਫਲੀਟ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਮੋਬਾਈਲ ਡੇਟਾ ਟਰਮੀਨਲਜ਼ (ਐੱਮਡੀਟੀ) ਅਤੇ ਗਲੋਬਲ ਪੁਜ਼ੀਸ਼ਨਿੰਗ ਸਿਸਟਮ (ਜੀਪੀਐੱਸ) ਨਾਲ ਲੈਸ ਇਹ ਈਆਰਵੀਜ਼ ਸਾਰੇ 28 ਪੁਲਿਸ ਜ਼ਿਲ੍ਹਿਆਂ ਦੇ ਥਾਣਿਆਂ ਅਧੀਨ ਤਾਇਨਾਤ ਕੀਤੇ ਜਾਣਗੇ ਤੇ ਕਿਸੇ ਵੀ ਅਪਰਾਧਿਕ ਘਟਨਾ ਮੌਕੇ ਤੁਰੰਤ ਮੌਕੇ ‘ਤੇ ਪਹੁੰਚਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੀੜਤ ਵਿਅਕਤੀਆਂ ਦੀਆਂ ਸ਼ਿਕਾਇਤਾਂ ਹੱਥੀਂ ਨੋਟ ਕਰਨ ਅਤੇ ਫਿਰ 20-25 ਮਿੰਟ ਦੇ ਸਮੇਂ ਵਿੱਚ ਇਸ ‘ਤੇ ਕਾਰਵਾਈ ਕਰਨ ਦੀ ਪੁਰਾਣੀ ਪ੍ਰਣਾਲੀ ਦੇ ਉਲਟ ਇਹ ਈਆਰਵੀਜ਼ ਮੌਕੇ ‘ਤੇ ਕਾਰਵਾਈ ਕਰ ਕੇ ਸ਼ਿਕਾਇਤਕਰਤਾ ਦੀ ਤੁਰੰਤ ਮਦਦ ਕਰਨਗੇ। ਈਆਰਵੀਜ ਨੂੰ ਪਬਲਿਕ ਸੇਫਟੀ ਆਂਸਰਿੰਗ ਪੁਆਇੰਟ (ਪੀਐੱਸਏਪੀ)- ਡਾਇਲ 112 ਦੇ ਕੇਂਦਰੀਕ੍ਰਿਤ ਕਾਲ ਰਿਸੀਵਿੰਗ ਸੈਂਟਰ ਅਤੇ ਐੱਮਡੀਟੀਜ਼ ਦੀ ਮਦਦ ਨਾਲ ਜ਼ਿਲ੍ਹਾ ਕੋਆਰਡੀਨੇਸ਼ਨ ਸੈਂਟਰ (ਡੀਸੀਸੀ) ਨਾਲ ਜੋੜਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਦੀਆਂ ਦੁਸ਼ਮਣ ਤਾਕਤਾਂ ਸੂਬੇ ਦੀ ਸ਼ਾਂਤੀ ਭੰਗ ਕਰਨ ਦੇ ਮਨਸੂਬੇ ਘੜ ਰਹੀਆਂ ਹਨ ਪਰ ਪੰਜਾਬ ਪੁਲਿਸ ਨੇ ਹਮੇਸ਼ਾਂ ਅਜਿਹੀਆਂ ਕੋਸ਼ਿਸ਼ਾਂ ਨਾਕਾਮ ਕੀਤੀਆਂ ਹਨ। ਇਸ ਮੌਕੇ ਵਧੀਕ ਮੁੱਖ ਸਕੱਤਰ ਏ ਵੇਨੂ ਪ੍ਰਸਾਦ, ਵਧੀਕ ਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ, ਡਾਇਰੈਕਟਰ ਜਨਰਲ ਆਫ ਪੁਲੀਸ (ਡੀਜੀਪੀ) ਗੌਰਵ ਯਾਦਵ ਅਤੇ ਹੋਰ ਵੀ ਮੌਜੂਦ ਸਨ।

RELATED ARTICLES
POPULAR POSTS