ਕੇਂਦਰ ਦੀ ਮੋਦੀ ਸਰਕਾਰ ਨੂੰ ਦਿੱਤਾ ਸਖਤ ਸੁਨੇਹਾ
ਗੁਰਦਾਸਪੁਰ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਅੰਦੋਲਨ ਨੂੰ ਹੋਰ ਮਜ਼ਬੂਤੀ ਦੇਣ ਤੇ ਦਿੱਲੀ ਮੋਰਚੇ ਵਿੱਚ ਕਣਕਾਂ ਦੀ ਵਾਢੀ ਦੌਰਾਨ ਭਰਵੀਂ ਹਾਜ਼ਰੀ ਯਕੀਨੀ ਬਣਾਉਣ ਲਈ ਲੋਕਾਂ ਦੀ ਲਾਮਬੰਦੀ ਕਰਨ ਵਾਸਤੇ ਗੁਰਦਾਸਪੁਰ ਦੀ ਦਾਣਾ ਮੰਡੀ ਵਿੱਚ ਜ਼ਿਲ੍ਹੇ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ ਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਮਹਾਰੈਲੀ ਕਰਵਾਈ ਗਈ।
ਮਹਾਰੈਲੀ ਵਿੱਚ ਪਾਬੰਦੀਆਂ ਦੇ ਬਾਵਜੂਦ ਵੱਡੀ ਗਿਣਤੀ ਲੋਕਾਂ ਵੱਲੋਂ ਸ਼ਮੂਲੀਅਤ ਕਰਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਸਖ਼ਤ ਸੁਨੇਹਾ ਦਿੱਤਾ ਗਿਆ। ਇਸ ਮੌਕੇ ਕਾਮਰੇਡ ਤੇਜਾ ਸਿੰਘ ਸੁਤੰਤਰ ਦੀ 48ਵੀਂ ਬਰਸੀ ਨੂੰ ਯਾਦ ਕਰਦਿਆਂ ਦਿੱਲੀ ਤੋਂ ਪਹੁੰਚੇ ਸੰਯੁਕਤ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ, ਰੁਲਦੂ ਸਿੰਘ ਮਾਨਸਾ, ਪ੍ਰੇਮ ਸਿੰਘ ਗਹਿਲਾਵਤ, ਬੀਬੀ ਸੁਖਵਿੰਦਰ ਕੌਰ, ਸੁਰਜੀਤ ਸਿੰਘ ਫੂਲ, ਮੇਜਰ ਸਿੰਘ ਭਿੱਖੀਵਿੰਡ ਅਤੇ ਬਲਵਿੰਦਰ ਸਿੰਘ ਰਾਜੂ ਔਲਖ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਭਾਰਤੀ ਲੋਕਾਂ ਨੂੰ ਗੁਮਰਾਹ ਕਰਨ ਲਈ ਲਗਾਤਾਰ ਝੂਠ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਰਚੇ ਦੇ ਆਗੂਆਂ ਨੇ ਸਰਕਾਰ ਨਾਲ ਕੀਤੀਆਂ 11 ਮੀਟਿੰਗਾਂ ਵਿੱਚ ਸਰਕਾਰੀ ਧਿਰ ਨੂੰ ਆਪਣੀਆਂ ਦਲੀਲਾਂ ਨਾਲ ਸਾਬਤ ਕਰ ਦਿੱਤਾ ਸੀ ਕਿ ਇਹ ਕਾਨੂੰਨ ਪੂੰਜੀਪਤੀ ਪੱਖੀ ਅਤੇ ਕਿਸਾਨ ਤੇ ਸਮਾਜ ਦੇ ਹਰੇਕ ਵਰਗ ਦੇ ਵਿਰੋਧੀ ਹਨ। ਆਗੂਆਂ ਨੇ ਕਿਹਾ ਕਿ ਭਾਵੇਂ ਮੋਰਚੇ ਨਾਲ ਚੱਲੀਆਂ ਮੀਟਿੰਗਾਂ ਵਿੱਚ ਮੋਦੀ ਸਰਕਾਰ ਦੇ ਨੁਮਾਇੰਦੇ ਬਿਜਲੀ ਸੋਧ ਬਿੱਲ 2020 ਨੂੰ ਵਾਪਸ ਲੈਣਾ ਮੰਨ ਗਏ ਸਨ ਪਰ ਮੌਜੂਦਾ ਸਮੇਂ ਸਰਕਾਰ ਇਸ ਬਿੱਲ ਨੂੰ ਆਉਣ ਵਾਲੇ ਸੈਸ਼ਨ ਵਿੱਚ ਪਾਸ ਕਰਾਉਣ ਲਈ ਕਾਹਲੀ ਹੈ। ਜੇਕਰ ਬਿੱਲ ਪਾਸ ਹੁੰਦਾ ਹੈ ਤਾਂ ਪੰਜਾਬ ਦੇ ਕਿਸਾਨਾਂ ਅਤੇ ਅਨੁਸੂਚਿਤ ਜਾਤਾਂ ਨੂੰ ਬਿਜਲੀ ਉਪਰ ਮਿਲਦੀ ਸਬਸਿਡੀ ਨਕਦੀ ਸਬਸਿਡੀ ਦੇਣ ਬਹਾਨੇ ਪਹਿਲੇ ਝਟਕੇ ਨਾਲ ਖ਼ਤਮ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਰੇਲਵੇ ਤੇ ਹੋਰ ਅਦਾਰਿਆਂ ਵਾਂਗ ਬਿਜਲੀ ਦਾ ਪ੍ਰਬੰਧ ਵੀ ਸਰਕਾਰ ਅਡਾਨੀਆਂ ਅੰਬਾਨੀਆਂ ਨੂੰ ਸੌਂਪ ਦੇਵੇਗੀ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਸਿੱਧੇ ਅਤੇ ਅਸਿੱਧੇ ਤੌਰ ਉੱਤੇ ਦਿੱਲੀ ਮੋਰਚੇ ਨੂੰ ਖ਼ਤਮ ਕਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੀ ਦੂਸਰੀ ਲਹਿਰ ਦਾ ਵੱਡੇ ਪੱਧਰ ਉੱਤੇ ਪ੍ਰਚਾਰ ਵੀ ਦਿੱਲੀ ਮੋਰਚੇ ਨੂੰ ਕੁਚਲਣ ਦੀ ਸਾਜਿਸ਼ ਦਾ ਹੀ ਇੱਕ ਹਿੱਸਾ ਹੈ। ਆਗੂਆਂ ਨੇ ਦਿੱਲੀ ਅੰਦੋਲਨ ਨੂੰ ਹੋਰ ਪ੍ਰਚੰਡ ਰੂਪ ਜਨ ਅੰਦੋਲਨ ਬਣਾਉਣ ਲਈ ਭਰਵੀਂ ਗਿਣਤੀ ‘ਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …