ਅੰਮ੍ਰਿਤਸਰ ਦੇ ਪਿੰਡ ਅਲਕੜੇ ਵਿਚ ਬੀਬੀਆਂ ਦੀ ਵਿਸ਼ਾਲ ਕਨਵੈਨਸ਼ਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਣਕ ਅਤੇ ਝੋਨੇ ਦੇ ਸੀਜ਼ਨ ਦੌਰਾਨ ਦਿੱਲੀ ਮੋਰਚੇ ਦੀ ਕਮਾਨ ਔਰਤਾਂ ਹੱਥ ਦੇਣ ਦਾ ਫੈਸਲਾ ਲਿਆ ਗਿਆ ਹੈ। ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ, ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਹੇਠ 18 ਅਪਰੈਲ ਦੀ ਮਹਾ ਰੈਲੀ ਦੀ ਤਿਆਰੀ ਲਈ ਪਿੰਡ ਅਲਕੜੇ ਵਿੱਚ ਬੀਬੀਆਂ ਦੀ ਦੂਜੀ ਵਿਸ਼ਾਲ ਕਨਵੈਨਸ਼ਨ ਕੀਤੀ ਗਈ।
ਇਸ ਕਨਵੈਨਸ਼ਨ ਦੌਰਾਨ ਹਰੇਕ ਪਿੰਡ ‘ਚ ਬੀਬੀਆਂ ਦੀ ਕਮੇਟੀ ਦਾ ਗਠਨ ਕਰਨ ਤੇ ਉਨ੍ਹਾਂ ਦੀ ਅਗਵਾਈ ਕਰਨ, ਮਹਾ ਰੈਲੀ ਦੀ ਤਿਆਰੀ ਲਈ ਬੀਬੀਆਂ ਨੂੰ ਪਿੰਡਾਂ ਵਿੱਚ ਆਮ ਔਰਤਾਂ ਨੂੰ ਲਾਮਬੰਦ ਕਰਨ ਤੇ ਰੈਲੀ ਵਿੱਚ ਵਾਲੰਟੀਅਰ ਦੇ ਤੌਰ ‘ਤੇ ਕੰਮ ਕਰਨ ਅਤੇ ਮੌਜੂਦਾ ਸਮੇਂ ਵਿੱਚ ਮੋਰਚੇ ਦੀ ਕਮਾਨ ਆਪਣੇ ਹੱਥ ਵਿੱਚ ਲੈਣ ਲਈ ਪ੍ਰੇਰਦਿਆਂ ਆਗੂਆਂ ਵੱਲੋਂ ਉਨ੍ਹਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਕਨਵੈਨਸ਼ਨ ਦੌਰਾਨ ਆਉਣ ਵਾਲੇ ਸਮੇਂ ਵਿੱਚ ਕਣਕ ਅਤੇ ਝੋਨੇ ਦੇ ਸੀਜ਼ਨ ਦੌਰਾਨ ਦਿੱਲੀ ਮੋਰਚੇ ਦੀ ਕਮਾਨ ਬੀਬੀਆਂ ਹੱਥ ਦੇਣ ਦਾ ਫੈਸਲਾ ਲਿਆ ਗਿਆ। ਇਸ ਕਨਵੈਨਸ਼ਨ ਵਿੱਚ ਕਿਸਾਨ-ਮਜ਼ਦੂਰ ਬੀਬੀਆਂ ਨੇ ਆਗੂਆਂ ਵਜੋਂ ਵਿਚਾਰ ਪੇਸ਼ ਕੀਤੇ। ਬੀਬੀਆਂ ਨੇ ਅਹਿਦ ਕੀਤਾ ਕਿ ਉਹ ਆਪਣੀਆਂ ਧੀਆਂ, ਪੁੱਤਰਾਂ ਅਤੇ ਸਮਾਜ ਦੀ ਅੱਧੀ ਆਬਾਦੀ ਨੂੰ ਜਥੇਬੰਦ ਕਰਨਗੀਆਂ। ਕਨਵੈਨਸ਼ਨ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਬਲਰਾਜ ਕੌਰ ਅਤੇ ਕੁਲਵੰਤ ਕੌਰ ਵੱਲੋਂ ਨਿਭਾਈ ਗਈ।
ਆਗੂਆਂ ਨੇ ਕਿਹਾ ਕਿ ਇਸ ਮਹਾ ਰੈਲੀ ਵਿੱਚ ਲੱਖਾਂ ਦਾ ਇਕੱਠ ਕਰਕੇ ਸਰਕਾਰ ਦੇ ਸਾਰੇ ਭਰਮ ਭੁਲੇਖੇ ਦੂਰ ਕੀਤੇ ਜਾਣਗੇ। ਸਰਬਸੰਮਤੀ ਨਾਲ ਮਤਾ ਪਾਸ ਕਰਕੇ ਈਟੀਟੀ ਪਾਸ ਅਧਿਆਪਕਾਂ ਉੱਤੇ ਲਾਠੀਚਾਰਜ ਕਰਨ ਦੀ ਸਖਤ ਨਿਖੇਧੀ ਕੀਤੀ ਗਈ ਅਤੇ ਪੰਜਾਬ ਦੇ ਨੌਜਵਾਨਾਂ ਉੱਤੇ ਮੋਦੀ ਸਰਕਾਰ ਵੱਲੋਂ ਤਸ਼ੱਦਦ ਕੀਤੇ ਜਾਣ ਦੀ ਵੀ ਨਿੰਦਾ ਕੀਤੀ ਗਈ।
ਇਸ ਦੌਰਾਨ ਮੰਗ ਕੀਤੀ ਗਈ ਕਿ ਗੁਰਦੀਪ ਸਿੰਘ ਸਿਧਾਣਾ ਉੱਤੇ ਕੀਤੇ ਤਸ਼ੱਦਦ ਦੀ ਨਿਰਪੱਖ ਜਾਂਚ ਕਰ ਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ, ਸਰਕਾਰ ਵੱਲੋਂ ਕਰੋਨਾ ਦੀ ਆੜ ਵਿੱਚ ਅੰਦੋਲਨ ਨੂੰ ਤਾਰਪੀਡੋ ਕਰਨਾ ਬੰਦ ਕੀਤਾ ਜਾਵੇ।
Check Also
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 6 ਨਵੰਬਰ ਨੂੰ ਸੱਦੀ ਸਿੱਖ ਵਿਦਵਾਨਾਂ ਤੇ ਪੱਤਰਕਾਰਾਂ ਦੀ ਅਹਿਮ ਇਕੱਤਰਤਾ
ਸੁਖਬੀਰ ਬਾਦਲ ਦੀ ਸਜ਼ਾ ਸਬੰਧੀ ਲਿਆ ਜਾ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ : ਲੰਘੇ ਦਿਨੀਂ …