17.6 C
Toronto
Thursday, September 18, 2025
spot_img
Homeਪੰਜਾਬਕੈਪਟਨ ਸਰਕਾਰ ਨੇ ਬਾਦਲ ਪਰਿਵਾਰ ਨੂੰ 'ਸਪੈਸ਼ਲ ਹੈਲੀਪੈਡ' ਦੀ ਦਿੱਤੀ ਸਹੂਲਤ

ਕੈਪਟਨ ਸਰਕਾਰ ਨੇ ਬਾਦਲ ਪਰਿਵਾਰ ਨੂੰ ‘ਸਪੈਸ਼ਲ ਹੈਲੀਪੈਡ’ ਦੀ ਦਿੱਤੀ ਸਹੂਲਤ

ਪੰਜਾਬ ‘ਚ ਹੋਰ ਕਿਧਰੇ ਵੀ ਪ੍ਰਾਈਵੇਟ ਹੈਲੀਕਾਪਟਰ ਲਈ ਸਪੈਸ਼ਲ ਹੈਲੀਪੈਡ ਦੀ ਸਹੂਲਤ ਨਹੀਂ
ਬਠਿੰਡਾ/ਬਿਊਰੋ ਨਿਊਜ਼ : ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬਾਦਲ ਪਰਿਵਾਰ ਨੂੰ ‘ਸਪੈਸ਼ਲ ਹੈਲੀਪੈਡ’ ਦੀ ਸਹੂਲਤ ਦਿੱਤੀ ਹੈ। ਬਾਦਲਾਂ ਨੇ ਪਿੰਡ ਬਾਦਲ ਆਉਣ ਜਾਣ ਲਈ ਹੁਣ ਪ੍ਰਾਈਵੇਟ ਹੈਲੀਕਾਪਟਰ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਪਿੰਡ ਕਾਲਝਰਾਣੀ ਵਿੱਚ ਆਰਜ਼ੀ ਹੈਲੀਪੈਡ ਬਣਾਇਆ ਗਿਆ ਸੀ, ਜਿਥੇ ਛੇ ਮੁਲਾਜ਼ਮਾਂ ਦੀ ਗਾਰਦ ਪੱਕੇ ਤੌਰ ‘ਤੇ ਲਾਈ ਹੋਈ ਹੈ। ਹਕੂਮਤ ਬਦਲਣ ਮਗਰੋਂ ਵੀ ਜ਼ਿਲ੍ਹਾ ਪੁਲਿਸ ਨੇ ਇਹ ਗਾਰਦ ਵਾਪਸ ਨਹੀਂ ਬੁਲਾਈ। ਪੰਜਾਬ ਵਿੱਚ ਹੋਰ ਕਿਧਰੇ ਵੀ ਏਦਾ ਪ੍ਰਾਈਵੇਟ ਹੈਲੀਕਾਪਟਰ ਲਈ ‘ਸਪੈਸ਼ਲ ਹੈਲੀਪੈਡ’ ਦੀ ਸਹੂਲਤ ਨਹੀਂ ਦਿੱਤੀ ਗਈ। ਜਾਣਕਾਰੀ ਅਨੁਸਾਰ ਪਿੰਡ ਕਾਲਝਰਾਨੀ ਦੀ ਦਾਣਾ ਮੰਡੀ ਵਿੱਚ ਕਈ ਵਰ੍ਹਿਆਂ ਤੋਂ ਫ਼ਸਲ ਨਹੀਂ ਆ ਸਕੀ ਕਿਉਂਕਿ ਇਸ ਦਾਣਾ ਮੰਡੀ ਨੂੰ ਹੈਲੀਪੈਡ ਵਜੋਂ ਵਰਤਿਆ ਜਾ ਰਿਹਾ ਹੈ। ਪਿੰਡ ਦੇ ਲੋਕਾਂ ਨੂੰ ਉਮੀਦ ਸੀ ਕਿ ਸਰਕਾਰ ਬਦਲਣ ਮਗਰੋਂ ਉਨ੍ਹਾਂ ਨੂੰ ਇਹ ਦਾਣਾ ਮੰਡੀ ਮਿਲ ਜਾਵੇਗੀ ਪਰ ਕੈਪਟਨ ਹਕੂਮਤ ਲੋਕਾਂ ਦੀ ਆਸ ਉਤੇ ਖ਼ਰੀ ਨਹੀਂ ਉੱਤਰੀ। ਹਾਲਾਂਕਿ ਕਾਂਗਰਸ ਸਰਕਾਰ ਨੇ ਖੁਦ ਐਲਾਨ ਕੀਤਾ ਹੈ ਕਿ ਉਹ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਨਹੀਂ ਕਰਨਗੇ ਪਰ ਮੌਜੂਦਾ ਸਰਕਾਰ ਬਾਦਲ ਪਰਿਵਾਰ ਨੂੰ ਸਪੈਸ਼ਲ ਹੈਲੀਪੈਡ ਦੀ ਸੁਵਿਧਾ ਜਾਰੀ ਰੱਖ ਰਹੀ ਹੈ। ਜਦੋਂ ਵੀ ਬਾਦਲ ਪਰਿਵਾਰ ਦਾ ਹੈਲੀਕਾਪਟਰ ਇੱਥੇ ਲੈਂਡ ਕਰਦਾ ਹੈ ਤਾਂ ਦੋ ਥਾਣਿਆਂ ਦੀ ਪੁਲਿਸ ਹਾਜ਼ਰ ਹੁੰਦੀ ਹੈ। ਐਬੂਲੈਂਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੋਂ ਇਲਾਵਾ ਪੁਲਿਸ ਰੂਟ ਵੀ ਲੱਗਦਾ ਹੈ। ਸੂਤਰਾਂ ਮੁਤਾਬਕ ਜ਼ੈੱਡ ਪਲੱਸ ਸੁਰੱਖਿਆ ਕਰਕੇ ਅਜਿਹਾ ਨਿਯਮਾਂ ਅਨੁਸਾਰ ਹੀ ਹੁੰਦਾ ਹੈ। ਹੈਲੀਪੈਡ ਦੀ ਗਾਰਦ ਵਿੱਚ ਤਿੰਨ ਪੁਲਿਸ ਮੁਲਾਜ਼ਮ ਤਾਂ ਪਿੰਡ ਬਾਦਲ ਦੇ ਹੀ ਵਸਨੀਕ ਹਨ। ਹਾਲੇ 5 ਅਪਰੈਲ ਨੂੰ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਹੈਲੀਕਾਪਟਰ ਇਸ ਹੈਲੀਪੈਡ ‘ਤੇ ਲੈਂਡ ਕੀਤਾ ਸੀ। ਬਾਦਲ ਪਰਿਵਾਰ ਆਪਣਾ ਪ੍ਰਾਈਵੇਟ ਔਰਬਿਟ ਕੰਪਨੀ ਦਾ ਹੈਲੀਕਾਪਟਰ ਆਉਣ ਜਾਣ ਵਾਸਤੇ ਵਰਤ ਰਿਹਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਇਸ ਹੈਲੀਕਾਪਟਰ ‘ਤੇ ਆਏ ਹਨ। ਹੈਲੀਪੈਡ ਦੇ ਦੋ ਕਮਰੇ ਹਨ, ਜਿਨ੍ਹਾਂ ‘ਚੋਂ ਇੱਕ ਏਸੀ ਕਮਰਾ ਬਾਦਲ ਪਰਿਵਾਰ ਲਈ ਰਾਖਵਾਂ ਹੈ ਜਦੋਂ ਕਿ ਦੂਜਾ ਕਮਰਾ ਗਾਰਦ ਵਰਤਦੀ ਹੈ। ਹੈਲੀਪੈਡ ‘ਤੇ ਲੱਗੇ ਬਿਜਲੀ ਦੇ ਮੀਟਰ ਦਾ ਬਿੱਲ ਮਾਰਕੀਟ ਕਮੇਟੀ ਗਿੱਦੜਬਾਹਾ ਵੱਲੋਂ ਭਰਿਆ ਜਾ ਰਿਹਾ ਹੈ। ਪਹਿਲਾਂ ਇੱਥੇ ਕੁੰਡੀ ਕੁਨੈਕਸ਼ਨ ਚੱਲਦਾ ਸੀ ਅਤੇ ਫਰਵਰੀ 2014 ਵਿੱਚ ਮਾਰਕੀਟ ਕਮੇਟੀ ਨੇ ਹੈਲੀਪੈਡ ਲਈ ਬਕਾਇਦਾ ਬਿਜਲੀ ਕੁਨੈਕਸ਼ਨ ਲੈ ਲਿਆ ਸੀ। ਪਿੰਡ ਕਾਲਝਰਾਣੀ ਦੇ ਆਗੂ ਬਲਵੰਤ ਸਿੰਘ ਨੇ ਕਿਹਾ ਕਿ ਇਸ ਹੈਲੀਪੈਡ ਨੇ ਪਿੰਡ ਵਾਲਿਆਂ ਤੋਂ ਦਾਣਾ ਮੰਡੀ ਖੋਹ ਲਈ ਹੈ ਅਤੇ ਦਬਾਅ ਪੈਣ ਮਗਰੋਂ ਸਰਕਾਰ ਨੇ ਨਵੀਂ ਦਾਣਾ ਮੰਡੀ ਹੋਰ ਥਾਂ ਬਣਾ ਦਿੱਤੀ। ਉਨ੍ਹਾਂ ਕਿਹਾ ਕਿ ਗਾਰਦ ਵੀ ਪਹਿਲਾਂ ਦੀ ਤਰ੍ਹਾਂ ਹੀ ਲੱਗੀ ਹੋਈ ਹੈ। ਥਾਣਾ ਨੰਦਗੜ੍ਹ ਦੇ ਮੁਖੀ ਬਿਕਰਮਜੀਤ ਸਿੰਘ ਨੇ ਕਿਹਾ ਕਿ ਹੈਲੀਪੈਡ ਤੇ ਗਾਰਦ ਜ਼ਿਲ੍ਹਾ ਪੁਲਿਸ ਵੱਲੋਂ ਲਾਈ ਗਈ ਹੈ। ਬਾਦਲ ਪਰਿਵਾਰ ਕਦੇ ਕਦਾਈਂ ਹੈਲੀਕਾਪਟਰ ਰਾਹੀਂ ਇੱਥੇ ਆਉਂਦਾ ਰਹਿੰਦਾ ਹੈ।
ਸਭ ਕੁਝ ਨਿਯਮਾਂ ਅਨੁਸਾਰ : ਐਸਐਸਪੀ ਬਠਿੰਡਾ
ਐਸਐਸਪੀ ਬਠਿੰਡਾ ਨਵੀਨ ਸਿੰਗਲਾ ਨੇ ਕਿਹਾ ਕਿ ਬਾਦਲ ਪਰਿਵਾਰ ਦਾ ਪਿੰਡ ਬਾਦਲ ਆਉਣ ਜਾਣ ਕਾਫੀ ਜ਼ਿਆਦਾ ਹੈ ਅਤੇ ਜ਼ੈੱਡ ਪਲੱਸ ਸੁਰੱਖਿਆ ਹੋਣ ਕਰਕੇ ਗਾਰਦ ਇਕ ਦਿਨ ਪਹਿਲਾਂ ਲਾਈ ਜਾਣੀ ਹੁੰਦੀ ਹੈ। ਉਹ ਇਸ ਨੂੰ ਰੀਵੀਊ ਵੀ ਕਰਨਗੇ ਪਰ ਇਹ ਸਾਰਾ ਕੁੱਝ ਨਿਯਮਾਂ ਮੁਤਾਬਕ ਹੀ ਹੈ।

RELATED ARTICLES
POPULAR POSTS