Breaking News
Home / ਪੰਜਾਬ / ਪ੍ਰਕਾਸ਼ ਸਿੰਘ ਬਾਦਲ ਨੂੰ ਖੁਸ਼ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਰਚੇ ਕਰੋੜਾਂ ਰੁਪਏ

ਪ੍ਰਕਾਸ਼ ਸਿੰਘ ਬਾਦਲ ਨੂੰ ਖੁਸ਼ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਰਚੇ ਕਰੋੜਾਂ ਰੁਪਏ

ਜਲੰਧਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸੰਪੂਰਨਤਾ ਨਾਲ ਹੀ ਪੰਥਕ ਹਲਕਿਆਂ ‘ਚ ਚਰਚਾ ਛਿੜ ਗਈ ਹੈ ਕਿ ਦੋ ਪੰਡਾਲ ਲਾਏ ਜਾਣ ਨਾਲ ਕਿਸੇ ਧਿਰ ਨੂੰ ਰਾਜਨੀਤਕ ਫਾਇਦਾ ਹੋਇਆ ਹੈ ਜਾਂ ਨਹੀਂ? ਜੇ ਇਕ ਪੰਡਾਲ ਲੱਗਦਾ ਤਾਂ ਫਿਰ ਉਸ ਵਿਚ ਕੌਣ-ਕੌਣ ਬੋਲਦਾ? ਪੰਜਾਬ ਸਰਕਾਰ ਦੇ ਲਾਏ ਗਏ ਪੰਡਾਲ ਵਿੱਚ ਹੋਏ ਮੁੱਖ ਸਮਾਗਮ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਅਤੇ ਸੁਲਤਾਨਪੁਰ ਲੋਧੀ ਹਲਕੇ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਹੀ ਬੋਲੇ ਸਨ। ਸ਼੍ਰੋਮਣੀ ਕਮੇਟੀ ਦੇ ਮੰਚ ਤੋਂ ਰਾਸ਼ਟਰਪਤੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੋਲੇ ਸਨ। ਇਸ ਮੰਚ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂ ਆਪਣਾ ਸੰਦੇਸ਼ ਜਾਰੀ ਕੀਤਾ ਸੀ। ਦੋਵਾਂ ਮੰਚਾਂ ਤੋਂ ਰਾਸ਼ਟਰਪਤੀ ਨੂੰ ਛੱਡ ਕੇ ਸਿਰਫ 6 ਬੁਲਾਰੇ ਬੋਲੇ। ਜੇਕਰ ਇਕ ਪੰਡਾਲ ਲੱਗਦਾ ਤਾਂ ਉਸ ਵਿਚ ਮੁੱਖ ਮਹਿਮਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਹਲਕੇ ਦੇ ਵਿਧਾਇਕ ਅਤੇ ਲੋਕ ਸਭਾ ਹਲਕੇ ਦੇ ਐਮਪੀ ਨੇ ਤਾਂ ਸੰਗਤ ਨੂੰ ਸੰਬੋਧਨ ਕਰਨਾ ਸੀ। ਸਾਂਝੇ ਪੰਡਾਲ ਵਿਚ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਕਿਸੇ ਵੀ ਸੂਰਤ ਵਿਚ ਬੋਲਣ ਦਾ ਸਮਾਂ ਨਹੀਂ ਸੀ ਮਿਲਣਾ। ਪੰਥਕ ਹਲਕਿਆਂ ਵਿਚ ਇਹ ਗੱਲ ਤੇਜ਼ੀ ਨਾਲ ਘੁੰਮ ਰਹੀ ਹੈ ਕਿ ਆਖਰਕਾਰ ਸ਼੍ਰੋਮਣੀ ਕਮੇਟੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਮੰਚ ਤੋਂ ਬੁਲਾਉਣ ਲਈ ਹੀ 10 ਕਰੋੜ ਤੋਂ ਵੱਧ ਦੀ ਰਕਮ ਰੋੜ੍ਹ ਦਿੱਤੀ, ਕਿਉਂਕਿ ਇਨ੍ਹਾਂ 6 ਬੁਲਾਰਿਆਂ ਨੇ ਤਾਂ ਸਾਂਝੇ ਮੰਚ ‘ਤੇ ਆਪਣੇ ਅਹੁਦਿਆਂ ਮੁਤਾਬਕ ਸੰਗਤ ਨੂੰ ਲਾਜ਼ਮੀ ਤੌਰ ‘ਤੇ ਸੰਬੋਧਨ ਕਰਨਾ ਸੀ।
‘ਸਿਰਫ ਬਾਦਲ ਦਾ ਨਾਂ ਸੂਚੀ ਵਿਚ ਜਬਰੀ ਪਾਇਆ’
ਗੁਰਬਚਨ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੁਲਤਾਨਪੁਰ ਲੋਧੀ ਹਲਕੇ ਦਾ ਵਿਧਾਇਕ ਕਿਸੇ ਵੀ ਪਾਰਟੀ ਦਾ ਹੁੰਦਾ ਤਾਂ ਉਸ ਦਾ ਸੰਗਤ ਨੂੰ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿਚ ਬੋਲਣਾ ਜਾਇਜ਼ ਸੀ। ਸਾਂਝੀ ਸਟੇਜ ਤੋਂ ਕਿਸੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਬੋਲਣ ‘ਤੇ ਕਿਸੇ ਨੂੰ ਵੀ ਇਤਰਾਜ਼ ਨਹੀਂ ਸੀ ਹੋ ਸਕਦਾ ਸੀ। ਪੰਜਾਬ ਦੇ ਮੁੱਖ ਮੰਤਰੀ ਤੇ ਮੁੱਖ ਮਹਿਮਾਨ ਰਾਸ਼ਟਰਪਤੀ ਨੇ ਵੀ ਇਨ੍ਹਾਂ ਸਮਾਗਮਾਂ ਵਿਚ ਆਪਣੀ ਵਿਚਾਰ ਰੱਖਣੇ ਸਨ। ਇਨ੍ਹਾਂ ਬੁਲਾਰਿਆਂ ਦੀ ਸੂਚੀ ਵਿਚ ਜੇਕਰ ਕੋਈ ਜਬਰੀ ਨਾਂ ਪਾਇਆ ਗਿਆ ਸੀ ਤਾਂ ਉਹ ਸਿਰਫ ਪ੍ਰਕਾਸ਼ ਸਿੰਘ ਬਾਦਲ ਦਾ ਹੀ ਨਾਂ ਸੀ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …