ਪੰਜਾਬ ਪ੍ਰੋਗਰੈਸਿਵ ਅਲਾਇੰਸ ਬਣਾ ਕੇ ਸਾਰੀਆਂ ਸੀਟਾਂ ਤੋਂ ਚੋਣ ਲੜਨ ਦਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਨਵੀਨਰ ਦੇ ਅਹੁਦੇ ਤੋਂ ਹਟਾਏ ਗਏ ਸੁੱਚਾ ਸਿੰਘ ਛੋਟੇਪੁਰ ਨੇ ਐਤਵਾਰ ਨੂੰ ‘ਆਪਣਾ ਪੰਜਾਬ’ ਪਾਰਟੀ ਬਣਾ ਕੇ 117 ਵਿਧਾਨ ਸਭਾ ਸੀਟਾਂ ਉਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ઠਇਸ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਹੀ ਹੋਣਗੇ ਅਤੇ ‘ਆਪ’ ਤੋਂ ਅਸਤੀਫ਼ਾ ਦੇ ਚੁੱਕੇ ਹਰਦੀਪ ਸਿੰਘ ਕਿੰਗਰਾ ਜਨਰਲ ਸਕੱਤਰ ਅਤੇ ਐਚ.ਐਸ. ਚੀਮਾ ਖਜ਼ਾਨਚੀ ਹੋਣਗੇ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਹੋਰ ਵਿੰਗਾਂ ਦਾ ਐਲਾਨ ਜਲਦੀ ਕਰਨ ਦਾ ਸੰਕੇਤ ਦਿੱਤਾ ਗਿਆ ਹੈ। ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਦੀ ‘ਆਪ’ ਵਿੱਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਧਰਮਵੀਰ ਗਾਂਧੀ ਦੇ ਧੜੇ ਨਾਲ ਗੱਠਜੋੜ ਦੀ ਗੱਲ ਹੋ ਚੁੱਕੀ ਹੈ। ਉਹ ਇਕ ਨਿਮਾਣੇ ਵਿਅਕਤੀ ਵਜੋਂ ‘ਆਵਾਜ਼-ਏ-ਪੰਜਾਬ’ ਦੇ ਆਗੂਆਂ ਨਵਜੋਤ ਸਿੰਘ ਸਿੱਧੂ, ਬੈਂਸ ਭਰਾਵਾਂ ਅਤੇ ਪਰਗਟ ਸਿੰਘ ਕੋਲ ਵੀ ਗੱਠਜੋੜ ਵਾਸਤੇ ਪਹੁੰਚ ਕਰ ਚੁੱਕੇ ਹਨ। ਉਹ 16 ਦਿਨ ਅਜਿਹੇ ਯਤਨਾਂ ਵਿੱਚ ਰਹੇ ਹਨ ਅਤੇ ਸਿੱਧੂ ਨੂੰ ਅੱਗੇ ਲਾ ਕੇ ਚੱਲਣ ਲਈ ਵੀ ਤਿਆਰ ਸਨ ਪਰ ਫਿਲਹਾਲ ਇਸ ਧੜੇ ਨਾਲ ਸਾਂਝ ਦੀ ਗੱਲ ਸਿਰੇ ਨਹੀਂ ਲੱਗ ਸਕੀ ਹੈ। ਉਨ੍ਹਾਂ ਕਿਹਾ ਕਿ ਜੇ ਅੱਜ ਵੀ ਸਿੱਧੂ ਧੜਾ ਪਹੁੰਚ ਕਰੇਗਾ ਤਾਂ ਉਹ ਸਾਂਝ ਲਈ ਤਿਆਰ ਹਨ। ਛੋਟੇਪੁਰ ਨੇ ਸਪੱਸ਼ਟ ਕੀਤਾ ਕਿ ਅਕਾਲੀ-ਭਾਜਪਾ ਗੱਠਜੋੜ, ਕਾਂਗਰਸ ਅਤੇ ‘ਆਪ’ ਨਾਲ ਉਨ੍ਹਾਂ ਦੀ ਪਾਰਟੀ ਕਿਸੇ ਵੀ ਰੂਪ ਵਿੱਚ ਕੋਈ ਸਾਂਝ ਨਹੀਂ ਪਾਵੇਗੀ। ਗਾਂਧੀ ਧੜੇ ਸਮੇਤ ਹੋਰ ਧਿਰਾਂ ਨੂੰ ਜੋੜ ਕੇ ਪੰਜਾਬ ਪ੍ਰੋਗਰੈਸਿਵ ਅਲਾਇੰਸ ਬਣਾਇਆ ਜਾਵੇਗਾ ਅਤੇ ਇਸ ਪਲੇਟਫਾਰਮ ਤੋਂ ਸਮੂਹ 117 ਸੀਟਾਂ ਉਪਰ ਚੋਣ ਲੜੀ ਜਾਵੇਗੀ।ਛੋਟੇਪੁਰ ਨੇ ਕਿਹਾ ਕਿ ਹੋਰ ਪਾਰਟੀਆਂ ਦੇ ਚੰਗੇ ਲੀਡਰ ਉਹ ਆਪਣੀ ਪਾਰਟੀ ਵਿੱਚ ਸ਼ਾਮਲ ਕਰਨਗੇ। ਦੱਸਣਯੋਗ ਹੈ ਕਿ ਪਹਿਲਾਂ ਛੋਟੇਪੁਰ ਦੋਸ਼ ਲਾਉਂਦੇ ਰਹੇ ਹਨ ਕਿ ‘ਆਪ’ ਨੇ ਆਪਣੇ ਵਾਲੰਟੀਅਰਾਂ ਨੂੰ ਅੱਖੋਂ-ਪਰੋਖੇ ਕਰਕੇ ਹੋਰ ਪਾਰਟੀਆਂ ਦੇ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਸਿਧਾਂਤਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਖੇਤਰੀ ਪਾਰਟੀਆਂ ਦਾ ਯੁੱਗ ਹੈ, ਜਿਸ ਦੀ ਮਿਸਾਲ ਮਮਤਾ ਬੈਨਰਜੀ ਅਤੇ ਜੈਲਲਿਤਾ ਹਨ। ਛੋਟੇਪੁਰ ਨੇ ਦੱਸਿਆ ਕਿ ਭਾਵੇਂ ਉਹ ਢਾਈ ਸਾਲ ‘ਆਪ’ ਦੇ ਕਨਵੀਨਰ ਰਹੇ ਪਰ ਉਨ੍ਹਾਂ ਨੂੰ ਕੋਈ ਸਿਆਸੀ ਅਧਿਕਾਰ ਨਹੀਂ ਦਿੱਤੇ ਗਏ ਸਨ ਅਤੇ ਨਾ ਹੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦਾ ਮੈਂਬਰ ਹੀ ਬਣਾਇਆ ਸੀ। ਉਨ੍ਹਾਂ ਕੋਲੋਂ ਟਿਕਟਾਂ ਵੰਡਣ ਵੇਲੇ ਵੀ ਕੋਈ ਸਲਾਹ ਨਹੀਂ ਲਈ ਸੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਪੰਜਾਬ ਦੀ ਨੰਬਰ ਇਕ ਦੁਸ਼ਮਣ ਹੈ। ਹੁਣ ਅਕਾਲੀ ਦਲ ਮਹਿਜ਼ ਬਾਦਲ ਪਰਿਵਾਰ ਐਂਡ ਕੰਪਨੀ ਬਣ ਕੇ ਰਹਿ ਗਿਆ ਹੈ ਅਤੇ ਟਕਸਾਲੀ ਆਗੂਆਂ ਦੀ ਕੋਈ ਵੁੱਕਤ ਨਹੀਂ ਹੈ। ਬਾਦਲ ਨੇ ਅਕਾਲੀ ਦਲ ਨੂੰ ਭਾਜਪਾ ਕੋਲ ਗਹਿਣੇ ਰੱਖ ਦਿੱਤਾ ਹੈ। ਕਾਂਗਰਸ ਨੇ ਕਦੇ ਵੀ ਪੰਜਾਬ ਦੇ ਹਿੱਤ ਨਹੀਂ ਪਾਲੇ ਅਤੇ ਇਸ ਦੇ ਆਗੂ ਮਹਿਜ਼ ਪੈਸੇ ਇਕੱਠੇ ਕਰਨ ਤੱਕ ਹੀ ਸੀਮਤ ਹਨ। ਦੂਜੇ ਪਾਸੇ ‘ਆਪ’ ਵੱਲੋਂ ਪੰਜਾਬੀਆਂ ਨੂੰ ਦਿਖਾਏ ਸੁਪਨੇ ਫਰਾਡ ਸਾਬਤ ਹੋਏ ਹਨ। ਇਸ ਮੌਕੇ ਪਾਰਟੀ ਦਾ ਚੋਣ ਨਿਸ਼ਾਨ ਵੀ ਜਾਰੀ ਕੀਤਾ ਗਿਆ। ਰਾਸ਼ਟਰੀ ਲੋਕ ਸਮਾਜ ਪਾਰਟੀ ਹਰਿਆਣਾ, ਦਲਿਤ ਕ੍ਰਾਂਤੀ ਦਲ, ਜੈ ਜਵਾਨ ਕਿਸਾਨ ਪਾਰਟੀ ਅਤੇ ਇੰਡੀਆ ਲੇਬਰ ਪਾਰਟੀ ਨੇ ‘ਆਪਣਾ ਪੰਜਾਬ’ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
Check Also
ਸੁਖਬੀਰ ਬਾਦਲ ’ਤੇ ਹੋਏ ਹਮਲੇ ਦੀ ਮੁੱਖ ਮੰਤਰੀ ਮਾਨ ਸਮੇਤ ਵੱਖ-ਵੱਖ ਰਾਜਨੀਤਿਕ ਆਗੂਆਂ ਨੇ ਕੀਤੀ ਨਿੰਦਾ
ਰਾਜਾ ਵੜਿੰਗ ਨੇ ਹਮਲੇ ਲਈ ਪੰਜਾਬ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ ਚੰਡੀਗੜ੍ਹ/ਬਿਊਰੋ ਨਿਊਜ਼ : ਸੱਚਖੰਡ ਸ੍ਰੀ …