-4.7 C
Toronto
Wednesday, December 3, 2025
spot_img
Homeਪੰਜਾਬਸਿੰਜਾਈ ਘੁਟਾਲਾ: ਸਰਵੇਸ਼ ਕੌਸ਼ਲ ਤੋਂ ਤਿੰਨ ਘੰਟੇ ਪੁੱਛ-ਪੜਤਾਲ

ਸਿੰਜਾਈ ਘੁਟਾਲਾ: ਸਰਵੇਸ਼ ਕੌਸ਼ਲ ਤੋਂ ਤਿੰਨ ਘੰਟੇ ਪੁੱਛ-ਪੜਤਾਲ

ਸਾਬਕਾ ਮੁੱਖ ਸਕੱਤਰ ਨੇ ਮੀਡੀਆ ਤੋਂ ਬਣਾਈ ਦੂਰੀ
ਮੁਹਾਲੀ/ਬਿਊਰੋ ਨਿਊਜ਼ : ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਮੇਂ ਹੋਏ ਬਹੁ-ਕਰੋੜੀ ਸਿੰਜਾਈ ਘੁਟਾਲੇ ਦੇ ਮਾਮਲੇ ਵਿੱਚ ਮੁਹਾਲੀ ਸਥਿਤ ਵਿਜੀਲੈਂਸ ਭਵਨ ਵਿਚ ਉੱਚ ਅਧਿਕਾਰੀਆਂ ਦੀ ਜਾਂਚ ਟੀਮ ਨੇ ਸੂਬੇ ਦੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਤੋਂ ਤਕਰੀਬਨ ਤਿੰਨ ਘੰਟੇ ਪੁੱਛ-ਪੜਤਾਲ ਕੀਤੀ। ਵਿਜੀਲੈਂਸ ਦੀ ਜਾਂਚ ਟੀਮ ਨੇ ਉਨ੍ਹਾਂ ਤੋਂ ਸਿੰਜਾਈ ਘੁਟਾਲੇ ਨਾਲ ਸਬੰਧਤ ਕਈ ਸਵਾਲ ਕੀਤੇ।
ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਸਕੱਤਰ ਨੇ ਵਿਜੀਲੈਂਸ ਦੇ ਸਵਾਲਾਂ ਦੇ ਸਪਸ਼ਟ ਜਵਾਬ ਨਹੀਂ ਦਿੱਤੇ। ਹਾਲਾਂਕਿ ਵਿਜੀਲੈਂਸ ਵੱਲੋਂ ਪਹਿਲਾਂ ਵੀ ਕਈ ਵਾਰ ਸਰਵੇਸ਼ ਕੌਸ਼ਲ ਨੂੰ ਤਲਬ ਕੀਤਾ ਗਿਆ ਹੈ ਪ੍ਰੰਤੂ ਉਹ ਵਿਦੇਸ਼ ਵਿੱਚ ਹੋਣ ਕਾਰਨ ਵਿਜੀਲੈਂਸ ਦੀ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਏ ਸਨ ਪਰ ਉਹ ਸੋਮਵਾਰ ਸਵੇਰੇ 11 ਵਜੇ ਵਿਜੀਲੈਂਸ ਭਵਨ ਮੁਹਾਲੀ ਪਹੁੰਚੇ।
ਵਿਜੀਲੈਂਸ ਵੱਲੋਂ ਸਿੰਜਾਈ ਘੁਟਾਲੇ ਵਿੱਚ ਠੇਕੇਦਾਰ ਗੁਰਿੰਦਰ ਸਿੰਘ ਭਾਪਾ ਸਮੇਤ ਹੋਰਨਾਂ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁਲਜ਼ਮਾਂ ਦੀ ਪੁੱਛ-ਪੜਤਾਲ ਦੌਰਾਨ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਜਨਮੇਜਾ ਸਿੰਘ ਸੇਖੋਂ ਅਤੇ ਹੋਰਨਾਂ ਰਾਜਸੀ ਆਗੂਆਂ ਤੇ ਉੱਚ ਅਧਿਕਾਰੀਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ।
ਇਸ ਤੋਂ ਪਹਿਲਾਂ ਸਾਬਕਾ ਅਕਾਲੀ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਜਨਮੇਜਾ ਸਿੰਘ ਸੇਖੋਂ ਅਤੇ ਖੇਤੀਬਾੜੀ ਵਿਭਾਗ ਦੇ ਸਾਬਕਾ ਸਕੱਤਰ ਕਾਹਨ ਸਿੰਘ ਪੰਨੂ ਤੋਂ ਵੀ ਵਿਜੀਲੈਂਸ ਪੁੱਛ-ਪੜਤਾਲ ਕਰ ਚੁੱਕੀ ਹੈ। ਉਧਰ, ਵਿਜੀਲੈਂਸ ਭਵਨ ਵਿੱਚ ਜਾਂਚ ਵਿੱਚ ਸ਼ਾਮਲ ਹੋਣ ਪਹੁੰਚੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਮੀਡੀਆ ਤੋਂ ਦੂਰੀ ਬਣਾਈ ਤੇ ਟਾਲਾ ਵੱਟਦੇ ਹੋਏ ਆਪਣੀ ਗੱਡੀ ਵਿੱਚ ਬੈਠ ਕੇ ਰਵਾਨਾ ਹੋ ਗਏ।

 

RELATED ARTICLES
POPULAR POSTS