Breaking News
Home / ਪੰਜਾਬ / ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਨਿੱਜੀਕਰਨ ਦੀ ਸੰਭਾਵਨਾ ਵਧੀ

ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਨਿੱਜੀਕਰਨ ਦੀ ਸੰਭਾਵਨਾ ਵਧੀ

ਕਿਸਾਨਾਂ ਨੇ ਸਰਕਾਰ ਦੀ ਨਿੱਜੀਕਰਨ ਨੀਤੀ ਦਾ ਕੀਤਾ ਡਟਵਾਂ ਵਿਰੋਧ
ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤੀ ਰੇਲ ਮੰਤਰਾਲੇ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਚ ਕੁਝ ਸੇਵਾਵਾਂ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਕਾਰਪੋਰੇਸ਼ਨ ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ। ਰੇਲਵੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਸ ਦਾ ਰਸਮੀ ਐਲਾਨ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਦੇ ਅੰਮ੍ਰਿਤਸਰ ਦੌਰੇ ਮੌਕੇ ਕੀਤਾ ਜਾ ਸਕਦਾ ਹੈ। ਇਸ ਵੇਲੇ ਰੇਲ ਵਿਭਾਗ ਵੱਲੋਂ ਯਾਤਰੀ ਤੇ ਮਾਲ ਗੱਡੀਆਂ ਦੀ ਆਵਾਜਾਈ, ਸਟੇਸ਼ਨ ਪ੍ਰਬੰਧ, ਵੈਗਨਾਂ ਦੀ ਸਾਂਭ ਸੰਭਾਲ, ਸਾਫ ਸਫਾਈ, ਰੇਲ ਪਟੜੀਆਂ ਦੀ ਸਾਫ਼ ਸਫ਼ਾਈ, ਸਿਵਲ ਤੇ ਬਿਜਲੀ ਆਦਿ ਦਾ ਕੰਮ ਸਮੇਤ ਹੋਰ ਕੰਮ ਸ਼ਾਮਲ ਹਨ।
ਇਨ੍ਹਾਂ ‘ਚੋਂ ਰੇਲਵੇ ਸਟੇਸ਼ਨ ਦੀ ਸਾਫ਼ ਸਫ਼ਾਈ, ਪਾਰਕਿੰਗ ਸਹੂਲਤ, ਦੁਕਾਨਾਂ ਅਤੇ ਸਟਾਲ, ਟਰਾਲੀਆਂ ਸਮੇਤ ਹੋਰ ਸੇਵਾਵਾਂ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਨਿਗਮ ਨੂੰ ਦਿੱਤੀਆਂ ਜਾ ਸਕਦੀਆਂ ਹਨ। ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਦੇਸ਼ ਦੇ ‘ਏ’ ਸ਼੍ਰੇਣੀ ਦੇ ਰੇਲਵੇ ਸਟੇਸ਼ਨਾਂ ਦੀ ਸੂਚੀ ਵਿਚ ਸ਼ਾਮਲ ਹੈ, ਜਿਥੇ ਰੋਜ਼ਾਨਾ ਲਗਪਗ 100 ਤੋਂ ਵੱਧ ਰੇਲ ਗੱਡੀਆਂ ਦੀ ਆਵਾਜਾਈ ਹੈ ਅਤੇ ਲਗਪਗ 200 ਕਰੋੜ ਤੋਂ ਵੱਧ ਦਾ ਸਾਲਾਨਾ ਮਾਲੀਆ ਇਕੱਠਾ ਹੁੰਦਾ ਹੈ। ਇੱਥੋਂ ਰੋਜ਼ਾਨਾ 50 ਹਜ਼ਾਰ ਤੋਂ ਵੱਧ ਲੋਕਾਂ ਸਫ਼ਰ ਕਰਦੇ ਹਨ ਜਿਨ੍ਹਾਂ ਵਿਚੋਂ ਵਧੇਰੇ ਸੈਲਾਨੀ ਹੁੰਦੇ ਹਨ। ਕਿਸਾਨ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਨਿੱਜੀਕਰਨ ਤਹਿਤ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਨਿੱਜੀ ਹੱਥਾਂ ਵਿਚ ਦੇਣ ਦੀ ਸੰਭਾਵਨਾ ਹੈ। ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹਰਜੀਤ ਸਿੰਘ ਝੀਤਾ ਨੇ ਆਖਿਆ ਕਿ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਕੋਲੋਂ ਮੰਗ ਕੀਤੀ ਗਈ ਹੈ ਕਿ ਉਹ ਲਿਖਤੀ ਭਰੋਸਾ ਦੇਣ ਕਿ ਇਸ ਰੇਲਵੇ ਸਟੇਸ਼ਨ ਨੂੰ ਨਿੱਜੀ ਹੱਥਾਂ ਵਿਚ ਨਹੀਂ ਦਿੱਤਾ ਜਾਵੇਗਾ ਜਾਂ ਵੇਚਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਸਬੰਧ ਵਿੱਚ ਉਨ੍ਹਾਂ ਦਾ ਘਿਰਾਓ ਕਰਨ ਦਾ ਵੀ ਯਤਨ ਕੀਤਾ ਗਿਆ ਸੀ ਪਰ ਉਨ੍ਹਾਂ ਇਸ ਮੰਗ ਸਬੰਧੀ ਕੋਈ ਭਰੋਸਾ ਨਹੀਂ ਦਿੱਤਾ ਹੈ। ਅਧਿਕਾਰੀਆਂ ਵੱਲੋਂ ਯੋਜਨਾ ਸਬੰਧੀ ਜਾਣਕਾਰੀ ਹੋਣ ਤੋਂ ਇਨਕਾਰ ਦੂਜੇ ਪਾਸੇ ਡਵੀਜਨਲ ਰੇਲਵੇ ਮੈਨੇਜਰ ਰਾਜੇਸ਼ ਅਗਰਵਾਲ ਨੇ ਰੇਲ ਮੰਤਰਾਲੇ ਦੀ ਇਸ ਸਬੰਧੀ ਕਿਸੇ ਯੋਜਨਾ ਬਾਰੇ ਜਾਣਕਾਰੀ ਹੋਣ ਤੋਂ ਅਗਿਆਨਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਹਵਾਈ ਅੱਡੇ ਵਾਂਗ ਬਣਾਉਣ ਅਤੇ ਇਸੇ ਤਰਜ ‘ਤੇ ਬੇਹਤਰ ਸੇਵਾਵਾਂ ਦੇਣ ਲਈ ਯਤਨ ਕੀਤੇ ਜਾ ਰਹੇ ਹਨ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …