Breaking News
Home / ਪੰਜਾਬ / ਸ਼ਾਹੂਕਾਰਾਂ ਦੇ ਦਬਕਿਆਂ ਤੋਂ ਡਰਦੇ ਕਿਸਾਨ ਖੁਦਕੁਸ਼ੀ ਦੇ ਰਾਹ ਪਏ

ਸ਼ਾਹੂਕਾਰਾਂ ਦੇ ਦਬਕਿਆਂ ਤੋਂ ਡਰਦੇ ਕਿਸਾਨ ਖੁਦਕੁਸ਼ੀ ਦੇ ਰਾਹ ਪਏ

ਜੇਠੂਕੇ : ”ਜ਼ਮੀਨਾਂ ਤਾਹੀਓਂ ਵਿਕਦੀਆਂ ਨੇ ਜਦੋਂ ਪੈਲੀ ਸਾਥ ਛੱਡ ਦੇਵੇ, ਟਿਊਬਵੈੱਲ ਪਾਣੀ ਛੱਡ ਗਿਆ ਤਾਂ ਖੇਤ ਬਰਾਨ ਹੋ ਗਏ। ਕੈਂਸਰ ਨੇ ਪਤੀ ਖੋਹ ਲਿਆ ਤੇ ਕਰਜ਼ੇ ਨੇ ਜ਼ਮੀਨਾਂ। ਜਦੋਂ ਸ਼ਾਹੂਕਾਰਾਂ ਦੇ ਦਬਕੇ ਝੱਲਣੇ ਵਿੱਤੋਂ ਬਾਹਰ ઠਹੋ ਗਏ ਤਾਂ ਪੁੱਤ ਖ਼ੁਦਕੁਸ਼ੀ ਵਾਲੇ ਰਾਹ ਤੁਰ ਗਿਆ।”
ਬਜ਼ੁਰਗ ਬਲਵੀਰ ਕੌਰ ਜਦੋਂ ਆਪਣੇ ਘਰ ਦੀ ਇਹ ਹੋਣੀ ਬਿਆਨਦੀ ਹੈ ਤਾਂ ਮੈਗਾਜੇਸੇ ਐਵਾਰਡ ਜੇਤੂ ਪੱਤਰਕਾਰ ਡਾ. ਪੀ. ਸਾਈਨਾਥ (ਦਿਹਾਤੀ ਸੰਪਾਦਕ) ਦਾ ਗੱਚ ਭਰ ਜਾਂਦਾ ਹੈ। ਉਸ ਨੂੰ ਬਜ਼ੁਰਗ ਔਰਤ ਦੇ ਚਿਹਰੇ ਤੋਂ ਪੰਜਾਬ ਦੇ ਖੇਤੀ ਸੰਕਟ ਦੇ ਨਕਸ਼ ਨਜ਼ਰ ਪੈਣ ਲੱਗਦੇ ઠਹਨ। ਕੋਠਾ ਗੁਰੂ ਦੀ ਬਲਵੀਰ ਕੌਰ ਦੱਸਦੀ ਹੈ ਕਿ ਕਿਵੇਂ ਹੱਥੋਂ ਜ਼ਮੀਨ ਕਿਰੀ ਤੇ ਕਿਵੇਂ ਜ਼ਿੰਦਗੀ।
ਬਠਿੰਡਾ ਦੇ ਪਿੰਡ ਜੇਠੂਕੇ ਤੋਂ ਡਾ. ਸਾਈਨਾਥ ਨੇ ਪੰਜਾਬ ਦੇ ਖੇਤੀ ਸੰਕਟ ਨੂੰ ਨੇੜਿਓਂ ਵੇਖਣ ਦੀ ਸ਼ੁਰੂਆਤ ਕੀਤੀ। ਇਕੱਲਾ ਸਿੱਧਾ ਸੰਵਾਦ ਹੀ ਨਹੀਂ ਸੀ, ਸਾਈਨਾਥ ਨੇ ਦੁੱਖਾਂ ਹੱਥੋਂ ਹਾਰੀ ਹਰ ਔਰਤ ਦੇ ਹੰਝੂਆਂ ਤੇ ਹੌਕਿਆਂ ਵਿੱਚੋਂ ‘ਖੇਤੀ ਸੰਕਟ’ ਦੀ ਗਹਿਰਾਈ ਨੂੰ ਵੀ ਮਾਪਿਆ। ਲਹਿਰਾ ਖਾਨਾ ਦੀ ਬਿਰਧ ਮੁਕੰਦ ਕੌਰ ਦੱਸਦੀ ਹੈ ਕਿ ਨੂੰਹ ਦੇ ਇਲਾਜ ਵਿੱਚ ਜਦੋਂ ਜ਼ਮੀਨ ਵਿਕ ਗਈ ਤਾਂ ਜ਼ਿੰਦਗੀ ਦੀ ਲੈਅ ਗੁਆਚ ਗਈ। ਪੁੱਤਰ ਗੁਰਬਿੰਦਰ ਆਪਣੀ ਪਤਨੀ ਦਾ ਇਲਾਜ ਕਰਾਉਣ ਤੋਂ ਬੇਵੱਸ ਹੋ ਗਿਆ ਤਾਂ ਉਹ ਜਹਾਨੋਂ ਤੁਰ ਗਈ। ਗੁਰਬਿੰਦਰ ਜ਼ਿੰਦਗੀ ਦਾ ਕੌੜਾ ਘੁੱਟ ਨਾ ਭਰ ਸਕਿਆ ਅਤੇ ਖ਼ੁਦਕੁਸ਼ੀ ਦੇ ਰਾਹ ਤੁਰ ਗਿਆ। ਇਸ ਮਾਂ ਦਾ ਛੋਟਾ ਪੁੱਤ ਥਰਮਲ ਵਿਚ ਦਿਹਾੜੀ ਕਰਦਾ ਅਪਾਹਜ ਹੋ ਗਿਆ ਅਤੇ ਹੁਣ ਰਾਈਸ ਸ਼ੈਲਰ ਵਿਚ ਚੌਕੀਦਾਰੀ ਕਰਦਾ ਹੈ। ਪੀ. ਸਾਈਨਾਥ ਨੂੰ ਕਿਸੇ ਮਾਂ ਦੇ ਹੱਥਾਂ ‘ਤੇ ‘ਖ਼ੁਸ਼ਹਾਲ ਪੰਜਾਬ’ ਦੀ ਲੀਕ ਨਹੀਂ ਨਜ਼ਰ ਆਈ। ਮਾਵਾਂ ਦੇ ਹੱਥਾਂ ‘ਤੇ ਪਏ ਅੱਟਣ ਉਸ ਨੂੰ ਪੰਜਾਬ ਦਾ ਸੱਚ ਦਿਖਾਉਂਦੇ ਹਨ। ਇਕੱਠ ਵਿੱਚੋਂ ਇੱਕ ਔਰਤ ਨੇ ਖ਼ੁਦਕੁਸ਼ੀ ਕਰ ਗਏ ਪੁੱਤ ਦੀ ਤਸਵੀਰ ਦਿਖਾ ਕੇ ਦੱਸਿਆ ਕਿ ਉਹ ਆਪਣੇ ਪੁੱਤ ਦੀ ਫੋਟੋ ਹਰ ਮੁਜ਼ਾਹਰੇ ਵਿਚ ਲੈ ਕੇ ਗਈ ਪਰ ਹਕੂਮਤ ਦੀ ਨਜ਼ਰ ઠਨਹੀਂ ਪਈ।

Check Also

ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਚਿਤਾਵਨੀ

ਕਿਹਾ : ਕਾਂਗਰਸ ਦੀ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਮਾਨ ਖਿਲਾਫ਼ ਮਾਮਲਾ ਹੋਵੇਗਾ ਦਰਜ ਸੰਗਰੂਰ/ਬਿਊਰੋ …