-7.1 C
Toronto
Friday, December 26, 2025
spot_img
Homeਪੰਜਾਬ'ਦਿੱਲੀ ਕੂਚ' ਤੋਂ ਪਹਿਲਾਂ ਐੱਸਕੇਐੱਮ ਆਗੂਆਂ ਨਾਲ 13 ਮੀਟਿੰਗਾਂ ਕੀਤੀਆਂ : ਕਿਸਾਨ...

‘ਦਿੱਲੀ ਕੂਚ’ ਤੋਂ ਪਹਿਲਾਂ ਐੱਸਕੇਐੱਮ ਆਗੂਆਂ ਨਾਲ 13 ਮੀਟਿੰਗਾਂ ਕੀਤੀਆਂ : ਕਿਸਾਨ ਆਗੂ ਪੰਧੇਰ

ਸਹਿਯੋਗ ਨਾ ਮਿਲਣ ‘ਤੇ ਦਿੱਲੀ ਕੂਚ ਕਰਨ ਦਾ ਫੈਸਲਾ ਕੀਤਾ
ਪਟਿਆਲਾ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵੱਲੋਂ ਦਿੱਲੀ ਕੂਚ ਕਰਨ ਵਾਲੇ ਆਗੂਆਂ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ ਅਤੇ ਸਾਥੀਆਂ ‘ਤੇ ਉਨ੍ਹਾਂ ਨਾਲ ਸਲਾਹ ਮਸ਼ਵਰਾ ਨਾ ਕਰਨ ਅਤੇ ਯੋਜਨਬੱਧ ਢੰਗ ਨਾਲ ਸੰਘਰਸ਼ ਨਾ ਲੜਨ ਦੇ ਆਰੋਪ ਲਾਏ ਜਾ ਰਹੇ ਹਨ। ਉਧਰ ਐਸਕੇਐਮ ਦੇ ਆਗੂਆਂ ਵੱਲੋਂ ਲਾਏ ਜਾ ਰਹੇ ਆਰੋਪਾਂ ਦਾ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੋੜਵਾਂ ਜਵਾਬ ਦਿੱਤਾ ਹੈ।
ਸ਼ੰਭੂ ਬਾਰਡਰ ‘ਤੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਪੰਧੇਰ ਨੇ ਕਿਹਾ ਕਿ ਉਨ੍ਹਾਂ ਨੇ ਐਸਕੇਐਮ ਦੇ ਆਗੂਆਂ ਨਾਲ ਤਿੰਨ ਮਹੀਨੇ ਮੀਟਿੰਗਾਂ ਕੀਤੀਆਂ ਹਨ।
ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ 13 ਮੀਟਿੰਗਾਂ ਕੀਤੀਆਂ ਤੇ ਹਰੇਕ ਮੀਟਿੰਗ ਦਾ ਏਜੰਡਾ ‘ਦਿੱਲੀ ਕੂਚ’ ਹੀ ਰਿਹਾ ਪਰ ਐਸਕੇਐਮ ਦੇ ਆਗੂਆਂ ਨੇ ਉਨ੍ਹਾਂ ਨਾਲ ਤੁਰਨ ਦੀ ਹਾਮੀ ਨਾ ਭਰੀ। ਉਨ੍ਹਾਂ ਜਗਜੀਤ ਸਿੰਘ ਡੱਲੇਵਾਲ਼ ਅਤੇ ਹੋਰ ਕਿਸਾਨ ਆਗੂਆਂ ਨਾਲ਼ ਰਲ਼ ਕੇ ਦਿੱਲੀ ਕੂਚ ਕਰਨ ਦਾ ਇਹ ਪ੍ਰੋਗਰਾਮ ਉਲੀਕਿਆ।
ਪੰਧੇਰ ਨੇ ਦੱਸਿਆ ਕਿ ਦਿੱਲੀ ਕੂਚ ਸਬੰਧੀ ਉਨ੍ਹਾਂ ਦੀ ਜਥੇਬੰਦੀ ਨੇ ਪਿਛਲੇ ਸਾਲ 18 ਅਕਤੂਬਰ ਨੂੰ ਚੰਡੀਗੜ੍ਹ ‘ਚ ਮੀਟਿੰਗ ਰੱਖੀ ਸੀ ਜਿਸ ‘ਚ ਸਾਰਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਉਨ੍ਹਾਂ ਨੇ ਐਸਕੇਐਮ ਦੇ ਆਗੂਆਂ ਤੱਕ ਪਹੁੰਚ ਕੀਤੀ। ਉਨ੍ਹਾਂ ਜੋਗਿੰਦਰ ਸਿੰਘ ਉਗਰਾਹਾਂ, ਡਾ.ਦਰਸ਼ਨ ਪਾਲ, ਹਰਿੰਦਰ ਸਿੰਘ ਲੱਖੋਵਾਲ, ਗੁਰਨਾਮ ਸਿੰਘ ਚੜੂਨੀ ਆਦਿ ਕਿਸਾਨ ਆਗੂਆਂ ਨਾਲ਼ ਇਹ ਮੀਟਿੰਗਾਂ ਕੀਤੀਆਂ।
ਮੀਟਿੰਗਾਂ ਦੌਰਾਨ ਉਨ੍ਹਾਂ ਨੇ ਦਿੱਲੀ ਕੂਚ ਲਈ ਸਹਿਯੋਗ ਮੰਗਿਆ ਪਰ ਐਸਕੇਐਮ ਦੇ ਆਗੂਆਂ ਨੇ ਬਾਂਹ ਨਾ ਫੜਾਈ । ਜ਼ਿਕਰਯੋਗ ਹੈ ਕਿ ਪਹਿਲਾਂ ਕਿਸਾਨ ਆਗੂ ਦਿੱਲੀ ਦੀਆਂ ਬਰੂਹਾਂ ‘ਤੇ ਪੁੱਜ ਗਏ ਸਨ ਪਰ ਇਸ ਵਾਰ ਕਿਸਾਨਾਂ ਨੂੰ ਹਰਿਆਣਾ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ ਜਿਸ ਕਾਰਨ ਐਸਕੇਐਮ ਦੇ ਕਈ ਆਗੂਆਂ ਵੱਲੋਂ ਦਿੱਲੀ ਚੱਲੋ ਪ੍ਰੋਗਰਾਮ ਦੀ ਅਗਵਾਈ ਕਰ ਰਹੀ ਲੀਡਰਸ਼ਿਪ ਨੂੰ ਯੋਗ ਅਗਵਾਈ ਦੇਣ ‘ਚ ਫੇਲ੍ਹ ਦੱਸਿਆ ਜਾ ਰਿਹਾ ਹੈ। ਕੁਝ ਆਗੂਆਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਹ ਸੰਘਰਸ਼ ਐਸਕੇਐਮ ਨਾਲ ਸਲਾਹ ਕਰਕੇ ਨਹੀਂ ਵਿੱਢਿਆ ਗਿਆ। ਪੰਧੇਰ ਅਤੇ ਡੱਲੇਵਾਲ ਦਾ ਇਹ ਵੀ ਕਹਿਣਾ ਹੈ ਕਿ ਜੇ ਲੋੜ ਪਈ ਤਾਂ ਉਹ ਚੋਣ ਜ਼ਾਬਤੇ ਦੌਰਾਨ ਵੀ ਇਹ ਸੰਘਰਸ਼ ਜਾਰੀ ਰੱਖਣਗੇ।

 

RELATED ARTICLES
POPULAR POSTS