Breaking News
Home / ਪੰਜਾਬ / ਕਿੱਕੀ ਢਿੱਲੋਂ ਦੇ ਨਿਰਮਾਣ ਅਧੀਨ ਫਾਰਮ ਹਾਊਸ ‘ਤੇ ਛਾਪਾ

ਕਿੱਕੀ ਢਿੱਲੋਂ ਦੇ ਨਿਰਮਾਣ ਅਧੀਨ ਫਾਰਮ ਹਾਊਸ ‘ਤੇ ਛਾਪਾ

ਕੁਰਾਲੀ ਨੇੜਲੇ ਪਿੰਡ ਮਾਣਕਪੁਰ ਸ਼ਰੀਫ਼ ਵਿਚ ਹੈ ਕਿੱਕੀ ਢਿੱਲੋਂ ਦਾ ਫਾਰਮ ਹਾਊਸ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਮਾਮਲੇ ਵਿਚ ਸਾਬਕਾ ਮੰਤਰੀਆਂ ਤੋਂ ਬਾਅਦ ਸਾਬਕਾ ਵਿਧਾਇਕਾਂ ‘ਤੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਫਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ਦੇ ਮਾਣਕਪੁਰ ਸ਼ਰੀਫ਼ ਨੇੜਲੇ ‘ਦ ਫਾਰਮ ਵਿਲਾ’ ਉਤੇ ਮੰਗਲਵਾਰ ਨੂੰ ਛਾਪਾ ਮਾਰਿਆ। ਇਸ ਮੌਕੇ ਵਿਜੀਲੈਂਸ ਦੀ ਤਕਨੀਕੀ ਟੀਮ ਨੇ ਕਿੱਕੀ ਢਿੱਲੋ ਦੇ ਨਿਰਮਾਣ ਅਧੀਨ ਆਲੀਸ਼ਾਨ ਫਾਰਮ ਹਾਊਸ ਦੀ ਪੈਮਾਇਸ਼ ਕੀਤੀ, ਉਸ ਤੋਂ ਬਾਅਦ ਬਣ ਰਹੀ ਇਮਾਰਤ ਦਾ ਵੀ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਵਿਜੀਲੈਂਸ ਦੀ ਅੱਧਾ ਦਰਜਨ ਤੋਂ ਵੱਧ ਮੈਂਬਰਾਂ ਦੀ ਟੀਮ ਦੁਪਹਿਰ ਸਮੇਂ ਸਾਬਕਾ ਕਾਂਗਰਸੀ ਵਿਧਾਇਕ ਦੇ ਨਿਊ ਚੰਡੀਗੜ੍ਹ ਸਥਿਤ ਫਾਰਮ ਹਾਊਸ ‘ਤੇ ਪੁੱਜੀ ਜਿਥੇ ਟੀਮ ਨੇ ਕਈ ਘੰਟੇ ਜਾਂਚ ਕੀਤੀ। ਵਿਜੀਲੈਂਸ ਨੇ ਇਸ ਫਾਰਮ ਹਾਊਸ ਦੇ ਕਾਗਜ਼ ਪੱਤਰ ਵੀ ਜਾਂਚੇ। ਵਿਜੀਲੈਂਸ ਦਾ ਮੰਨਣਾ ਹੈ ਕਿ ਕਿੱਕੀ ਢਿੱਲੋਂ ਵੱਲੋਂ ਫਾਰਮ ਹਾਊਸ ਬਣਾਉਣ ਲਈ ਕਾਫੀ ਮਹਿੰਗੇ ਸਾਮਾਨ ਦੀ ਵਰਤੋਂ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਵਿਜੀਲੈਂਸ ਨੇ ਕੁਝ ਦਿਨ ਪਹਿਲਾਂ ਕਿੱਕੀ ਢਿੱਲੋਂ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਸਬੰਧੀ ਨੋਟਿਸ ਜਾਰੀ ਕੀਤਾ ਸੀ। ਨੋਟਿਸ ਬਾਅਦ ਕਿੱਕੀ ਢਿੱਲੋਂ ਨੇ ਵਿਜੀਲੈਂਸ ਦਫ਼ਤਰ ਜਾ ਕੇ ਸਵਾਲਾਂ ਦੇ ਜਵਾਬ ਦਿੱਤੇ ਸਨ। ਜ਼ਿਕਰਯੋਗ ਹੈ ਕਿ ‘ਆਪ’ ਨੇ ਭ੍ਰਿਸ਼ਟਾਚਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਐਲਾਨ ਕੀਤਾ ਸੀ। ਇਸੇ ਦੇ ਚਲਦਿਆਂ ‘ਆਪ’ ਦੇ 11 ਮਹੀਨੇ ਦੇ ਕਾਰਜਕਾਲ ਦੌਰਾਨ ਕਈ ਸਾਬਕਾ ਮੰਤਰੀਆਂ ਖ਼ਿਲਾਫ਼ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਵੱਲੋਂ ਆਉਂਦੇ ਦਿਨਾਂ ਵਿੱਚ ਕਈ ਹੋਰ ਵਿਧਾਇਕਾਂ ‘ਤੇ ਵੀ ਹੱਥ ਪਾਇਆ ਜਾ ਸਕਦਾ ਹੈ।

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …