ਕਿਹਾ : ਰੈਗੂਲਰ ਦੀ ਬਜਾਏ ਡੇਲੀ ਵੇਜ਼ ’ਤੇ ਹੋਵੇਗੀ ਡਾਕਟਰਾਂ ਅਤੇ ਹੋਰ ਸਟਾਫ ਦੀ ਨਿਯੁਕਤੀ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਪੰਜਾਬ ਸਰਕਾਰ ਰੈਗੂਲਰ ਨੌਕਰੀਆਂ ਦੇ ਰਹੀ ਹੈ। ਨਾਲ ਹੀ ਅਗਲੇ 4 ਸਾਲਾਂ ਵਿਚ ਹੋਰ ਰੈਗੂਲਰ ਨੌਕਰੀਆਂ ਦੇਣ ਦੇ ਦਾਅਵੇ ਵੀ ਕਰ ਰਹੀ ਹੈ। ਇਸਦੇ ਚੱਲਦਿਆਂ ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਇਸ ਦਾਅਵੇ ਨੂੰ ਲੈ ਕੇ ਤਨਜ਼ ਕਸਿਆ ਹੈ। ਖਹਿਰਾ ਨੇ ਇਸ ਸਬੰਧ ਵਿਚ ਟਵੀਟ ਕਰਕੇ ਉਸ ਇਸ਼ਤਿਹਾਰ ਨੂੰੂ ਦਿਖਾਇਆ ਹੈ, ਜਿਸ ਵਿਚ ਪੰਜਾਬ ਸਰਕਾਰ ਵਲੋਂ ਰੈਗੂਲਰ ਨੌਕਰੀ ਦੀ ਬਜਾਏ ਡਾਕਟਰਾਂ ਸਣੇ ਹੋਰ ਮੈਡੀਕਲ ਸਟਾਫ ਨੂੰ ਡੇਲੀ ਵੇਜ਼ ’ਤੇ ਰੱਖੇ ਜਾਣ ਦੀ ਗੱਲ ਕਹੀ ਗਈ ਹੈ। ਕਾਂਗਰਸੀ ਵਿਧਾਇਕ ਖਹਿਰਾ ਨੇ ਕਿਹਾ ਕਿ ਇਹ ਕੀ ਬਦਲਾਅ ਹੈ। ਦਰਅਸਲ ਪੰਜਾਬ ਸਰਕਾਰ ਨੇ ਮੈਡੀਕਲ ਅਫਸਰ, ਫਾਰਮਾਸਿਸਟ ਅਤੇ ਕਲੀਨੀਕਲ ਅਸਿਸਟੈਂਟ ਦੇ ਅਹੁਦਿਆਂ ’ਤੇ ਡੇਲੀ ਵੇਜ਼ ’ਤੇ ਨਿਯੁਕਤੀ ਕਰਨ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਹੈ। ਇਹੀ ਕਾਰਨ ਹੈ ਕਿ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਰੈਗੂਲਰ ਨੌਕਰੀਆਂ ਦੇ ਦਾਅਵੇ ’ਤੇ ਸਵਾਲ ਖੜ੍ਹਾ ਕੀਤਾ ਹੈ।