ਭਾਰਤ-ਪਾਕਿ ਵਲੋਂ ਆਪਸੀ ਲਿਖਤੀ ਸਮਝੌਤੇ ਦੀ ਕਾਰਵਾਈ ਸ਼ੁਰੂ
ਭਾਰਤੀ ਸ਼ਰਧਾਲੂ ਸਾਲ ‘ਚ ਸਿਰਫ ਇਕ ਵਾਰ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਕਰ ਸਕਣਗੇ ਦਰਸ਼ਨ
ਪਾਕਿਸਤਾਨ ਨੇ 14 ਸ਼ਰਤਾਂ ਤੇ ਨਿਯਮਾਂ ਦਾ ਮਤਾ ਭਾਰਤਸਰਕਾਰ ਨੂੰ ਭੇਜਿਆ
ਅੰਮ੍ਰਿਤਸਰ : ਸ੍ਰੀ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝੇ ਲਾਂਘੇ ਲਈ ਦੋਵੇਂ ਪਾਸੇ ਦੀਆਂ ਸਰਕਾਰਾਂ ਵਲੋਂ ਆਪਸ ਵਿਚ ‘ਮੈਮੋਰੰਡਮ ਆਫ਼ ਅੰਡਰਸਟੈਡਿੰਗ’ ਭਾਵ ਆਪਸੀ ਲਿਖਤੀ ਸਮਝੌਤੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਦੇ ਚਲਦਿਆਂ ਪਾਕਿਸਤਾਨ ਵਲੋਂ 14 ਸ਼ਰਤਾਂ ਤੇ ਨਿਯਮਾਂ ਦਾ ਪ੍ਰਸਤਾਵ ਭਾਰਤ ਸਰਕਾਰ ਨੂੰ ਭੇਜਿਆ ਗਿਆ ਹੈ। ਇਸ ਪ੍ਰਸਤਾਵ ‘ਚ ਦਰਜ ਸ਼ਰਤਾਂ ਮੁਤਾਬਿਕ ਕਰਤਾਰਪੁਰ ਲਾਂਘੇ ਦੀ ਮਾਰਫ਼ਤ ਭਾਰਤੀ ਸ਼ਰਧਾਲੂ ਬਿਨਾ ਵੀਜ਼ਾ ਪਰਮਿਟ ਰਾਹੀਂ ਇਹ ਯਾਤਰਾ ਕਰ ਸਕਣਗੇ।
ਦੋਵਾਂ ਦੇਸ਼ਾਂ ਨੂੰ ਆਪਣੇ-ਆਪਣੇ ਪਾਸੇ ਜਾਂਚ ਤੇ ਸੁਰੱਖਿਆ ਚੌਕੀਆਂ, ਸੜਕਾਂ, ਇਮੀਗ੍ਰੇਸ਼ਨ ਦਫ਼ਤਰ ਤੇ ਹੋਰ ਬੁਨਿਆਦੀ ਢਾਂਚੇ ਕਾਇਮ ਕਰਨੇ ਹੋਣਗੇ। ਸ਼ਰਧਾਲੂਆਂ ਦੀ ਗਿਣਤੀ ਤੇ ਉਨ੍ਹਾਂ ਸਬੰਧੀ ਹੋਰ ਜਾਣਕਾਰੀ ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇਗਾ। ਇਸ ਦੇ ਨਾਲ-ਨਾਲ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਆਉਣ ਵਾਲੇ ਭਾਰਤੀ ਸ਼ਰਧਾਲੂ ਨੂੰ ਚਾਰ ਪ੍ਰਮੁੱਖ ਸ਼ਰਤਾਂ ਦਾ ਪਾਲਣ ਕਰਨਾ ਹੋਵੇਗਾ, ਜਿਸ ਅਧੀਨ ਸ਼ਰਧਾਲੂ ਘੱਟੋ-ਘੱਟ 15 ਮੈਂਬਰਾਂ ਦੇ ਸਮੂਹ ਵਿਚ ਆਉਣਗੇ, ਹਰ ਇਕ ਦੇ ਕੋਲ ਭਾਰਤੀ ਪਾਸਪੋਰਟ ਤੇ ਸਕਿਉਰਿਟੀ ਕਲੀਅਰੈਂਸ ਸਰਟੀਫ਼ਿਕੇਟ ਹੋਣਾ ਲਾਜ਼ਮੀ ਰਹੇਗਾ, ਯਾਤਰਾ ‘ਤੇ ਆਉਣ ਤੋਂ ਘੱਟੋ-ਘੱਟ ਤਿੰਨ ਦਿਨ ਪਹਿਲਾਂ ਸੂਚਨਾ ਦੇਣੀ ਹੋਵੇਗੀ ਅਤੇ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਚ ਆਉਣ ‘ਤੇ ਉੱਥੋਂ ਬਾਹਰ ਨਹੀਂ ਜਾ ਸਕਣਗੇ।
ਯਾਤਰੂ ਉੱਥੇ ਰਾਤ ਨਹੀਂ ਰੁਕ ਸਕਣਗੇ ਅਤੇ ਨਿਰਧਾਰਤ ਕੀਤੇ ਸਮੇਂ ਦੇ ਅੰਦਰ ਉਨ੍ਹਾਂ ਨੂੰ ਵਾਪਸ ਪਰਤਣਾ ਹੋਵੇਗਾ। ਉਕਤ ਦੇ ਇਲਾਵਾ ਲਾਂਘੇ ਦੀ ਮਾਰਫ਼ਤ ਰੋਜ਼ਾਨਾ 500 ਸ਼ਰਧਾਲੂ ਹੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਵਿਚ ਪਹੁੰਚ ਸਕਣਗੇ ਤੇ ਉਨ੍ਹਾਂ ਨੂੰ ਰੋਜ਼ਾਨਾ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ 9 ਘੰਟੇ ਲਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਮਨਜ਼ੂਰੀ ਹੋਵੇਗੀ। ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸ਼ਰਧਾਲੂਆਂ ਨੂੰ ਆਉਣ ਤੋਂ ਇਨਕਾਰ ਕਰਨ ਜਾਂ ਯਾਤਰਾ ਲਈ ਦਿੱਤਾ ਸਮਾਂ ਘੱਟ ਕਰਨ ਦਾ ਪਾਕਿਸਤਾਨ ਸਰਕਾਰ ਨੂੰ ਪੂਰਾ ਹੱਕ ਹੋਵੇਗਾ। ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਇਹ ਸਮਝਾਉਣਾ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਸ਼ਰਧਾਲੂ ਪਾਕਿਸਤਾਨ ਆਉਣ ‘ਤੇ ਕਿਸੇ ਪ੍ਰਕਾਰ ਦਾ ਕੋਈ ਨਿਯਮ ਭੰਗ ਨਾ ਕਰਨ। ਇਸ ਲਾਂਘੇ ਨੂੰ ਲੈ ਕੇ ਜੇਕਰ ਭਵਿੱਖ ਵਿਚ ਕੋਈ ਵਿਵਾਦ ਉੱਠਦਾ ਹੈ ਤਾਂ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਾਂਝੇ ਤੌਰ ‘ਤੇ ਉਸ ਨੂੰ ਹੱਲ ਕਰਨ ਦੇ ਉਪਰਾਲੇ ਕਰਨਗੇ। ਪਾਕਿਸਤਾਨ ਸਰਕਾਰ ਨੇ ਇਹ ਵੀ ਸ਼ਰਤ ਰੱਖੀ ਹੈ ਕਿ ਉਕਤ ਸਮਝੌਤੇ ਦਾ ਕੋਈ ਵੀ ਅਸਰ ਭਾਰਤ-ਪਾਕਿਸਤਾਨ ਵਿਚਾਲੇ ਹੋਏ ਪੁਰਾਣੇ ਦੁਵੱਲੇ ਸਮਝੌਤਿਆਂ ‘ਤੇ ਨਹੀਂ ਪਵੇਗਾ ਅਤੇ ਭਵਿੱਖ ਵਿਚ ਜਦੋਂ ਵੀ ਦੋਵੇਂ ਦੇਸ਼ਾਂ ਵਿਚੋਂ ਕਿਸੇ ਨੇ ਵੀ ਸ੍ਰੀ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਲਾਂਘੇ ਨੂੰ ਲੈ ਕੇ ਕੀਤਾ ਸਮਝੌਤਾ ਤੋੜਨਾ ਹੋਵੇ ਤਾਂ ਉਹ ਦੂਜੇ ਦੇਸ਼ ਨੂੰ ਘੱਟੋ-ਘੱਟ ਇਕ ਮਹੀਨਾ ਪਹਿਲਾਂ ਲਿਖਤੀ ਨੋਟਿਸ ਦੇਵੇਗਾ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਰਤ ਸਰਕਾਰ ਵਲੋਂ ਇਸ ਲਾਂਘੇ ਲਈ ਜੋ ਸ਼ਰਤਾਂ ਰੱਖੀਆਂ ਗਈਆਂ, ਉਨ੍ਹਾਂ ਅਨੁਸਾਰ ਕੋਈ ਵੀ ਭਾਰਤੀ ਸ਼ਰਧਾਲੂ ਸਾਲ ਵਿਚ ਸਿਰਫ਼ ਇਕ ਵਾਰ ਹੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨਾਂ ਲਈ ਜਾ ਸਕੇਗਾ। ਯਾਤਰਾ ਦਾ ਕੋਈ ਖ਼ਰਚ ਨਹੀਂ ਲਿਆ ਜਾਵੇਗਾ। ਯਾਤਰਾ ‘ਤੇ ਜਾਣ ਦੇ ਇਛੁਕ ਆਨ-ਲਾਈਨ ਰਜਿਸਟਰੇਸ਼ਨ ਕਰਨਗੇ ਅਤੇ ਉਪਰੰਤ ਉਨ੍ਹਾਂ ਲਈ ਪੁਲਿਸ ਜਾਂਚ ਜ਼ਰੂਰੀ ਹੋਵੇਗੀ। ਇਸ ਯਾਤਰਾ ਦਾ ਲਾਭ ਪਰਵਾਸੀ (ਐਨ. ਆਰ. ਆਈ.) ਭਾਰਤੀ ਨਹੀਂ ਲੈ ਸਕਣਗੇ ਅਤੇ ਇਮੀਗ੍ਰੇਸ਼ਨ ਸਬੰਧੀ ਕਾਰਵਾਈ ਤੇ ਬਾਇਓਮੀਟ੍ਰਿਕ ਮਸ਼ੀਨਾਂ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਹੀ ਸ਼ਰਧਾਲੂ ਪਾਕਿਸਤਾਨ ਜਾ ਸਕਣਗੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੌਮਾਂਤਰੀ ਸਰਹੱਦ ਵਿਖੇ ਭਾਰਤ ਸਰਕਾਰ ਵਲੋਂ ਉਸਾਰੇ ਜਾਣ ਵਾਲੇ ਟਰਮੀਨਲ ਤੋਂ ਪਾਕਿਸਤਾਨ ਟਰਾਂਸਪੋਰਟ ਦੀਆਂ ਵਿਸ਼ੇਸ਼ ਬੱਸਾਂ ਰਾਹੀਂ ਸ਼ਰਧਾਲੂਆਂ ਨੂੰ ਪਾਕਿਸਤਾਨ ਇਮੀਗ੍ਰੇਸ਼ਨ ਦਫ਼ਤਰ ਤੱਕ ਪਹੁੰਚਾਇਆ ਜਾਵੇਗਾ। ਇਮੀਗ੍ਰੇਸ਼ਨ ਹਾਲ ਵਿਚ ਸ਼ਰਧਾਲੂਆਂ ਦੇ ਪਾਸਪੋਰਟ ਅਤੇ ਹੋਰ ਸਬੰਧਤ ਦਸਤਾਵੇਜ਼ਾਂ ਦੀ ਸ਼ਨਾਖ਼ਤ ਲਈ 12 ਕਾਉਂਟਰ ਸਥਾਪਿਤ ਕੀਤੇ ਜਾ ਰਹੇ ਹਨ। ਇਮੀਗ੍ਰੇਸ਼ਨ ਸਬੰਧੀ ਕਾਰਵਾਈ ਪੂਰੀ ਹੋਣ ‘ਤੇ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਚ ਪ੍ਰਵੇਸ਼ ਕਰਨਗੇ ਅਤੇ ਦਿੱਤੇ ਸਮੇਂ ਦੌਰਾਨ ਉਹ ਗੁਰਦੁਆਰਾ ਸਾਹਿਬ ‘ਚ ਬਿਨਾ ਕਿਸੇ ਰੁਕਾਵਟ ਦੇ ਦਰਸ਼ਨ ਕਰ ਸਕਣਗੇ।
ਕਰਤਾਰਪੁਰ ਲਾਂਘਾ ਭਾਰਤ ਨਾਲ ਗੱਲਬਾਤ ਦਾ ਸਭ ਤੋਂ ਵੱਡਾ ਜ਼ਰੀਆ : ਮੁਹੰਮਦ ਫੈਜ਼ਲ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਇਮਰਾਨ ਸਰਕਾਰ ਲਈ ‘ਕਰਤਾਰਪੁਰ ਲਾਂਘਾ’ ਭਾਰਤ ਨਾਲ ਗੱਲਬਾਤ ਦਾ ਸਭ ਤੋਂ ਵੱਡਾ ਜ਼ਰੀਆ ਹੈ, ਪਰ ਹਾਲੇ ਤੱਕ ਇਹ ਲਾਹੇਵੰਦ ਸਾਬਿਤ ਨਹੀਂ ਹੋ ਸਕਿਆ। ਫੈਜ਼ਲ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਨਵੀਂ ਸਰਕਾਰ ਲਈ ਰਣਨੀਤੀ ਦਾ ਅਹਿਮ ਬਿੰਦੂ ਹੈ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਨੇ ਸਤੰਬਰ ਵਿਚ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਦੋਵਾਂ ਮੁਲਕਾਂ ਨੂੰ ਅੱਗੇ ਵਧਣ ਲਈ ਰੂਪ ਰੇਖਾ ਦਿੱਤੀ ਸੀ, ਪਰ ਭਾਰਤ ਨੇ ਇਸ ਸਬੰਧੀ ਪ੍ਰਤੀਕਿਰਿਆ ਨਹੀਂ ਦਿੱਤੀ। ਫੈਜ਼ਲ ਨੇ ਇਹ ਵੀ ਕਿਹਾ ਕਿ ਭਾਰਤ ਵਲੋਂ ਗੱਲਬਾਤ ਸ਼ੁਰੂ ਕਰਨ ਤੋਂ ਇਨਕਾਰ ਕਰਨ ਦੇ ਬਾਵਜੂਦ, ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਹਾਮੀ ਭਰੀ ਤੇ ਉਸਦਾ ਨੀਂਹ ਪੱਥਰ ਵੀ ਰੱਖਿਆ।ઠਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਕਰਤਾਰਪੁਰ ਵਿਖੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਾਂ। ਧਿਆਨ ਰਹੇ ਕਿ ਭਾਰਤ ਵਾਲੇ ਪਾਸੇ ਕਰਤਾਰਪੁਰ ਲਾਂਘੇ ਲਈ ਕੋਈ ਜ਼ਿਆਦਾ ਸਰਗਰਮੀ ਨਾਲ ਕੰਮ ਨਹੀਂ ਹੋ ਰਿਹਾ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …