ਓਟਵਾ : ਕੈਨੇਡਾ ਦੇ ਉਨਟਾਰੀਓ ਸੂਬੇ ਵਿਚ ਬੇਕਾਬੂ ਕਾਰ ਦੇ ਹਾਦਸਾਗ੍ਰਸਤ ਹੋਣ ਕਰਕੇ ਇਸ ਵਿਚ ਸਵਾਰ ਚਾਰ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ, ਜਦੋਂਕਿ 25 ਸਾਲਾ ਮਹਿਲਾ ਜ਼ਖ਼ਮੀ ਹੋ ਗਈ। ਪੁਲਿਸ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਟੈਸਲਾ ਕਾਰ ਵਿਚ 25 ਤੋਂ 32 ਸਾਲ ਉਮਰ ਦੇ ਪੰਜ ਵਿਅਕਤੀ ਸਵਾਰ ਸਨ। ਪੁਲਿਸ ਮੁਤਾਬਕ ਕਾਰ ਤੇਜ਼ ਰਫ਼ਤਾਰ ਸੀ, ਜਿਸ ਕਰਕੇ ਇਹ ਬੇਕਾਬੂ ਹੋ ਕੇ ਪਹਿਲਾਂ ਸੜਕ ‘ਤੇ ਲੱਗੀਆਂ ਰੋਕਾਂ ਤੇ ਮਗਰੋਂ ਇਕ ਸੀਮਿੰਟ ਦੇ ਖੰਭੇ ਨਾਲ ਟਕਰਾਅ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਨੂੰ ਅੱਗ ਲੱਗ ਗਈ। ਕਾਰ ਸਵਾਰਾਂ ਵਿਚੋਂ ਚਾਰ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਜ਼ਖ਼ਮੀ ਮਹਿਲਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਟੋਰਾਂਟੋ ‘ਚ ਭਾਰਤ ਕੌਂਸਲਖਾਨੇ ਨੇ ਕਾਰ ਹਾਦਸੇ ‘ਚ ਭਾਰਤੀ ਨਾਗਰਿਕਾਂ ਦੀ ਮੌਤ ‘ਤੇ ਸੰਵੇਦਨਾਵਾਂ ਜ਼ਾਹਿਰ ਕੀਤੀਆਂ ਹਨ।